ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਿਖਲਾਈ ਕੋਰਸ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 28 ਜੂਨ 2024 - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ‘ਪੌਸ਼ਟਿਕ ਪੇਅ ਪਦਾਰਥ ਬਣਾਉਣ’ ਸਬੰਧੀ ਇੱਕ ਦਿਨ ਸਿਖਲਾਈ ਕੋਰਸ ਦਾ ਆਯੋਜਨ ਪਿੰਡ ਸਹੁੰਗੜਾ ਵਿਖੇ ਕੀਤਾ ਗਿਆ, ਜਿਸ ਵਿੱਚ 24 ਸੁਆਣੀਆਂ ਨੇ ਹਿੱਸਾ ਲਿਆ।
ਇਸ ਸਿਖਲਾਈ ਪੋ੍ਰਗਰਾਮ ਦੌਰਾਨ, ਕਿਸਾਨ ਬੀਬੀਆਂ ਨੂੰ ਸੰਬੋਧਿਤ ਅਤੇ ਸਮੂਹ ਚਰਚਾ ਵਿਧੀ ਰਾਹੀ ਪੌਸ਼ਟਿਕ ਪੇਅ ਪਦਾਰਥਾਂ ਨੂੰ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ।ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਦੇ ਸਹਾਇਕ ਪੋ੍ਰਫੈਸਰ (ਗ੍ਰਹਿ ਵਿਗਿਆਨ), ਡਾ. ਰਜਿੰਦਰ ਕੌਰ ਨੇ ਦੱਸਿਆ ਕਿ ਗਰਮੀਆਂ ਦੀ ਰੁੱਤ ਵਿੱਚ ਸੁਕੈਸ਼ ਅਤੇ ਸ਼ਰਬਤ ਸਾਡੇ ਸਰੀਰ ਲਈ ਬਹੁਤ ਲਾਹੇਵੰਦ ਹਨ। ਘਰੇਲੂ ਪੱਧਰ ਤੇ ਬਣਾਏ ਪੇਅ ਪਦਾਰਥ ਰਸਾਇਣ ਮੁਕਤ ਹੋਣ ਦੇ ਨਾਲ-ਨਾਲ ਵਿਟਾਮਿਨ, ਪੋਟਾਸੀਅਮ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦੇ ਹਨ।
ਇਸ ਦੇ ਨਾਲ ਹੀ ਉਹਨਾਂ ਨੇ ਇਹਨਾਂ ