ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੁੜਕਾ ਵੱਲੋਂ ਆਨਲਾਈਨ ਸਮਰ ਕੈਂਪ ਦੀ ਸਮਾਪਤੀ
- ਆਨਲਾਈਨ ਸਮਰ ਕੈਂਪ ਵਿਦਿਆਰਥੀਆਂ ਲਈ ਬੜਾ ਲਾਹੇਵੰਦ ਸਾਬਤ ਹੋਇਆ--ਕਮਲਜੀਤ ਸਿੰਘ ਮਤੋਈ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 28 ਜੂਨ 2024 - ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੁੜਕਾ ਵਿਖੇ ਆਨਲਾਈਨ ਦਸ ਰੋਜ਼ਾ ਸਮਰ ਕੈਂਪ 18 ਜੂਨ ਤੋਂ 27 ਜੂਨ 2024 ਤੱਕ ਲਗਾਇਆ ਗਿਆ। ਆਨਲਾਈਨ ਸਮਰ ਕੈਂਪ ਵਿੱਚ ਗਰਮੀਆਂ ਦੀਆਂ ਛੁੱਟੀਆਂ ਨੂੰ ਧਿਆਨ ਚ ਰੱਖਦੇ ਹੋਏ ਬੱਚਿਆਂ ਦੇ ਮਨੋਰੰਜਨ ਅਤੇ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਬੱਚਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਆਨਲਾਈਨ ਸਮਰ ਕੈਂਪ ਤਹਿਤ ਬੱਚਿਆਂ ਅੰਦਰ ਵਾਤਾਵਰਨ ਪ੍ਰਤੀ ਸੁਚੇਤਤਾ ਅਤੇ ਸਿਹਤ ਤੰਦਰੁਸਤੀ ਲਈ ਯੋਗਾ ਮੁਕਾਬਲੇ ਅਤੇ ਹੋਰ ਕ੍ਰਿਆਤਮਕ ਰੂਪ ਰੇਖਾ ਤਿਆਰ ਕੀਤੀ ਗਈ ਸੀ।
ਸਕੂਲ ਮੁਖੀ ਕਮਲਜੀਤ ਸਿੰਘ ਮਤੋਈ ਵੱਲੋਂ ਇਸ ਸਬੰਧੀ ਦੱਸਿਆ ਗਿਆ ਕਿ ਆਨਲਾਈਨ ਸਮਰ ਕੈਂਪ ਵਿਦਿਆਰਥੀਆਂ ਲਈ ਬੜਾ ਲਾਹੇਵੰਦ ਸਾਬਤ ਹੋਇਆ। ਕਿਉਂਕਿ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੇ ਆਪਣੀਆਂ ਪ੍ਰਤਿਭਾਵਾਂ ਨੂੰ ਨਿਖਾਰਿਆ। ਸਮਰ ਕੈਂਪ ਦੇ ਅਖੀਰਲੇ ਦਿਨ ਬੱਚਿਆਂ ਦੇ ਮਾਪਿਆ ਤੇ ਪਿੰਡ ਰੁੜਕਾ ਵੱਲੋਂ ਸਕੂਲ ਇੰਚਾਰਜ ਕਮਲਜੀਤ ਸਿੰਘ ਮਤੋਈ ਤੇ ਸਮਰ ਕੈਂਪ ਦੀ ਭਰਪੂਰ ਸਲਾਘਾ ਕੀਤੀ ਗਈ। ਇਸ ਕੈਂਪ ਨਾਲ ਬੱਚਿਆਂ ਦੇ ਸਿੱਖਣ ਵਿੱਚ ਭਰਪੂਰ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਤ੍ਰਿਸੀਕਾ ਸ਼ਰਮਾਂ ਵੱਲੋੰ ਤਿਆਰ ਕੀਤਾ ਗਿਆ ਰੀਡਿੰਗ ਕਾਰਨਰ ਕੈਂਪ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਰਿਹਾ।