ਚੇਅਰਮੈਨ ਰਮਨ ਬਹਿਲ ਨੇ ਜ਼ਿਲ੍ਹਾ ਹਸਪਤਾਲ ਦਾ ਦੌਰਾ ਕਰਕੇ ਐਮਰਜੈਂਸੀ ਹਾਲਾਤਾਂ ਦਾ ਲਿਆ ਜਾਇਜ਼ਾ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ - ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 10 ਮਈ 2025 - ਭਾਰਤ-ਪਾਕਿ ਸਰਹੱਦ ਉੱਪਰ ਬਣੇ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਜ਼ਿਲ੍ਹਾ ਹਸਪਤਾਲ ਬੱਬਰੀ (ਗੁਰਦਾਸਪੁਰ) ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਹਸਪਤਾਲ ਦੇ ਐਮਰਜੈਂਸੀ ਵਾਰਡ ਦਾ ਨਿਰੀਖਣ ਕਰਨ ਦੇ ਨਾਲ ਆਈਸੋਲੇਸ਼ਨ ਵਾਰਡ, ਜਨਰਲ ਵਾਰਡ, ਬਲੱਡ ਬੈਂਕ ਅਤੇ ਲੈਬਾਰਟਰੀ ਦਾ ਨਿਰੀਖਣ ਵੀ ਕੀਤਾ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਹਸਪਤਾਲ ਵਿੱਚ ਦਵਾਈਆਂ ਦੇ ਸਟਾਕ ਦੀ ਉਪਲਬਧਤਾ ਨੂੰ ਵੀ ਚੈੱਕ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਇਸ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਸਮੇਤ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਵਿੱਚ ਵੀ ਐਮਰਜੈਂਸੀ ਹਾਲਤਾਂ ਨੂੰ ਮੁੱਖ ਰੱਖਦੇ ਹੋਏ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਾਰੇ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀਆਂ ਰਾਊਂਡ ਦਾ ਕਲਾਕ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਪੂਰੀ ਤਰਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਹਰ ਤਰਾਂ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ।