ਖਟਕੜ ਕਲਾਂ ਵਿੱਚ ਬਣਾਈ ਜਾਵੇਗੀ ਹੈਰੀਟੇਜ ਸਟ੍ਰੀਟ : ਤਰੁਨਪ੍ਰੀਤ ਸੌਂਦ
- ਹੈਰੀਟੇਜ ਸਿਟੀ ਆਫ ਅੰਮ੍ਰਿਤਸਰ ਨੂੰ ਮਿਲਿਆ ਪੰਜਾਬ ਟੂਰਿਜ਼ਮ ਡੈਸਟੀਨੇਸ਼ਨ ਆਫ ਦਿ ਈਅਰ ਐਵਾਰਡ
- ਪੀਐਚਡੀਸੀਸੀਆਈ ਨੇ ਕੀਤਾ ਪੰਜਾਬ ਟੂਰਿਜ਼ਮ ਅਵਾਰਡ 2024 ਦਾ ਆਯੋਜਨ
ਅੰਮ੍ਰਿਤਸਰ, 7 ਦਸੰਬਰ 2024 - ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸ਼ਹੀਦ ਭਗਤ ਸਿੰਘ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਸੂਬੇ ਵਿੱਚ ਕਈ ਭਲਾਈ ਸਕੀਮਾਂ ਲਾਗੂ ਕਰ ਰਹੀ ਹੈ। ਹੁਣ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹੈਰੀਟੇਜ ਸਟ੍ਰੀਟ ਬਣਾਈ ਜਾਵੇਗੀ। ਜਿੱਥੇ ਆਉਣ ਵਾਲੇ ਸੈਲਾਨੀਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਪਤਾ ਲੱਗ ਸਕੇਗਾ।
ਤਰੁਨਪ੍ਰੀਤ ਸੌਂਦ ਇੱਥੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ ਜਾ ਰਹੇ 18ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਪਾਈਟੈਕਸ ਦੌਰਾਨ ਪਹਿਲੀ ਵਾਰ ਆਯੋਜਿਤ ਕੀਤੇ ਗਏ ਪੰਜਾਬ ਟੂਰਿਜ਼ਮ ਐਵਾਰਡ ਪ੍ਰੋਗਰਾਮ ਦੌਰਾਨ ਭਾਗ ਲੈਣ ਵਾਲਿਆਂ ਨੂੰ ਸਨਮਾਨਿਤ ਕਰਨ ਉਪਰੰਤ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਪੰਜਾਬ ਟੂਰਿਜ਼ਮ ਡੈਸਟੀਨੇਸ਼ਨ ਆਫ ਦਿ ਈਅਰ 2024 ਦਾ ਐਵਾਰਡ ਹੈਰੀਟੇਜ ਸਿਟੀ ਆਫ ਅੰਮ੍ਰਿਤਸਰ ਨੂੰ ਦਿੱਤਾ ਗਿਆ, ਜਦੋਂ ਕਿ ਬੈਸਟ ਫਾਰਮ ਟੂਰਿਸਟ ਰਿਜ਼ੋਰਟ ਦਾ ਐਵਾਰਡ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਹੰਸਾਲੀ ਫਾਰਮ ਨੂੰ ਅਤੇ ਬੈਸਟ ਟੂਰਿਜ਼ਮ ਸਟਾਰਟਅੱਪ ਐਵਾਰਡ ਵਿਕਟੋਰੀਅਨ ਐਲੀਗੈਂਸ ਅਤੇ ਬੈਸਟ ਵੂਮੈਨ ਐਂਟਰਪ੍ਰੀਨਿਊਰ ਐਵਾਰਡ ਨੇਹਾ ਸਿੰਘ ਨੂੰ ਦਿੱਤਾ ਗਿਆ।
ਇਸ ਮੌਕੇ ਤਰੁਨਪ੍ਰੀਤ ਸੌਂਦ ਨੇ ਕਿਹਾ ਕਿ ਖਟਕੜ ਕਲਾਂ ਵਿੱਚ ਹੈਰੀਟੇਜ਼ ਸਿਟੀ ਬਣਨ ਨਾਲ ਖਟਕੜ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਵਿੱਚ ਵਾਧਾ ਹੋਵੇਗਾ। ਕੈਬਨਿਟ ਮੰਤਰੀ ਨੇ ਭਾਗੀਦਾਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਖੇਤੀਬਾੜੀ, ਪੇਂਡੂ ਅਤੇ ਖੇਤੀ ਸੈਰ ਸਪਾਟੇ ਨੂੰ ਵੱਡੇ ਪੱਧਰ 'ਤੇ ਵਿਕਸਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਸੈਰ ਸਪਾਟਾ ਜਿੱਥੇ ਸਥਾਨਕ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਲਾਹੇਵੰਦ ਸਾਬਤ ਹੋ ਰਿਹਾ ਹੈ, ਉੱਥੇ ਹੀ ਸੈਰ-ਸਪਾਟੇ ਦੇ ਨਵੇਂ ਮੌਕੇ ਵੀ ਪੈਦਾ ਹੋ ਰਹੇ ਹਨ।
