ਚੰਡੀਗੜ੍ਹ ਯੂਨੀਵਰਸਿਟੀ ਨੇ ਮੁੜ ਵਸੇਬੇ ਪ੍ਰੋਗਰਾਮ 'ਉਡਾਣ' ਦੀ ਕੀਤੀ ਸ਼ੁਰੂਆਤ; ਅਮਰੀਕਾ ਤੋਂ ਵਾਪਸ ਆਏ ਭਾਰਤੀ ਨੌਜਵਾਨਾਂ ਦੀ ਮਦਦ ਕਰਨ ਵਾਲੀ ਬਣੀ ਪਹਿਲੀ ਭਾਰਤੀ ਯੂਨੀਵਰਸਿਟੀ (ਵੀਡੀਓ ਵੀ ਦੇਖੋ)
ਹਰਜਿੰਦਰ ਸਿੰਘ ਭੱਟੀ
- 'ਉਡਾਣ' ਰਾਹੀਂ ਅਮਰੀਕਾ ਤੋਂ ਵਾਪਸ ਆਏ ਭਾਰਤੀ ਨੌਜਵਾਨਾਂ ਨੂੰ ਮੁਫ਼ਤ ਹੁਨਰ ਸਿਖਲਾਈ, ਸਿੱਖਿਆ, ਕਰੀਅਰ ਮੈਪਿੰਗ, ਰੁਜ਼ਗਾਰ ਸਣੇ ਉੱਦਮਤਾ 'ਚ ਮਿਲੇਗੀ ਮਦਦ
- ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅਮਰੀਕਾ ਤੋਂ ਵਾਪਸ ਆਏ ਭਾਰਤੀ ਨੌਜਵਾਨਾਂ ਨੂੰ ਹੁਨਰ ਸਿਖਲਾਈ, ਸਿੱਖਿਆ, ਰੁਜ਼ਗਾਰ ਸਣੇ ਉੱਦਮਤਾ ਨਾਲ ਆਪਣੇ ਭਵਿੱਖ ਨੂੰ ਮੁੜ ਬਣਾਉਣ 'ਚ ਮਦਦ ਕਰਨ ਲਈ 'ਉਡਾਣ' ਹੈਲਪਲਾਈਨ ਅਤੇ ਪੋਰਟਲ ਦੀ ਕੀਤੀ ਸ਼ੁਰੂਆਤ
ਚੰਡੀਗੜ੍ਹ, 25 ਫਰਵਰੀ 2025 - ਚੰਡੀਗੜ੍ਹ ਯੂਨੀਵਰਸਿਟੀ ਅਮਰੀਕਾ ਤੋਂ ਭਾਰਤ ਭੇਜੇ ਗਏ ਭਾਰਤੀ ਨੌਜਵਾਨਾਂ ਦੀ ਮਦਦ ਲਈ ਅੱਗੇ ਆਉਣ ਵਾਲੀ ਪਹਿਲੀ ਭਾਰਤੀ ਯੂਨੀਵਰਸਿਟੀ ਬਣ ਗਈ ਹੈ। ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਸਥਾਨਕ ਉਦਯੋਗਾਂ 'ਚ ਅਜਿਹੇ ਨੌਜਵਾਨਾਂ ਨੂੰ ਮੁਫਤ ਕਾਉਂਸਲਿੰਗ, ਕਰੀਅਰ ਮੈਪਿੰਗ, ਉਚੇਰੀ ਸਿੱਖਿਆ ਦੇ ਮੌਕੇ, ਹੁਨਰ ਵਿਕਾਸ ਅਤੇ ਮੁੜ ਹੁਨਰਮੰਦੀ ਕੋਰਸ ਸਣੇ ਢੁਕਵੇਂ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਮੁੜ ਵਸੇਬੇ ਪ੍ਰੋਗਰਾਮ 'ਉਡਾਣ' ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/651987927271710
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਰਾਜ ਸਭਾ ਮੈਂਬਰ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਅਮਰੀਕਾ ਤੋਂ ਵਾਪਸ ਭੇਜੇ ਗਏ ਨੌਜਵਾਨਾਂ ਨੂੰ ਹਰ ਲੋੜੀਂਦੀ ਮਦਦ ਦੇਣ ਲਈ ਇੱਕ ਹੈਲਪਲਾਈਨ ਨੰਬਰ (+91 98759 70027) ਅਤੇ ਵੈੱਬਸਾਈਟ www.cuchd.in/udaan-25/ ਸ਼ੁਰੂ ਕੀਤੀ ਹੈ। ਸੰਧੂ ਨੇ ਕਿਹਾ, "ਵਾਪਸ ਪਰਤੇ ਨੌਜਵਾਨ ਇਸ ਮੁੜ ਵਸੇਬੇ ਪ੍ਰੋਗਰਾਮ 'ਉਡਾਣ' ਲਈ ਸਮਰਪਿਤ ਵੈੱਬਸਾਈਟ ਰਾਹੀਂ ਅਤੇ ਹੈਲਪਲਾਈਨ ਨੰਬਰ 'ਤੇ ਰਜਿਸਟ੍ਰੇਸ਼ਨ ਦੀ ਮਦਦ ਨਾਲ ਚੰਡੀਗੜ੍ਹ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹਨ। ਇਸ ਤਹਿਤ, ਅਸੀਂ ਵਾਪਸ ਪਰਤੇ ਨੌਜਵਾਨਾਂ ਨੂੰ ਇਸ ਸਦਮੇ ਤੋਂ ਬਾਹਰ ਆਉਣ ਅਤੇ ਭਵਿੱਖ ਲਈ ਉਨ੍ਹਾਂ ਦੀਆਂ ਕਰੀਅਰ ਦੀਆਂ ਇੱਛਾਵਾਂ ਨੂੰ ਸਮਝਣ 'ਚ ਮਦਦ ਕਰਨ ਲਈ ਸਲਾਹ ਦੇਵਾਂਗੇ ਅਤੇ ਉਨ੍ਹਾਂ ਦੇ ਹੁਨਰ ਦੇ ਪੱਧਰਾਂ ਦਾ ਮੁਲਾਂਕਣ ਕਰਨ ਲਈ ਮੈਪਿੰਗ ਵੀ ਕੀਤੀ ਜਾਵੇਗੀ ਤਾਂ ਜੋ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਹੁਨਰ ਅਤੇ ਮੁੜ ਵਸੇਬੇ ਲਈ ਮੁਫ਼ਤ ਕੋਰਸ ਪ੍ਰਦਾਨ ਕਰ ਸਕੀਏ ਜੋ ਉਨ੍ਹਾਂ ਦੀ ਰੁਜ਼ਗਾਰਯੋਗਤਾ ਨੂੰ ਵਧਾਏਗਾ। ਜੇਕਰ ਇਹ ਨੌਜਵਾਨ ਉਚੇਰੀ ਸਿੱਖਿਆ ਲੈਣਾ ਚਾਹੁੰਦੇ ਹਨ, ਤਾਂ ਚੰਡੀਗੜ੍ਹ ਯੂਨੀਵਰਸਿਟੀ ਸਾਡੇ ਕੈਂਪਸ 'ਚ ਇਹ ਵੀ ਮੁਫ਼ਤ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ, ਅਸੀਂ ਇਨ੍ਹਾਂ ਨੌਜਵਾਨਾਂ ਨੂੰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਉਦਯੋਗ 'ਚ ਢੁਕਵੇਂ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਲਈ ਵੀ ਕੰਮ ਕਰਾਂਗੇ।
ਉਨ੍ਹਾਂ ਕਿਹਾ ਕਿ ਪਹਿਲੇ ਪੜਾਅ 'ਚ, ਚੰਡੀਗੜ੍ਹ ਯੂਨੀਵਰਸਿਟੀ ਦੇ ਮੁੜ ਵਸੇਬੇ ਪ੍ਰੋਗਰਾਮ 'ਚ ਪੰਜਾਬ 'ਚ ਵਾਪਸ ਆਏ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਕਿਉਂਕਿ ਅਮਰੀਕਾ ਤੋਂ ਭਾਰਤ ਵਾਪਸ ਭੇਜੇ ਗਏ ਪ੍ਰਵਾਸੀਆਂ ਦਾ ਇਹ ਸਭ ਤੋਂ ਵੱਡਾ ਹਿੱਸਾ ਬਣਦੇ ਹਨ। ਅਮਰੀਕੀ ਫੌਜੀ ਜਹਾਜ਼ਾਂ 'ਚ ਵਾਪਸ ਭੇਜੇ ਗਏ 333 ਲੋਕਾਂ 'ਚੋਂ ਪੰਜਾਬ ਦੇ ਕੁੱਲ 126 (37.8 ਪ੍ਰਤੀਸ਼ਤ) ਨਿਵਾਸੀ ਹਨ। ਇਸ ਤੋਂ ਬਾਅਦ ਗੁਆਂਢੀ ਸੂਬੇ ਹਰਿਆਣਾ ਤੋਂ 110 ਅਤੇ ਗੁਜਰਾਤ ਸੂਬੇ ਤੋਂ 74 ਹਨ। ਬਾਕੀ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਰਾਜਸਥਾਨ, ਚੰਡੀਗੜ੍ਹ, ਗੋਆ ਅਤੇ ਉੱਤਰਾਖੰਡ ਤੇ ਜੰਮੂ-ਕਸ਼ਮੀਰ ਤੋਂ ਇੱਕ-ਇੱਕ ਵਿਅਕਤੀ ਸੀ।
