ਕਿਸਾਨਾਂ ਨੇ ਕਿਸਾਨੀ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਰੋਹਿਤ ਗੁਪਤਾ
ਗੁਰਦਾਸਪੁਰ 25 ਜੂਨ 2024 - ਕਿਸਾਨ ਅਤੇ ਜਵਾਨ ਭਲਾਈ ਯੂਨੀਅਨ ਅਤੇ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸੰਜੇ ਤੌਰ ਤੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਜਿਲ੍ਹੇ ਦੇ ਕੁਝ ਅਹਿਮ ਮਸਲਿਆਂ ਦਾ ਹੱਲ ਕਰਨ ਲਈ ਡਿਪਟੀ ਕਮਿਸ਼ਨ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ।
ਕਿਸਾਨ ਅਤੇ ਜਵਾਨ ਭਲਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅਤੇ ਕਿਸਾਨ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਬਲਬੀਰ ਸਿੰਘ ਰੰਧਾਵਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਕਿਸਾਨ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਅੱਗੇ ਕੁਝ ਮੰਗਾਂ ਰੱਖੀ ਗਈਆਂ ਹਨ। ਉਹਨਾਂ ਦੱਸਿਆ ਕਿ ਸਾਲ 2020-21 ਦੌਰਾਨ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਉੱਤੇ ਚਲੇ ਸੰਘਰਸ਼ ਸਮੇਂ ਗੁਰਦਾਸਪੁਰ ਜਿਲ੍ਹੇ ਦੇ ਕਰੀਬ 24 ਕਿਸਾਨ ਸ਼ਹੀਦ ਹੋਏ ਸਨ।ਜਿਨਾਂ ਵਿੱਚੋਂ ਕੁਝ ਪਰਿਵਾਰ ਹਾਲਾਂ ਤੱਕ ਮੁਆਵਜ਼ਾ ਰਾਸ਼ੀ ਅਤੇ ਸਰਕਾਰੀ ਨੌਕਰੀਆਂ ਦੀ ਸਹੂਲਤ ਤੋਂ ਵਾਂਝੇ ਹਨ।ਲੋੜੀਂਦੀ ਕਾਰਵਾਈ ਮੁਕੰਮਲ ਕਰਕੇ ਇਹਨਾਂ ਪਰਿਵਾਰਾਂ ਨੂੰ ਬਣਦੇ ਹੱਕ ਤੁਰੰਤ ਦਿੱਤੇ ਜਾਣ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਬਟਾਲਾ ਡੇਰਾ ਬਾਬਾ ਨਾਨਕ ਰੋਡ ਉੱਪਰ ਪਿੰਡ ਬਹਿਲੋਲਪੁਰ ਨੇੜੇ ਸੱਕੀ ਨਾਲੇ ਉੱਪਰ ਬਣਾਏ ਜਾ ਰਹੇ ਪੁੱਲ ਦੇ ਸਾਈਫਨ ਦਾ ਸਾਈਜ਼ ਦੁੱਗਣਾ ਕੀਤਾ ਜਾਵੇ।ਕਾਹਲਾਂਵਾਲੀ ਤੋਂ ਸੱਕੀ ਨਾਲੇ ਤੱਕ ਸੜਕ ਚੌੜੀ ਹੋਣ ਕਰਨ ਬੰਦ ਕੀਤੀ ਗਈ ਡਰੇਨ ਦੀ ਮੁੜ ਖੁਦਾਈ ਕਰਵਾਈ ਜਾਵੇ।ਡੇਰਾ ਬਾਬਾ ਨਾਨਕ ਮਾਰਕੀਟ ਕਮੇਟੀ ਦੀ ਜ਼ਮੀਨ ਦੇ ਰਿਕਾਰਡ ਨਾਲ ਛੇੜ ਛਾੜ ਕਰਨ ਵਾਲੇ ਪਟਵਾਰੀਆਂ ਸੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਕਲਾਨੌਰ ਡਿਸਟਰੀਬਿਊਟਰੀ ਨੂੰ ਲੋੜਿੰਦੀ ਜਮੀਨ ਅਕੁਵਾਇਰ ਕਰਕੇ ਪੂਰਨ ਨਹਿਰ ਦਾ ਦਰਜਾ ਦਿੱਤਾ ਜਾਵੇ। ਗੁਰੂ ਰਵਿਦਾਸ ਮੰਦਿਰ ਡੇਰਾ ਬਾਬਾ ਨਾਨਕ ਦੀ ਪਾਰਕ ਵਾਲੀ ਜ਼ਮੀਨ ਹੜੱਪਣ ਦੀ ਸਾਜ਼ਿਸ਼ ਦੀ ਜਾਂਚ ਕਰਵਾਈ ਜਾਵੇ।
ਬਟਾਲਾ, ਡੇਰਾ ਬਾਬਾ ਨਾਨਕ ਰੋਡ ਉੱਤੇ ਪਿੰਡ ਚੈਣੇਵਾਲ ਕੋਲ ਲਗਾਏ ਜਾ ਰਹੇ ਟੋਲ ਪਲਾਜੇ ਦੀ ਤਜਵੀਜ ਨੂੰ ਤੁਰੰਤ ਰੱਦ ਕੀਤਾ ਜਾਵੇ। ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੀ ਮਾਲਕੀ ਜ਼ਮੀਨ ਰਕਬਾ 2 ਕਨਾਲ ਖਸ਼ਰਾ ਨੰਬਰ 397/1 ਪਿੰਡ ਪਖੋ ਕੇ ਦਾ ਝੂਠੇ ਦਸਤਾਵੇਜ ਲਗਾ ਕੇ ਪ੍ਰਵਾਨ ਕੀਤੇ ਇੰਤਕਾਲ ਨੂੰ 2074 ਨੂੰ ਰੱਦ ਕਰਨ ਸਬੰਧੀ ਅਤੇ ਦੋਸ਼ੀਆ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਰਾਵੀ ਦਰਿਆ ਦੇ ਧਰਮਕੋਟ ਪੱਤਣ, ਡਾਲਾ ਗੁਰਚਕ ਅਤੇ ਮਨਸੂਰ ਆਦਿ ਪਿੰਡਾਂ ਦੀ ਜ਼ਮੀਨ ਹੜ੍ਹਾਂ ਤੋਂ ਬਚਾਉਣ ਲਈ ਸਾਲ 2023 ਵਿੱਚ ਲੋਕਾਂ ਵੱਲੋਂ ਖ਼ੁਦ ਬਣਾਏ ਗਏ ਬੰਨ ਦੇ ਨਾਲ ਪੱਥਰ ਦੀ ਦੀਵਾਰ ਲਗਾਈ ਜਾਵੇ ਅਤੇ ਦਰਿਆ ਵਿੱਚ ਪਾਣੀ ਦੀ ਵੱਧ ਸਪੇਸ ਬਣਾਉਣ ਲਈ ਦਰਿਆ ਵਿੱਚ ਭਰੀ ਹੋਈ ਰੇਤਾ ਨੂੰ ਬਾਹਰ ਕੱਢਿਆ ਜਾਵੇ ਆਦੀ ਮੰਗਾ ਵੀ ਮੰਗ ਪੱਤਰ ਵਿੱਚ ਰੱਖਿਆ ਗਈਆਂ ਹਨ।