ਅਸਮਾਨ ਵਿੱਚੋਂ ਕਿਸੇ ਵੀ ਕਿਸਮ ਦਾ ਮਲਬਾ ਜਾਂ ਕਿਸੇ ਚੀਜ਼ ਦੇ ਟੁਕੜੇ ਡਿੱਗਣ 'ਤੇ ਉਹਨਾਂ ਦੇ ਨੇੜੇ ਨਾ ਜਾਇਆ ਜਾਵੇ: ADC
- ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਵਿਖੇ ਫੌਰੀ ਤੌਰ ਉੱਤੇ ਦਿੱਤੀ ਜਾਵੇ ਸੂਚਨਾ
- ਜ਼ਿਲ੍ਹਾ ਸੰਗਰੂਰ "ਨੋ ਫਲਾਈ ਜ਼ੋਨ" ਘੋਸ਼ਿਤ
- ਸੁਰੱਖਿਆ ਅਤੇ ਅਰਧ ਸੁਰੱਖਿਆ ਬਲਾਂ ਤੇ ਲਾਗੂ ਨਹੀਂ ਹੋਣਗੇ ਹੁਕਮ
ਦਲਜੀਤ ਕੌਰ
ਸੰਗਰੂਰ, 10 ਮਈ, 2025: ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਕਮ ਐਡੀਸ਼ਨਲ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਬੈਂਬੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਥਾਂ ਅਸਮਾਨ ਵਿੱਚੋਂ ਕਿਸੇ ਵੀ ਕਿਸਮ ਦਾ ਮਲਬਾ ਜਾਂ ਕਿਸੇ ਚੀਜ਼ ਦੇ ਟੁਕੜੇ ਡਿਗਦੇ ਹਨ ਤਾਂ ਉਹਨਾਂ ਦੇ ਨੇੜੇ ਨਾ ਜਾਇਆ ਜਾਵੇ ਤੇ ਇਸ ਸਬੰਧੀ ਸੂਚਨਾ ਫੌਰੀ ਤੌਰ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਵਿਖੇ ਦਿੱਤੀ ਜਾਵੇ।
ਸੰਗਰੂਰ ਜਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨੂੰ ਰੋਕਣ ਲਈ ਆਮ ਪਬਲਿਕ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਸ਼ਾਸਨ ਕੋਲੋਂ ਲੈਣ ਜਾਂ ਦੇਣ ਲਈ ਅਤੇ ਜ਼ਿਲ੍ਹਾ ਸੰਗਰੂਰ ਦੇ ਨਿਵਾਸੀਆਂ ਦੀ ਸਹੂਲਤ ਲਈ ਦਫਤਰ ਡਿਪਟੀ ਕਮਿਸ਼ਨਰ, ਸੰਗਰੂਰ ਵਿਖੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿਸ ਦਾ ਨੰਬਰ 01672-234128 ਹੈ। ਇਹ 24x7 ਚੱਲੇਗਾ।
ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ, ਸੰਗਰੂਰ ਦੇ ਦਫਤਰ ਵਿਖੇ ਵੀ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਦੇ ਨੰਬਰ 80545-45100 ਅਤੇ 80545-45200 ਹਨ।
ਇਸ ਤੋਂ ਇਲਾਵਾ ਪੂਰੇ ਸੰਗਰੂਰ ਜਿਲ੍ਹੇ ਅੰਦਰ "ਨੋ ਫਲਾਈ ਜ਼ੋਨ" ਘੋਸ਼ਿਤ ਕੀਤਾ ਹੈ। ਇਹ ਹੁਕਮ ਸੁਰੱਖਿਆ ਅਤੇ ਅਰਧ ਸੁਰੱਖਿਆ ਬਲਾਂ ਤੇ ਲਾਗੂ ਨਹੀਂ ਹੋਣਗੇ। ਇਸ ਦੇ ਮੱਦੇਨਜ਼ਰ ਕੋਈ ਵੀ ਵਿਅਕਤੀ ਜ਼ਿਲ੍ਹੇ ਵਿੱਚ ਡਰੋਨ ਨਹੀਂ ਉਡਾਏਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਵੀ ਅਪੀਲ ਕੀਤੀ।