ਉਦਯੋਗਪਤੀਆਂ ਦੇ ਹਿੱਤ ਵਿੱਚ ਇੱਕ ਮਹੀਨੇ ਦੇ ਅੰਦਰ ਲਾਗੂ ਹੋਣਗੀਆਂ ਓ.ਟੀ.ਐਸ ਸਕੀਮਾਂ : ਤਰੁਨਪ੍ਰੀਤ ਸੌਂਦ
- ਇੱਕ ਜ਼ਿਲ੍ਹਾ ਇੱਕ ਉਤਪਾਦ ਨੂੰ ਮਿਲੇਗੀ ਨਵੀਂ ਪਛਾਣ
- ਉਦਯੋਗ ਮੰਤਰੀ ਨੇ 18ਵੇਂ ਪਾਈਟੈਕਸ ਦਾ ਕੀਤਾ ਉਦਘਾਟਨ
- ਪੰਜਾਬ ਦੀ ਉਦਯੋਗਿਕ ਨੀਤੀ ਵਿੱਚ ਬਦਲਾਅ ਕਰਕੇ ਬਣਾਇਆ ਜਾਵੇਗਾ ਸਰਲ
ਅੰਮ੍ਰਿਤਸਰ, 6 ਦਸੰਬਰ 2024 - ਪੰਜਾਬ ਦੇ ਨਿਵੇਸ਼ ਪ੍ਰਮੋਸ਼ਨ, ਉਦਯੋਗ ਅਤੇ ਵਣਜ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਪੰਜਾਬ ਵਿੱਚ ਉਦਯੋਗਾਂ ਨੂੰ ਮਜ਼ਬੂਤ ਕਰਨ ਲਈ ਵਨ ਟਾਈਮ ਸੈਟਲਮੈਂਟ ਸਕੀਮਾਂ ਵਿੱਚ ਸੋਧਾਂ ਕਰਕੇ ਇੱਕ ਮਹੀਨੇ ਦੇ ਅੰਦਰ ਅੰਦਰ ਲਾਗੂ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਉਦਯੋਗਾਂ ਅਤੇ ਉਦਯੋਗਪਤੀਆਂ ਦਾ ਰਾਹ ਸਰਲ ਹੋ ਸਕੇ।
ਸੌਂਦ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ ਸ਼ੁਰੂ ਹੋਏ 18ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਦੇ ਰਸਮੀ ਉਦਘਾਟਨ ਮੌਕੇ ਉਦਯੋਗਪਤੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਵਿੱਚ ਵੱਧ ਤੋਂ ਵੱਧ ਨਿਵੇਸ਼ ਆਕਰਸ਼ਿਤ ਕਰਨ ਲਈ ਦੇਸ਼-ਵਿਦੇਸ਼ ਦੇ ਨਾਮੀ ਉਦਯੋਗਪਤੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਇਸਦੇ ਨਤੀਜੇ ਵਜੋਂ ਭਵਿੱਖ ਵਿੱਚ ਹੁਨਰਮੰਦ ਨੌਜਵਾਨਾਂ ਦੀ ਮੰਗ ਵਧੇਗੀ।
ਸੌਂਦ ਨੇ ਕਿਹਾ ਕਿ ਪੰਜਾਬ ਦੀ ਉਦਯੋਗਿਕ ਨੀਤੀ ਵਿੱਚ ਵੀ ਵੱਖ-ਵੱਖ ਸੋਧਾਂ ਕਰਕੇ ਉਸਦਾ ਸਰਲੀਕਰਨ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਉਦਯੋਗਪਤੀ ਵੀ ਉਦਯੋਗਿਕ ਨੀਤੀ ਵਿੱਚ ਕਈ ਬਦਲਾਅ ਦੇਖਣਗੇ।
ਸੌਂਦ ਨੇ ਕਿਹਾ ਕਿ ਪੰਜਾਬ ਈਜ਼ ਆਫ਼ ਡੂਇੰਗ ਬਿਜਨਸ ਦੇ ਮਾਮਲੇ ਵਿੱਚ ਦੇਸ਼ ਦਾ ਮੋਹਰੀ ਸੂਬਾ ਹੈ। ਰਾਜ ਵਿੱਚ ਕੰਮ ਕਰ ਰਹੇ ਐਮਐਸਐਮਈ ਰੁਜ਼ਗਾਰ ਪੈਦਾ ਕਰਨ ਵਿੱਚ ਪੰਜਾਬ ਸਰਕਾਰ ਦਾ ਸਮਰਥਨ ਕਰ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮਾਮਲੇ ਵਿੱਚ ਕੀਤੇ ਗਏ ਸਰਵੇਖਣਾਂ ਵਿੱਚ ਪੰਜਾਬ ਭਾਰਤ ਦੇ ਪਹਿਲੇ ਤਿੰਨ ਰਾਜਾਂ ਵਿੱਚ ਸ਼ਾਮਲ ਹੈ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੀਐਚਡੀਸੀਸੀਆਈ ਦੇ ਕੌਮੀ ਪ੍ਰਧਾਨ ਹੇਮੰਤ ਜੈਨ ਨੇ ਕਿਹਾ ਕਿ ਪਿਛਲੇ 119 ਸਾਲਾਂ ਤੋਂ ਪੀਐਚਡੀਸੀਸੀਆਈ ਉਦਯੋਗਿਕ ਕ੍ਰਾਂਤੀ ’ਚ ਸਹਿਯੋਗ ਦੇ ਕੇ ਦੇਸ਼ ਦੀ ਤਰੱਕੀ ਵਿੱਚ ਭਾਈਵਾਲ ਬਣਦਾ ਰਿਹਾ ਹੈ। ਚੈਂਬਰ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਉਦਯੋਗਾਂ ਅਤੇ ਸਰਕਾਰ ਵਿਚਕਾਰ ਪੁਲ ਦਾ ਕੰਮ ਕਰਕੇ ਨਵੇਂ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾਵੇ।
ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪਾਈਟੈਕਸ ਦਾ ਲਗਾਤਾਰ ਵਿਸਤਾਰ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਇੱਥੇ 500 ਦੇ ਕਰੀਬ ਸਟਾਲ ਲਗਾਏ ਗਏ ਸਨ, ਇਸ ਵਾਰ 600 ਤੋਂ ਵੱਧ ਕਾਰੋਬਾਰ ਆਪਣੇ ਉਤਪਾਦ ਲੈ ਕੇ ਇੱਥੇ ਪੁੱਜੇ ਹਨ। ਇਸ ਮੌਕੇ ਵਿਧਾਇਕ ਜੀਵਨ ਜੋਤ ਕੌਰ, ਜਸਬੀਰ ਸੰਧੂ, ਜਸਵਿੰਦਰ ਸੰਧੂ ਤੋਂ ਇਲਾਵਾ ਪੀਐਚਡੀਸੀਸੀਆਈ ਦੇ ਸੀਈਓ ਅਤੇ ਸਕੱਤਰ ਜਨਰਲ ਡਾ. ਰਣਜੀਤ ਮਹਿਤਾ, ਡਿਪਟੀ ਸਕੱਤਰ ਜਨਰਲ ਨਵੀਨ ਸੇਠ, ਚੈਂਬਰ ਦੀ ਖੇਤਰੀ ਡਾਇਰੈਕਟਰ ਭਾਰਤੀ ਸੂਦ, ਸਥਾਨਕ ਕਨਵੀਨਰ ਜੈਦੀਪ ਸਿੰਘ ਅਤੇ ਹੋਰ ਵੀ ਕਈ ਪਤਵੰਤੇ ਹਾਜ਼ਰ ਸਨ।