ਕਿਸੇ ਵੀ ਜੰਗ ਨੂੰ ਜਿੱਤਣ ਲਈ ਤਿਆਰੀਆਂ ਜ਼ਰੂਰੀ : ਬਲਤੇਜ ਸਿੰਘ ਪੰਨੂ
ਅਸ਼ੋਕ ਵਰਮਾ
ਬਠਿੰਡਾ, 21 ਅਪ੍ਰੈਲ 2025 : ਕਿਸੇ ਵੀ ਜੰਗ ਨੂੰ ਜਿੱਤਣ ਦੇ ਲਈ ਤਿਆਰੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਨਸ਼ਾ ਮੁਕਤੀ ਮੋਰਚਾ ਪੰਜਾਬ ਦੇ ਚੀਫ ਸਪੋਕਸਪਰਸਨ ਬਲਤੇਜ ਸਿੰਘ ਪੰਨੂ ਨੇ ਸਥਾਨਕ ਸਰਕਟ ਹਾਊਸ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨਾਂ ਦੇ ਨਾਲ ਨਸ਼ਾ ਮੁਕਤੀ ਮੋਰਚਾ ਮਾਲਵਾ ਵੈਸਟ ਦੇ ਜੋਨ ਕੋਆਰਡੀਨੇਟਰ ਚੁਸਪਿੰਦਰ ਚਹਿਲ, ਜ਼ਿਲਾ ਕੋਆਰਡੀਨੇਟਰ ਬਠਿੰਡਾ ਸ ਜਤਿੰਦਰ ਸਿੰਘ ਭੱਲਾ, ਜ਼ਿਲਾ ਕੋਆਰਡੀਨੇਟਰ ਮਾਨਸਾ ਰਜਿੰਦਰ ਸਿੰਘ ਜਫਰੀ, ਜ਼ਿਲ੍ਹਾ ਕੋਆਰਡੀਨੇਟਰ ਬਰਨਾਲਾ ਰਾਮ ਤੀਰਥ ਮੰਨਾ, ਜ਼ਿਲਾ ਕੋਆਰਡੀਨੇਟਰ ਫਾਜ਼ਿਲਕਾ ਬੱਬੂ ਚੇਤੀਵਾਲ, ਜ਼ਿਲ੍ਹਾ ਕੋਆਰਡੀਨੇਟਰ ਫਿਰੋਜ਼ਪੁਰ ਹਰਜਿੰਦਰ ਸਿੰਘ ਕਾਕਾ ਸਰਾ ਅਤੇ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਮੁਕਤਸਰ ਸਾਹਿਬ ਮਨਬੀਰ ਸਿੰਘ ਖੁੱਡੀਆਂ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਇਸ ਮੌਕੇ ਨਸ਼ਾ ਮੁਕਤੀ ਮੋਰਚਾ ਪੰਜਾਬ ਦੇ ਚੀਫ ਸਪੋਕਸਪਰਸਨ ਸ਼੍ਰੀ ਬਲਤੇਜ ਸਿੰਘ ਪੰਨੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਜ਼ਮੀਨੀ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਉਹਨਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਨਸ਼ਾ ਮੁਕਤੀ ਮੋਰਚਾ ਮੁਹਿੰਮ ਨੂੰ ਪੰਜ ਜੋਨਾਂ ਵਿੱਚ ਵੰਡਿਆ ਗਿਆ ਹੈ, ਇਸ ਮੁਹਿੰਮ ਨੂੰ ਜ਼ਿਲ੍ਹਾ, ਬਲਾਕ, ਪਿੰਡ, ਘਰ, ਹਰ ਮਾਂ-ਬਾਪ ਅਤੇ ਹਰ ਭੈਣ-ਭਰਾ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਨੌਜਵਾਨ ਪੀੜੀ ਨੂੰ ਨਸ਼ਿਆਂ ਤੇ ਕੋਹੜ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਉਹਨਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜਦੋਂ ਤੱਕ ਨਸ਼ੇ ਦਾ ਧੰਦਾ ਕਰਨ ਵਾਲੇ ਤਸਕਰ ਪੰਜਾਬ ਛੱਡ ਕੇ ਨਹੀਂ ਜਾਂਦੇ ਓਦੋਂ ਤੱਕ ਇਸ ਮੁਹਿੰਮ ਨੂੰ ਰੋਕਿਆ ਨਹੀਂ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਨਸ਼ੇ ਦੀ ਗਲਤਾਨ ਵਿੱਚੋਂ ਨਿਕਲੇ ਹੋਏ ਨੌਜਵਾਨ ਇਸ ਮੁਹਿੰਮ ਦੇ ਹੀਰੋ ਹਨ। ਉਹਨਾਂ ਇੱਕ ਹੋਰ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਪਿੰਡਾਂ ਵਿੱਚ ਲਾਈਬ੍ਰੇਰੀਆਂ, ਗਰਾਊਂਡ ਤੋਂ ਇਲਾਵਾ ਜਿਮ ਅਤੇ ਨੌਜਵਾਨਾਂ ਦੀ ਰੁਚੀ ਅਨੁਸਾਰ ਉਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ।
ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਨਸ਼ੇ ਦੀ ਸਪਲਾਈ ਲਾਈਨ ਟੁੱਟ ਚੁੱਕੀ ਹੈ ਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਮੁਹਿੰਮ ਦੇ ਤਹਿਤ ਨੁੱਕੜ ਨਾਟਕ, ਡਰਾਮੇ ਆਦਿ ਕਰਵਾਏ ਜਾਣਗੇ। ਇਸ ਮੌਕੇ ਉਹਨਾਂ ਜਿੱਥੇ ਮੀਡੀਆ ਤੋਂ ਨਸ਼ਿਆਂ ਨੂੰ ਨਕੇਲ ਪਾਉਣ ਦੇ ਲਈ ਸਹਿਯੋਗ ਦੀ ਮੰਗ ਕੀਤੀ ਉੱਥੇ ਹੀ ਪਿੰਡਾਂ-ਸ਼ਹਿਰਾਂ ਦੇ ਨੌਜਵਾਨਾਂ, ਖਿਡਾਰੀਆਂ ਅਤੇ ਕਲਾਕਾਰਾਂ ਨੂੰ ਵੱਧ ਚੜ੍ਹ ਕੇ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਜੁੜਨ ਦਾ ਸੱਦਾ ਵੀ ਦਿੱਤਾ।