ਇਸ ਮੌਕੇ ਬੋਲਦਿਆਂ ਪੀਐਚਡੀਸੀਸੀਆਈ ਦੇ ਸੀਈਓ ਅਤੇ ਜਨਰਲ ਸਕੱਤਰ ਡਾ. ਰਣਜੀਤ ਮਹਿਤਾ ਨੇ ਕਿਹਾ ਕਿ ਚੈਂਬਰ ਦਾ ਇਹ ਉਪਰਾਲਾ ਹੈ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਦੇ ਵਿਰਸੇ ਅਤੇ ਸੱਭਿਆਚਾਰ ਨੂੰ ਦੇਸ਼ ਭਰ ਵਿੱਚ ਪ੍ਰਫੁੱਲਤ ਕੀਤਾ ਜਾਵੇ। ਪੰਜਾਬ ਦੇ ਹੋਟਲ ਉਦਯੋਗ ਅਤੇ ਪਿੰਡਾਂ ਦੇ ਸੈਰ-ਸਪਾਟੇ ਨੂੰ ਇਸ ਪ੍ਰੋਗਰਾਮ ਰਾਹੀਂ ਪਹਿਚਾਣ ਦਿਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਚੈਂਬਰ ਦੇ ਉਪ ਸਕੱਤਰ ਜਨਰਲ ਨਵੀਨ ਸੇਠ ਨੇ ਦੱਸਿਆ ਕਿ ਇੱਥੇ 27 ਵੱਖ-ਵੱਖ ਸ਼੍ਰੇਣੀਆਂ ਲਈ ਸੈਰ ਸਪਾਟਾ ਪੁਰਸਕਾਰ ਦਿੱਤੇ ਗਏ ਹਨ।ਜਿਸ ਲਈ ਪਹਿਲੇ ਪੜਾਅ ਵਿੱਚ 130 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਸ ਤੋਂ ਬਾਅਦ, ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਅਤੇ ਫਿਰ ਜ਼ਮੀਨ 'ਤੇ ਉਨ੍ਹਾਂ ਦੇ ਦਾਅਵਿਆਂ ਦੀ ਜਾਂਚ ਕਰਨ ਲਈ ਇੱਕ ਜਿਊਰੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸੇਵਾਮੁਕਤ ਆਈਏਐਸ ਵਿਨੋਦ ਜਿਊਤਸ਼ੀ ਦੀ ਪ੍ਰਧਾਨਗੀ ਹੇਠ ਇੱਕ ਜਿਊਰੀ ਦਾ ਗਠਨ ਕੀਤਾ ਗਿਆ।
ਪੀਐਚਡੀਸੀਸੀਆਈ ਪੰਜਾਬ ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਨੇ ਦੱਸਿਆ ਕਿ ਇਸ ਵਾਰ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਪਹਿਲੀ ਵਾਰ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ। ਜਿਸ ਵਿੱਚ ਪੰਜਾਬ ਦੇ ਹੋਟਲ ਅਤੇ ਸੈਰ ਸਪਾਟਾ ਉੱਦਮੀਆਂ ਨੇ ਵੱਧ ਚੜ੍ਹਕੇ ਹਿੱਸਾ ਲਿਆ ਹੈ। ਇਸ ਮੌਕੇ ਪੰਜਾਬ ਸੈਰ ਸਪਾਟਾ ਵਿਭਾਗ ਦੀ ਡਾਇਰੈਕਟਰ ਆਈਏਐਸ ਅੰਮ੍ਰਿਤਾ ਸਿੰਘ, ਪੀਐਚਡੀਸੀਸੀਆਈ ਟੂਰਿਜ਼ਮ ਐਂਡ ਹਾਸਪਿਟੈਲਿਟੀ ਕਮੇਟੀ ਦੇ ਚੇਅਰ ਨਿਸ਼ਚੈ ਬਹਿਲ, ਚੈਂਬਰ ਦੀ ਖੇਤਰੀ ਡਾਇਰੈਕਟਰ ਭਾਰਤੀ ਸੂਦ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।