ਉਸਾਰੀ ਢਾਹੁਣ ਦੌਰਾਨ ਗਾਂ ਦੇ ਜ਼ਖਮੀ ਹੋਣ ਦਾ ਮਾਮਲਾ: ਐਨ ਕੇ ਸ਼ਰਮਾ ਵੱਲੋਂ ਨਗਰ ਕੌਂਸਲ 'ਚ ਧਰਨਾ
ਮਲਕੀਤ ਸਿੰਘ ਮਲਕਪੁਰ
ਲਾਲੜੂ 28 ਜੂਨ 2024: ਬੀਤੇ ਕੱਲ ਨਗਰ ਕੌਂਸਲ ਲਾਲੜੂ 'ਚ ਉਸਾਰੀ ਢਾਹੁਣ ਅਤੇ ਉਸੇ ਦੌਰਾਨ ਉਸਾਰੀ ਦੀ ਕੰਧ ਡਿੱਗਣ ਕਾਰਨ ਜ਼ਖਮੀ ਹੋਈ ਗਾਂ ਦੇ ਮਾਮਲੇ ਵਿੱਚ ਅੱਜ ਸਾਬਕਾ ਵਿਧਾਇਕ ਤੇ ਅਕਾਲੀ ਆਗੂ ਐਨ.ਕੇ. ਸ਼ਰਮਾ ਦੀ ਅਗਵਾਈ ਹੇਠ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਕੌਂਸਲ ਦੇ ਦਫਤਰ ਮੁਹਰੇ ਧਰਨਾ ਦਿੱਤਾ ਅਤੇ ਕੌਸਲ ਵਿਰੁੱਧ ਨਾਅਰੇਬਾਜੀ ਕੀਤੀ ਗਈ ।ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਬਦਲਾਖੋਰੀ ਦੀ ਭਾਵਨਾ ਤਹਿਤ ਕੰਮ ਕਰਦਿਆਂ ਅਕਾਲੀ ਵਰਕਰਾਂ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾ ਰਹੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਕੌਂਸਲ ਅਧਿਕਾਰੀਆਂ ਨੇ ਉਸਾਰੀ ਢਾਹੁਣ ਸਮੇਂ ਨਾ ਸਿਰਫ ਕਿਸਾਨ ਪਰਿਵਾਰ ਨਾਲ ਧੱਕਾ ਕੀਤਾ ਹੈ,ਸਗੋਂ ਕੌਂਸਲ ਅਧਿਕਾਰੀਆਂ ਵੱਲੋਂ ਵਰਤੀ ਅਣਗਹਿਲੀ ਕਾਰਨ ਗੁਆਂਢੀ ਪਰਿਵਾਰ ਦੇ ਪਸ਼ੂਆਂ ਦਾ ਵੱਡਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਪੂਰਾ ਅਕਾਲੀ ਦਲ ਪੀੜਤ ਵਿਅਕਤੀ ਨਾਲ ਖੜਿਆ ਹੈ। ਉਨ੍ਹਾਂ ਕਿਹਾ ਕਿ ਵੈਟਰਨਰੀ ਡਾਕਟਰ ਵੱਲੋਂ ਦਿੱਤੀ ਰਿਪੋਰਟ ਮੁਤਾਬਕ ਜ਼ਖਮੀ ਗਾਂ ਦਾ ਇੱਕ ਸਿੰਗ ਟੁੱਟ ਗਿਆ ਹੈ ਤੇ ਉਹ ਖੜ੍ਹੀ ਹੋਣ ਵਿੱਚ ਅਸਮਰੱਥ ਹੈ।ਉਨ੍ਹਾਂ ਕਿਹਾ ਕਿ ਡਾਕਟਰ ਦੇ ਕਹਿਣ ਉਤੇ ਗਾਂ ਨੂੰ ਲੁਧਿਆਣਾ ਯੂਨੀਵਰਸਿਟੀ 'ਚ ਭੇਜਿਆ ਗਿਆ ਹੈ ਤਾਂ ਜੋ ਗਾਂ ਨੂੰ ਆਈਆਂ ਸੱਟਾਂ ਦਾ ਪਤਾ ਲੱਗ ਸਕੇ।
ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਉਹ ਸੋਮਵਾਰ ਨੂੰ ਇਸ ਮਾਮਲੇ ਸਬੰਧੀ ਐਸ ਐਸ ਪੀ ਤੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਸਾਰੀ ਸਥਿਤੀ ਬਾਰੇ ਜਾਣੂੰ ਕਰਵਾਉਣਗੇ।ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਮਸਲਾ ਹੱਲ ਨਹੀਂ ਹੋਇਆ ਤਾਂ ਉਹ ਜ਼ਿਲ੍ਹਾ ਪੱਧਰ ਉਤੇ ਧਰਨੇ ਦੇਣਗੇ।ਦੂਜੇ ਪਾਸੇ ਇਸ ਸਬੰਧੀ ਸੰਪਰਕ ਕਰਨ ਉਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਾਰੀ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਹੈ ।ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪਰਿਵਾਰ ਢਾਹੀ ਗਈ ਉਸਾਰੀ ਦੀ ਦੁਬਾਰਾ ਮਿਣਤੀ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਇਹ ਕੰਮ ਪਹਿਲ ਦੇ ਆਧਾਰ ਉਤੇ ਕਰਵਾਉਣ ਲਈ ਤਿਆਰ ਹਨ। ਗਾਂ ਦਾ ਇਲਾਜ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗਾਂ ਦਾ ਇਲਾਜ ਸਰਕਾਰੀ ਡਾਕਟਰ ਕਰ ਰਹੇ ਹਨ ਤੇ ਜੇਕਰ ਫਿਰ ਵੀ ਗਾਂ ਦੇ ਮਾਮਲੇ ਵਿੱਚ ਪ੍ਰਸ਼ਾਸਨ ਦੀ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਈ ਤਾਂ ਉਹ ਹਰ ਮਦਦ ਕਰਨ ਲਈ ਵੀ ਤਿਆਰ ਹਨ।