ਪਿੰਡ ਮੰਡੌਰ ਦੀ ਰਿਜ਼ਰਵ ਜ਼ਮੀਨ ਦੀ ਬੋਲੀ ਸਮੇਂ ਗਰਮਾਇਆ ਮਾਹੌਲ ਪ੍ਰਸ਼ਾਸਨ ਨੇ ਬੋਲੀ ਕੀਤੀ ਰੱਦ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 28 ਜੂਨ 2024:- ਪਿੰਡ ਮੰਡੌਰ ਦੀ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਅੱਜ ਪ੍ਰਸ਼ਾਸਨ ਵੱਲੋਂ ਬੀਡੀਪੀਓ ਦਫ਼ਤਰ (ਪਟਿਆਲਾ ਦਿਹਾਤੀ) ਵਿਖੇ ਰੱਖੀ ਗਈ ਸੀ। ਜੋ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਪਿੰਡ ਮੰਡੌਰ ਦੇ ਮਜ਼ਦੂਰ ਭਾਈਚਾਰੇ ਵੱਲੋਂ ਡੰਮੀ ਬੋਲੀ ਕਰਨ ਦੇ ਵਿਰੋਧ ਕਾਰਨ ਰੱਦ ਕਰ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਸੈਕਟਰੀ ਗੁਰਵਿੰਦਰ ਬੌੜਾਂ ਅਤੇ ਇਕਾਈ ਆਗੂ ਗੁਰਪ੍ਰੀਤ ਸਿੰਘ ਅਤੇ ਪਰਮਜੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਡੰਮੀ ਬੋਲੀ ਕਰਵਾਉਣ ਦੀ ਤਾਕ 'ਚ ਰਿਜ਼ਰਵ ਜ਼ਮੀਨ ਦੀ ਬੋਲੀ ਬੀਡੀਪੀਓ ਦਫ਼ਤਰ ਰੱਖੀ ਗਈ ਤਾਂ ਜੋ ਰਿਜ਼ਰਵ ਜ਼ਮੀਨ ਪਿੰਡ ਦੇ ਕੁਝ ਰਸੂਖਵਾਨਾਂ ਨੂੰ ਵਹਾਈ ਜਾ ਸਕੇ ਅਤੇ ਸਿਆਸੀ ਦਬਾਅ ਹੇਠ ਪ੍ਰਸ਼ਾਸਨ ਉਹਨਾਂ ਦਲਿਤਾਂ (ਜਿਨ੍ਹਾਂ ਦੀ ਗਿਣਤੀ ਪੰਜ ਤੋਂ ਸੱਤ ਹੈ) ਨੂੰ ਬੋਲੀ ਦਾ ਹਿੱਸਾ ਬਣਾਇਆ ਗਿਆ ਜਿਨ੍ਹਾਂ ਨੇ ਪਿਛਲੇ ਸਾਲ ਰਿਜ਼ਰਵ ਜ਼ਮੀਨ ਬੋਲੀ ਤੇ ਲੈ ਕੇ ਅੱਗੇ ਜਰਨਲ ਵਰਗ ਨੂੰ ਵਾਹੁਣ ਲਈ ਦਿੱਤੀ ਸੀ। ਅੱਜ ਦੀ ਇਸ ਬੋਲੀ ਦੌਰਾਨ ਪਿਛਲੇ ਸਾਲ ਰਿਜ਼ਰਵ ਜ਼ਮੀਨ ਦੀ ਵਾਹੀ ਕਰਨ ਵਾਲਿਆਂ ਸਮੇਤ ਵੱਡੀ ਗਿਣਤੀ ਵਿਚ ਪਿੰਡ ਦੇ ਹੋਰ ਜਰਨਲ ਬੰਦੇ ਵੀ ਹਾਜ਼ਰ ਸਨ। ਦੂਜੇ ਪਾਸੇ ਦਲਿਤਾਂ ਦੇ 150 ਤੋਂ ਵੱਧ ਪਰਿਵਾਰ ਹਨ ਜੋਂ ਰਿਜ਼ਰਵ ਜ਼ਮੀਨ ਸਾਂਝੀ ਖੇਤੀ ਕਰਨ ਅਤੇ ਪਸ਼ੂਆਂ ਲਈ ਹਰਾ ਚਾਰਾ ਬੀਜਣ ਲਈ ਚਕੋਤੇ ਲੈਣੀ ਚਾਹੁੰਦੇ ਹਨ।
ਪ੍ਰਸ਼ਾਸਨ ਪਿੰਡ ਦੇ ਘਡੰਮ ਚੌਧਰੀਆਂ ਨੂੰ ਖੁਸ਼ ਕਰਨ ਲਈ ਇਨ੍ਹਾਂ 150 ਪਰਿਵਾਰਾਂ ਨੂੰ ਬੋਲੀ ਤੇ ਭਾਰੀ ਪੁਲਸ ਫੋਰਸ ਲਗਾਕੇ ਲਗਾਤਾਰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਮਜ਼ਦੂਰ ਵੱਲੋਂ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਅਤੇ ਮਜਬੂਰੀ ਵੱਸ ਪ੍ਰਸ਼ਾਸਨ ਨੂੰ ਬੌਲੀ ਰੱਦ ਕਰਨੀ ਪਈ। ਜ਼ੋਨਲ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਕਿਹਾ ਇਹ ਬੋਲੀ ਕਰਾਉਣ ਲਈ ਡੀ ਸੀ ਪਟਿਆਲਾ ਵੱਲੋਂ ਏਡੀਸੀ ਡੀ ਦੀ ਡਿਊਟੀ ਲਗਾਈ ਗਈ ਸੀ ਪਰ ਏਡੀਸੀ ਡੀ ਦਾ ਰਵੱਈਆ ਵੀ ਡੰਮੀ ਬੰਦਿਆਂ ਨੂੰ ਬੋਲੀ ਵਿੱਚ ਸ਼ਾਮਲ ਕਰਨ ਦਾ ਹੀ ਸੀ। ਇਸ ਮੌਕੇ ਉਪਰੋਕਤ ਤੋਂ ਬਿਨਾਂ ਲਖਵੀਰ ਸਿੰਘ, ਭੀਮ ਸਿੰਘ, ਜਗਸੀਰ ਸਿੰਘ, ਹਰਜੀਤ ਸਿੰਘ, ਚਰਨਜੀਤ ਕੌਰ, ਸੁਖਵਿੰਦਰ ਕੌਰ ਅਤੇ ਹੋਰ ਇਕਾਈ ਆਗੂ ਸ਼ਾਮਲ ਰਹੇ।