ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ, 28 ਜੂਨ 2024 - ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਕਸ਼ਮੀਰ ਸਿੰਘ ਨੇ ਦੁੱਧ ਦੀ ਗੁਣਵਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦੁੱਧ ਸਾਡੀ ਖੁਰਾਕ ਦਾ ਮਹੱਤਵਪੂਰਨ ਅੰਗ ਹੈ ਅਤੇ ਇੱਕ ਸੰਤੁਲਿਤ ਭੋਜਨ ਹੈ, ਕਿਉਂਕਿ ਇਸ ਵਿੱਚ ਇਨਸਾਨ ਦੇ ਸਰੀਰ ਨੂੰ ਲੋੜੀਂਦੇ ਖੁਰਾਕੀ ਤੱਤਾਂ ਦੀ ਭਰਭੂਰ ਮਿਕਦਾਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦੁੱਧ ਫੈਟ, ਪ੍ਰੋਟੀਨ, ਲੈਕਟੋਜ, ਵਿਟਾਮਿਨਜ ਅਤੇ ਧਾਤਾਂ ਦਾ ਸੁਮੇਲ ਹੈ।ਇਹਨਾਂ ਸਾਰੇ ਤੱਤਾਂ ਦਾ ਜੋੜ 12 ਫੀਸਦੀ ਤੋਂ ਵੱਧ ਹੋਣਾ ਚਾਹੀਦਾ ਹੈ, ਪ੍ਰੰਤੂ ਕੁਝ ਲੋਕ ਪੈਸੇ ਦੇ ਲਾਲਚ ਵੱਸ ਠੋਸ ਤੱਤਾਂ ਦੀ ਪੂਰਤੀ ਕਰਨ ਲਈ ਦੁੱਧ ਵਿੱਚ ਮਿਲਾਵਟ ਕਰਦੇ ਹਨ। ਉਨ੍ਹਾਂ ਕਿਹਾ ਕਿ ਦੁੱਧ ਵਿੱਚ ਪਾਣੀ ਤੋਂ ਇਲਾਵਾ ਕਈ ਤਰ੍ਹਾਂ ਦੇ ਅਜਿਹੇ ਰਸਾਇਣਕ ਪਦਾਰਥ ਮਿਲਾਕੇ ਵੇਚਦੇ ਹਨ ਜੋ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਹਨ।
ਡਿਪਟੀ ਡਾਇਰੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਘਰਾਂ ਵਿੱਚ ਵਰਤੇ ਜਾਂਦੇ ਦੁੱਧ ਦੀ ਕੁਆਲਟੀ ਪ੍ਰਤੀ ਜਾਗਰੂਕਤਾ ਲਿਆਉਣ ਲਈ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਮੁਫਤ ਦੁੱਧ ਪਰਖ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਿਹਤ ਸ਼ਹਿਰਾਂ ਵਿੱਚ ਕੈਂਪ ਲਗਾ ਕੇ ਇਸ ਵਿਭਾਗ ਦੀਆਂ ਟੀਮਾਂ ਦੁੱਧ ਦੀ ਕੁਆਲਟੀ ਚੈਕ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਹੀ ਇੱਕ ਅਜਿਹਾ ਇੱਕ ਕੈਂਪ ਗੁਰਦਾਸਪੁਰ ਸ਼ਹਿਰ ਦੇ ਵਾਰਡ ਨੰਬਰ 2 ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਦੁੱਧ ਦੇ ਕੁੱਲ 15 ਸੈਪਲ ਲਏ ਗਏ। ਇਹਨਾਂ ਵਿੱਚੋ 10 ਸੈਪਲਾਂ ਵਿੱਚ ਪਾਣੀ ਦੀ ਮਾਤਰਾ ਵੱਧ ਪਾਈ ਗਈ ਅਤੇ 5 ਸੈਂਪਲ ਮਿਆਰਾਂ ਅਨੁਸਾਰ ਸਹੀ ਪਾਏ ਗਏ। ਉਨ੍ਹਾਂ ਦੱਸਿਆ ਕਿ 03 ਸੈਂਪਲ ਯੂਰੀਆ ਦੇ ਟੈਸਟ ਕੀਤੇ ਗਏ, 01 ਸੈਂਪਲ ਸਾਲਟ ਦਾ ਟੈਸਟ ਕੀਤੇ ਗਏ। ਇਹਨਾਂ ਵਿੱਚ ਕੋਈ ਵੀ ਹਾਨੀਕਾਰਕ ਪਦਾਰਥ ਨਹੀ ਪਾਇਆ ਗਿਆ।
ਇਸ ਕੈਂਪ ਦੇ ਸੈਂਪਲ ਸ਼੍ਰੀ ਬਰਜਿੰਦਰ ਸਿੰਘ ਡੇਅਰੀ ਇੰਸਪੈਕਟਰ ਅਤੇ ਵੈਨ ਇੰਚਾਰਜ ਸ਼੍ਰੀਮਤੀ ਅਨੂੰ ਨੇ ਟੈਸਟ ਕੀਤੇ। ਉਨ੍ਹਾਂ ਕਿਹਾ ਕਿ ਵਿਭਾਗੀ ਟੀਮ ਵਲੋਂ ਕਲੋਨੀ ਨਿਵਾਸੀਆਂ ਨੂੰ ਚੰਗੀ ਕੁਆਲਟੀ ਵਾਲਾ ਦੁੱਧ ਵਰਤਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਅੰਕੁਸ਼ ਸ਼ਰਮਾ, ਸਤਨਾਮ ਸਿੰਘ, ਅਮਨ, ਸੋਨੂੰ ਆਦਿ ਮੌਜੂਦ ਸਨ।