ਸਰਕਾਰੀ ਕੱਨਿਆ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਰਕਾਰੀ ਪੌਲੀਟੈਕਨਿਕ ਕਾਲਜ ਵਿੱਚ ਚੱਲ ਰਹੇ ਟੈਕਨੀਕਲ ਕੋਰਸਾਂ ਦੀ ਜਾਣਕਾਰੀ ਦਿੱਤੀ
- ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿੱਚ ਚੱਲ ਰਹੇ ਟੈਕਨੀਕਲ ਕੋਰਸਾਂ ਦੀ ਦਿੱਤੀ ਜਾਣਕਾਰੀ
ਰੋਹਿਤ ਗੁਪਤਾ
ਬਟਾਲਾ, 17 ਜਨਵਰੀ 2025 - ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿੱਚ ਚੱਲ ਰਹੇ ਕੋਰਸਾਂ ਦੀ ਜਾਣਕਾਰੀ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਕਾਲਜ ਦੇ ਪ੍ਰਿੰਸੀਪਲ ਸ. ਦਵਿੰਦਰ ਸਿੰਘ ਭੱਟੀ ਵੱਲੋਂ ਸੰਸਥਾ ਪੱਧਰ `ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਟੀਮਾਂ ਵੱਲੋਂ ਵੱਖ ਵੱਖ ਸਰਕਾਰੀ ਸਕੂਲਾਂ ਦੇ ਕੈਰੀਅਰ ਅਤੇ ਗਾਈਡੈਂਸ ਸੈਲ ਨਾਲ ਤਾਲਮੇਲ ਕਰਕੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸੈਮੀਨਾਰ ਲਗਾਏ ਜਾ ਰਹੇ ਹਨ। ਇਸ ਲੜੀ ਤਹਿਤ ਸਰਕਾਰੀ ਕੱਨਿਆ ਸੀਨੀਅਰ ਸੈਕੰਡਰੀ ਸਕੂਲ ਕੈੰਪ ਬਟਾਲਾ ਵਿਖੇ ਪ੍ਰੰਸੀਪਲ ਤਜਿੰਦਰ ਕੌਰ ਦੀ ਯੋਗ ਅਗਵਾਈ ਅਤੇ ਮੈਡਮ ਪ੍ਰਦੀਪ ਕੌਰ ਦੀ ਦੇਖ ਰੇਖ ਹੇਠ ਸੈਮੀਨਾਰ ਲਗਾਇਆ ਗਿਆ । ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਪੋਲੀਟੈਕਨਿਕ ਕਾਲਜ ਤੋਂ ਇੰਚਾਰਜ ਕੈਮੀਕਲ ਵਿਭਾਗ ਮੈਡਮ ਰੇਖਾ ਅਤੇ ਕਾਲਜ ਦੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਵਿਸ਼ੇਸ਼ ਤੌਰ `ਤੇ ਪਹੁੰਚੇ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਸਬੀਰ ਸਿੰਘ ਅਤੇ ਮੈਡਮ ਰੇਖਾ ਨੇ ਦੱਸਿਆ ਕਿ ਕਾਲਜ ਵਿੱਚ ਮਕੈਨੀਕਲ, ਇਲੈਕਟ੍ਰੀਕਲ, ਸਿਵਲ, ਈ.ਸੀ.ਈ ਅਤੇ ਕੈਮੀਕਲ ਦੇ ਤਿੰਨ ਸਾਲਾ ਡਿਪਲੋਮਾਂ ਕੋਰਸ ਚੱਲਦੇ ਹਨ। ਵਿਦਿਅਤਰਥੀਆਂ ਦੇ ਨੰਬਰਾਂ ਦੇ ਅਧਾਰ ਤੇ ਲਾਗੂ ਵਜੀਫਾ ਸਕੀਮ ਤਹਿਤ ਹੋਣਹਾਰ ਵਿਦਿਆਰਥੀਆਂ ਲਈ ਕਾਲਜ ਦੀਆਂ ਫੀਸਾਂ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ।
ਇਸ ਸਕੀਮ ਅਧੀਨ ਦੱਸਵੀਂ ਸ਼੍ਰੇਣੀ ਵਿੱਚ 60% ਤੋਂ ਜਿਆਦਾ ਨੰਬਰ ਲੈਣ ਵਾਲੇ ਵਿਦਿਆਰਥੀ ਨੂੰ ਕੋਰਸ ਦੌਰਾਨ 70% ਟਿਊਸ਼ਨ ਫੀਸ ਮੁਆਫ ਹੋਏਗੀ। ਇਸੇ ਤਰਾਂ 70% ਤੋਂ ਜਿਆਦਾ ਨੰਬਰ ਲੈਣ ਵਾਲੇ ਨੂੰ 80%, 80% ਤੋਂ ਜਿਆਦਾ ਨੰਬਰ ਲੈਣ ਵਾਲੇ ਨੂੰ 90% ਅਤੇ 90% ਤੋਂ ਜਿਆਦਾ ਨੰਬਰ ਲੈਣ ਵਾਲੇ ਨੂੰ ਪੂਰੀ ਟਿਊਸ਼ਨ ਫੀਸ ਦੀ ਮੁਆਫੀ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਕਿਸੇ ਵੀ ਕੈਟਾਗਰੀ ਦਾ ਵਿਦਿਆਰਥੀ ਲੈ ਸਕਦਾ ਹੈ। ਇਸ ਸਕੀਮ ਤੋਂ ਇਲਾਵਾ ਇਹ ਵੀ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਜਿਨ੍ਹਾਂ ਦੀ ਸਲਾਨਾ ਪਰਿਵਾਰਕ ਆਮਦਨ 2.5 ਲੱਖ ਤੋਂ ਘੱਟ ਹੈ ਪਾਸੋਂ ਕੋਰਸ ਦੌਰਾਨ ਕੋਈ ਫੀਸ ਨਹੀ ਲਈ ਜਾਂਦੀ।
ਸੈਮੀਨਾਰ ਦੀ ਸਮਾਪਤੀ ਮੌਕੇ ਸਕੂਲ ਦੇ ਪ੍ਰਿੰਸੀਪਲ ਤਜਿੰਦਰ ਕੌਰ ਨੇ ਆਏ ਹੋਏ ਮਾਹਰਾਂ ਦਾ ਧੰਨਵਾਦ ਕੀਤਾ ਅਤੇ ਆਸ ਜਤਾਈ ਕਿ ਅੱਗੇ ਵੀ ਇਸ ਤਰਾਂ ਦੇ ਸੈਮੀਨਾਰ ਲਗਵਾਏ ਜਾਣਗੇ।