ਕੰਵਰ ਗਰੇਵਾਲ ਦਾ "ਵਿੱਦਿਆ" ਗੀਤ ਅੱਜ ਹੋਇਆ ਰਿਲੀਜ਼
ਹਰਜਿੰਦਰ ਸਿੰਘ ਭੱਟੀ
- ਕੰਵਰ ਗਰੇਵਾਲ ਦੀ ਅਵਾਜ਼ ਵਿੱਚ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀਆਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ
ਚੰਡੀਗੜ੍ਹ, 17 ਜਨਵਰੀ 2025 - ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕੰਵਰ ਗਰੇਵਾਲ ਦੀ ਆਵਾਜ਼ ਵਿੱਚ "ਵਿੱਦਿਆ" ਗੀਤ ਅੱਜ ਰਿਲੀਜ਼ ਕੀਤਾ ਜਾ ਰਿਹਾ ਹੈ, ਜੋ ਕਿ ਕਲਗੀਧਰ ਟ੍ਰਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀਆਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਗਾਇਕ ਕੰਵਰ ਗਰੇਵਾਲ ਨੇ ਅਕਾਲ ਅਕੈਡਮੀਆਂ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਗੀਤ ਰਾਹੀਂ ਅਕਾਲ ਅਕੈਡਮੀਆਂ ਦਾ ਦਿਲਕਸ਼ ਅਤੇ ਆਧੁਨਿਕ ਵਿੱਦਿਅਕ ਢਾਂਚਾ ਦੇਖਣ ਨੂੰ ਮਿਲੇਗਾ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸੰਸਥਾ ਆਪਣੇ 130 ਸਕੂਲਾਂ ਰਾਹੀਂ 70,000 ਬੱਚਿਆ ਨੂੰ ਵਿੱਦਿਆ ਦੇ ਰਹੀ ਹੈ, ਜਿੱਥੇ ਅੱਜ ਦੇ ਸਮੇਂ ਵਿੱਚ ਅਧਿਆਤਮਿਕ ਅਤੇ ਦੁਨਿਆਵੀ ਗਿਆਨ ਦੀ ਜਰੂਰਤ ਹੈ, ਅਤੇ ਅਕਾਲ ਅਕੈਡਮੀਆਂ ਇਸ ਕਿਰਤ ਨੂੰ ਬੜੇ ਉੱਦਮ ਅਤੇ ਸਮਰੱਥਾ ਨਾਲ ਪੂਰਾ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਬੜੂ ਸਾਹਿਬ ਦੁਆਰਾ ਸੰਚਾਲਿਤ ਇਹਨਾਂ ਅਕੈਡਮੀਆਂ ਵਿੱਚ ਅਨੇਕਾਂ ਹੀ ਬੱਚੇ ਉੱਚ-ਕੋਟੀ ਦੀ ਵਿੱਦਿਆ ਹਾਸਿਲ ਕਰ ਕੇ ਜੱਜ, ਆਈ.ਏ.ਐੱਸ. ਅਫਸਰ, ਡਾਕਟਰ, ਇੰਜੀਨੀਅਰ ਅਤੇ ਹੋਰ ਵੱਡੇ-ਵੱਡੇ ਅਹੁਦਿਆਂ 'ਤੇ ਸੇਵਾ ਨਿਭਾ ਰਹੇ ਹਨ। ਅਕਾਲ ਅਕੈਡਮੀਆਂ ਦੇ ਇਸ ਸ਼ਲਾਘਾਯੋਗ ਕਦਮ ਨਾਲ, ਨਾ ਸਿਰਫ ਪੰਜਾਬੀ ਸਮਾਜ, ਸਗੋਂ ਸਾਰੇ ਸੰਸਾਰ ਵਿੱਚ ਵਿੱਦਿਆ ਦੇ ਅਧਿਆਤਮਿਕ ਅਤੇ ਦੁਨਿਆਵੀ ਸੁਮੇਲ ਰਾਹੀਂ ਸੁਧਾਰ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ। ਇਸ ਗੀਤ ਦੀ ਰਿਲੀਜ਼ ਦੁਆਰਾ, ਬੜੂ ਸਾਹਿਬ ਦੇ ਉਦੇਸ਼ ਅਤੇ ਅਕਾਲ ਅਕੈਡਮੀਆਂ ਦੀ ਮਹੱਤਤਾ ਨੂੰ ਜਨਮਾਨਸ ਵਿੱਚ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ ਹੈ।