Canada: ਬਿਲਗਾ ਨਗਰ ਦੀ ਸੰਗਤ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦਾ ਵਿਆਹ ਪੁਰਬ ਮਨਾਇਆ
ਹਰਦਮ ਮਾਨ
ਸਰੀ, 11 ਜੁਲਾਈ 2025- ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਚ ਬਿਲਗਾ ਨਗਰ ਦੇ ਵਸਨੀਕਾਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਸੰਬੰਧੀ ਪੁਰਬ ਬੜੇ ਹੀ ਚਾਵਾਂ ਨਾਲ ਮਨਾਇਆ ਗਿਆ। ਇਸ ਸੰਬੰਧ ਵਿਚ ਰੱਖੇ ਗਏ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਦਰਬਾਰ ਹਾਲ ਵਿਚ ਦੀਵਾਨ ਸਜਾਏ ਗਏ। ਰਾਗੀ ਜੱਥਿਆਂ ਭਾਈ ਸਰਬਜੀਤ ਸਿੰਘ ਅਤੇ ਭਾਈ ਇਕਬਾਲ ਸਿੰਘ ਅਤੇ ਗਿਆਨੀ ਸਤਵਿੰਦਰਪਾਲ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਕਥਾ ਨਾਲ ਨਿਹਾਲ ਕੀਤਾ।
ਦੱਸਿਆ ਜਾਂਦਾ ਹੈ ਕਿ ਪੰਚਮ ਪਾਤਸ਼ਾਹ ਮਾਤਾ ਗੰਗਾ ਜੀ ਨਾਲ ਅਨੰਦ ਕਾਰਜ ਸਮੇਂ ‘ਮੌ ਸਾਹਿਬ’ ਨੂੰ ਜਾਂਦੇ ਹੋਏ ਜੰਞ ਸਮੇਤ ਦੁਆਬੇ ਦੇ ਇਸ ਇਤਿਹਾਸਕ ਨਗਰ ਵਿਚ ਠਹਿਰੇ ਸਨ। ਬਿਲਗਾ ਨਗਰ ਵਿਚ ਹਰ ਸਾਲ 18 ਤੋਂ 20 ਹਾੜ ਨੂੰ ਤਿੰਨ ਦਿਨਾਂ ਦਾ ਸਾਲਾਨਾ ਜੋੜ ਮੇਲਾ ਹੁੰਦਾ ਹੈ ਤੇ ਉਸ ਤੋਂ ਅਗਲੇ ਤਿੰਨ ਦਿਨ ‘ਮੌ ਸਾਹਿਬ’ ਵਿਖੇ ਵਿਆਹ ਪੁਰਬ ਦੇ ਸਬੰਧ ਵਿਚ ਧਾਰਮਿਕ ਦੀਵਾਨ ਦੇ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਜਾਏ ਜਾਂਦੇ ਹਨ। ਬਿਲਗਾ ਨਗਰ ਦੇ ਇਤਿਹਾਸ ਸੰਬੰਧੀ ਇਹ ਵੀ ਦੱਸਿਆ ਜਾਂਦਾ ਹੈ ਕਿ ਪਹਿਲੇ ਪਹਿਲ ਗੁਰੂ ਕਾਲ ਸਮੇਂ ਇਹ ਪਿੰਡ ਝੁੱਗੀਆਂ ਵਿਚ ਵਸਦਾ ਸੀ ਅਤੇ ਹਰ ਸਾਲ ਕੁਦਰਤੀ ਕਰੋਪੀ ਤੇ ਅੱਗ ਦਾ ਸ਼ਿਕਾਰ ਹੋ ਜਾਂਦਾ ਸੀ। ਪਿੰਡ ਵਾਸੀਆਂ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਕਿ ਭਵਿੱਖ ਵਿਚ ਅਕਾਲ ਪੁਰਖ ਦੀ ਰਹਿਮਤ ਸਦਕਾ ਇੱਥੇ ਬਹੁਤ ਵੱਡਾ ਨਗਰ ਵਸੇਗਾ। ਗੁਰੂ ਜੀ ਦੇ ਬਚਨਾਂ ਅਨੁਸਾਰ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਿਲੌਰ ਵਿਚ ਇਹ ਨਗਰ ਮੌਜੂਦ ਹੈ ਤੇ ਅੱਜ ਕੱਲ੍ਹ ਇਹ ਸੱਤ ਪੱਤੀਆਂ ਦੇ ਰੂਪ ਵਿਚ ਵਸਿਆ ਹੋਇਆ ਹੈ। ਗੁਰੂ ਆਰਜਨ ਦੇਵ ਜੀ ਦੀ ਛੋਹ ਪ੍ਰਾਪਤ ਕਈ ਵਸਤਾਂ ਵੀ ਇੱਥੋਂ ਦੇ ਗੁਰਦੁਆਰਾ ਸਾਹਿਬ ਵਿਚ ਮੌਜੂਦ ਹਨ।
ਸੇਵਾਦਾਰ ਬੀਬੀਆਂ ਨੇ ਮਿਲ ਕੇ ਸੀਰਨੀ ਗੋਗਲੇ ਤੇ ਲੱਡੂ ਵਗੈਰਾ ਵਿਆਹ ਸਮਾਗਮ ਸੰਬੰਧੀ ਮਠਿਆਈ ਬਨਾਉਣ ਦੀ ਸੇਵਾ ਬਹੁਤ ਤਨਦੇਹੀ ਨਾਲ ਕੀਤੀ। ਨਗਰ ਵਾਸੀਆਂ ਨੂੰ ਨਿਸ਼ਾਨੀ ਦੇ ਤੌਰ ‘ਤੇ ਵੰਡੀ ਗਈ ਅਤੇ ਲੰਗਰ ਹਾਲ ਵਿਚ ਸੰਗਤਾਂ ਨੇ ਵੀ ਅਨੰਦ ਮਾਣਿਆ। ਨਗਰ ਨਿਵਾਸੀਆਂ ਨੇ ਆਉਂਦੇ ਸਾਲ 2026 ਲਈ ਇਹ ਪ੍ਰੋਗਰਾਮ 3-4-5 ਜੁਲਾਈ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਕਰਵਾਉਣ ਦਾ ਐਲਾਨ ਕੀਤਾ।