ਸੰਧੂ ਨੇ ਕਿਹਾ, "ਇਹਨਾਂ 'ਚੋਂ ਬਹੁਤ ਸਾਰੇ ਨੌਜਵਾਨਾਂ ਨੂੰ ਹਾਲ ਹੀ 'ਚ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਹੈ, ਜਿਨ੍ਹਾਂ ਨੇ ਆਪਣੇ ਘਰ ਇੱਕ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਛੱਡੇ ਸਨ ਪਰ ਇਮੀਗ੍ਰੇਸ਼ਨ ਚੁਣੌਤੀਆਂ ਕਾਰਨ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ। ਇਹ ਨੌਜਵਾਨ ਟੁੱਟੀਆਂ ਉਮੀਦਾਂ, ਵਿੱਤੀ ਪ੍ਰੇਸ਼ਾਨੀ ਅਤੇ ਮਾਨਸਿਕ ਸਦਮੇ ਨਾਲ ਭਾਰਤ ਵਾਪਸ ਆਏ ਹਨ। ਬਹੁਤ ਸਾਰੇ ਵਾਪਸ ਪਰਤੇ ਲੋਕਾਂ ਦੇ ਪਰਿਵਾਰ ਹੁਣ ਡੂੰਘੀ ਵਿੱਤੀ ਮੁਸੀਬਤ 'ਚ ਹਨ, ਕਿਉਂਕਿ ਉਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਵਿਦੇਸ਼ ਭੇਜਣ ਲਈ ਵੱਡੀ ਰਕਮ ਉਧਾਰ ਲਈ ਸੀ। ਆਪਣੇ ਸੁਪਨਿਆਂ ਦੇ ਟੁੱਟਣ ਨਾਲ, ਉਹ ਹੁਣ ਕਰਜ਼ਿਆਂ ਦੀ ਅਦਾਇਗੀ ਲਈ ਸੰਘਰਸ਼ ਕਰ ਰਹੇ ਹਨ। ਇਸ ਲਈ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਦੇ ਮੁੜ ਵਸੇਬੇ ਤੇ ਸਮਾਜ 'ਚ ਮੁੜ ਏਕੀਕਰਨ ਨੂੰ ਯਕੀਨੀ ਬਣਾਈਏ। ਇਸ ਲਈ 'ਉਡਾਣ' ਤਹਿਤ, ਚੰਡੀਗੜ੍ਹ ਯੂਨੀਵਰਸਿਟੀ ਇਨ੍ਹਾਂ ਨੌਜਵਾਨਾਂ ਦੇ ਮੁੜ ਵਸੇਬੇ ਲਈ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕਰੇਗੀ।"
ਰਾਜ ਸਭਾ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ 'ਮੁੜ ਵਸੇਬੇ ਪ੍ਰੋਗਰਾਮ' ਤਹਿਤ, ਚੰਡੀਗੜ੍ਹ ਯੂਨੀਵਰਸਿਟੀ ਹਾਲ ਹੀ 'ਚ ਅਮਰੀਕਾ ਤੋਂ ਵਾਪਸ ਆਏ ਨੌਜਵਾਨਾਂ ਨੂੰ ਮਾਹਿਰਾਂ ਦੁਆਰਾ ਕਾਉਂਸਲਿੰਗ ਪ੍ਰਦਾਨ ਕਰੇਗੀ।
