ਜ਼ਿਲ੍ਹਾ ਗੁਰਦਾਸਪੁਰ ਬਲਾਕ ਕਲਾਨੌਰ ’ਚ ਰੋਜ਼ਗਾਰ ਮੇਲੇ ਦੀ ਤਿਆਰੀ ਨੂੰ ਲੈ ਕੇ ਬੈਠਕ
ਰੋਹਿਤ ਗੁਪਤਾ
ਗੁਰਦਾਸਪੁਰ, 25 ਫ਼ਰਵਰੀ 2025: ਜਿਲ੍ਹਾ ਪ੍ਰਸ਼ਾਸਨ, ਗੁਰਦਾਸਪੁਰ ਵਿੱਚ ਅੱਜ ਏ.ਡੀ.ਸੀ. (ਜਰਨਲ) ਦੀ ਅਗਵਾਈ ਵਿੱਚ ਇੱਕ ਮਹੱਤਵਪੂਰਨ ਬੈਠਕ ਆਯੋਜਿਤ ਕੀਤੀ ਗਈ। ਇਸ ਬੈਠਕ ਵਿੱਚ ਬਲਾਕ ਕਲਾਨੌਰ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਰੋਜ਼ਗਾਰ ਮੇਲੇ ਦੀ ਯੋਜਨਾ ਤੇ ਚਰਚਾ ਕੀਤੀ ਗਈ।
ਬੈਠਕ ਵਿੱਚ ਉਪ ਮੰਡਲ ਮੈਜਿਸਟ੍ਰੇਟ (ਐਸ.ਡੀ.ਐਮ.) ਕਲਾਨੌਰ ਅਤੇ ਡੇਰਾ ਬਾਬਾ ਨਾਨਕ, ਜ਼ਿਲ੍ਹਾ ਰੋਜ਼ਗਾਰ ਅਫਸਰ, ਜਿਲ੍ਹਾ ਗਾਈਡੈਂਸ ਕਾਉਂਸਲਰ, ਬੀ.ਡੀ.ਪੀ.ਓ., ਐਸਪੀਰੇਸਨਲ ਬਲਾਕ ਫੈਲੋ, ਆਈ.ਟੀ.ਆਈ., ਸਰਕਾਰੀ ਕਾਲਜਾਂ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ, ਅਧਿਕਾਰੀਆਂ ਨੇ ਆਉਣ ਵਾਲੇ ਰੋਜ਼ਗਾਰ ਮੇਲੇ ਦੀ ਮਹੱਤਤਾ ਅਤੇ ਉਨ੍ਹਾਂ ਦੀ ਯੋਜਨਾ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਆਗਾਮੀ ਰੋਜ਼ਗਾਰ ਮੇਲੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਯੁਵਕਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਜ਼ੋਰ ਦਿੱਤਾ, ਤਾਂ ਜੋ ਵੱਧ ਤੋਂ ਵੱਧ ਉਮੀਦਵਾਰ ਨੌਕਰੀਆਂ ਅਤੇ ਰੋਜ਼ਗਾਰ ਦੇ ਮੌਕਿਆਂ ਦਾ ਲਾਭ ਲੈ ਸਕਣ।
ਬੈਠਕ ਵਿੱਚ ਮੇਲੇ ਦੇ ਮੋਬਿਲਾਈਜ਼ੇਸ਼ਨ ਅਤੇ ਯੁਵਕਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਵੱਖ-ਵੱਖ ਤਰੀਕਿਆਂ ਤੇ ਵਿਚਾਰ ਕੀਤੇ ਗਏ। ਅਧਿਕਾਰੀਆਂ ਨੇ ਸਕੂਲ ਅਤੇ ਕਾਲਜ ਪ੍ਰਬੰਧਨਾਂ ਨੂੰ ਨਿਰਦੇਸ਼ ਦਿੱਤੇ ਕਿ ਉਮੀਦਵਾਰਾਂ ਨੂੰ ਰੋਜ਼ਗਾਰ ਮੇਲੇ ਦੀ ਜਾਣਕਾਰੀ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਵੇ।
*ਇਹ ਰੋਜ਼ਗਾਰ ਮੇਲਾ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ*
ਇਸ ਮੈਲੇ ਦੌਰਾਨ ਵੱਖ-ਵੱਖ ਕੰਪਨੀਆਂ ਅਤੇ ਉਦਯੋਗਿਕ ਇਕਾਈਆਂ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਿਖਲਾਈ ਦੇ ਮੌਕੇ ਪ੍ਰਦਾਨ ਕਰਨਗੀਆਂ। ਇਸ ਲਈ, ਜ਼ਿਲ੍ਹਾ ਪ੍ਰਸ਼ਾਸਨ ਨੇ ਯੁਵਕਾਂ ਨੂੰ ਮੇਲੇ ਵਿੱਚ ਵੱਧ ਤੋਂ ਵੱਧ ਸੰਖਿਆ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।