ਉਨ੍ਹਾਂ ਕਿਹਾ, "ਅਸੀਂ "ਉਡਾਣ" ਤਹਿਤ ਉਨ੍ਹਾਂ ਦੇ ਮੁੜ ਵਸੇਬੇ ਲਈ ਭਵਿੱਖੀ ਕਰੀਅਰ ਰੋਡਮੈਪ ਤਿਆਰ ਕਰਨ ਲਈ ਇਨ੍ਹਾਂ ਵਾਪਸ ਭੇਜੇ ਗਏ ਨੌਜਵਾਨਾਂ ਦੇ ਹੁਨਰ ਪੱਧਰਾਂ ਦਾ ਮੁਲਾਂਕਣ ਕਰਾਂਗੇ। ਜੇਕਰ ਕਿਸੇ ਨੌਜਵਾਨ ਨੂੰ ਚੰਗੇ ਭਵਿੱਖ ਲਈ ਹੋਰ ਸਿੱਖਿਆ ਜਾਂ ਮੁੜ-ਹੁਨਰ ਦੀ ਲੋੜ ਹੁੰਦੀ ਹੈ, ਤਾਂ ਚੰਡੀਗੜ੍ਹ ਯੂਨੀਵਰਸਿਟੀ ਅਜਿਹੇ ਨੌਜਵਾਨਾਂ ਨੂੰ ਮੁਫ਼ਤ 'ਚ ਵਿਸ਼ੇਸ਼ ਥੋੜ੍ਹੇ ਸਮੇਂ ਦੇ ਨੌਕਰੀ-ਮੁਖੀ ਕੋਰਸਾਂ ਦੇ ਨਾਲ ਉਚੇਰੀ ਸਿੱਖਿਆ ਦੇ ਮੌਕੇ ਪ੍ਰਦਾਨ ਕਰੇਗੀ। ਜੇਕਰ ਲੋੜ ਪਈ, ਤਾਂ ਚੰਡੀਗੜ੍ਹ ਯੂਨੀਵਰਸਿਟੀ ਅਜਿਹੇ ਨੌਜਵਾਨਾਂ ਲਈ ਵਿਸ਼ੇਸ਼ ਹੁਨਰ ਸਿਖਲਾਈ ਜਾਂ ਮੁੜ-ਹੁਨਰ ਕੋਰਸ ਤਿਆਰ ਕਰੇਗੀ ਤਾਂ ਜੋ ਉਨ੍ਹਾਂ ਨੂੰ ਭਵਿੱਖ 'ਚ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮਿਲ ਸਕਣ। ਅਸੀਂ ਵਾਪਸ ਭੇਜੇ ਗਏ ਨੌਜਵਾਨਾਂ ਲਈ ਉਨ੍ਹਾਂ ਦੇ ਜੱਦੀ ਸਥਾਨਾਂ ਦੇ ਨੇੜੇ ਰੁਜ਼ਗਾਰ ਦੇ ਮੌਕੇ ਲੱਭਣ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਸਥਾਨਕ ਉਦਯੋਗਾਂ ਨਾਲ ਵੀ ਸਹਿਯੋਗ ਕਰਾਂਗੇ। ਅਸੀਂ ਰੋਜ਼ਗਾਰ ਮੇਲਿਆਂ ਰਾਹੀਂ ਇਨ੍ਹਾਂ ਨੌਜਵਾਨਾਂ ਨੂੰ ਨਿੱਜੀ ਖੇਤਰ 'ਚ ਢੁਕਵੇਂ ਨੌਕਰੀ ਦੇ ਮੌਕਿਆਂ ਨਾਲ ਵੀ ਜੋੜਾਂਗੇ।"
ਸੰਸਦ ਮੈਂਬਰ ਨੇ ਕਿਹਾ, "ਜੋ ਨੌਜਵਾਨ ਆਪਣਾ ਖੁੱਦ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਚੰਡੀਗੜ੍ਹ ਯੂਨੀਵਰਸਿਟੀ ਉਨ੍ਹਾਂ ਨੂੰ ਇੱਕ ਸਫਲ ਉੱਦਮ ਬਣਾਉਣ ਅਤੇ ਪ੍ਰਬੰਧਨ ਲਈ ਲੋੜੀਂਦੇ ਗਿਆਨ ਤੇ ਹੁਨਰਾਂ ਨਾਲ ਲੈਸ ਕਰਨ ਲਈ ਮੁੱਢਲੇ ਉੱਦਮਤਾ ਵਿਕਾਸ ਕੋਰਸ ਪ੍ਰਦਾਨ ਕਰਕੇ ਵਿਆਪਕ ਸਹਾਇਤਾ ਪ੍ਰਦਾਨ ਕਰੇਗੀ। ਇਸਦੇ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਟੈਕਨਾਲੋਜੀ ਬਿਜਨੇਸ ਇੰਕਿਊਬੇਟਰ ਵਿਭਾਗ ਰਾਹੀਂ ਉੱਦਮਤਾ ਦੇ ਮੁੱਖ ਤੱਤਾਂ ਜਿਵੇਂ ਕਿ ਜੋਖਮ ਜਾਗਰੂਕਤਾ, ਮਾਰਕੀਟਿੰਗ ਰਣਨੀਤੀਆਂ ਅਤੇ ਮੁੱਢਲੀਆਂ ਰਜਿਸਟ੍ਰੇਸ਼ਨਾਂ ਬਾਰੇ ਸਿੱਖਿਅਤ ਕਰਨ ਤੋਂ ਇਲਾਵਾ, ਅਸੀਂ ਉਨ੍ਹਾਂ ਨੂੰ ਸਾਰੀਆਂ ਸਰਕਾਰੀ ਯੋਜਨਾਵਾਂ ਅਤੇ ਸਬਸਿਡੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਾਂਗੇ ਤਾਂ ਜੋ ਉਹ ਆਪਣੇ ਉੱਦਮ ਸ਼ੁਰੂ ਕਰਨ ਲਈ ਸਮਰੱਥ ਬਣ ਸਕਣ।"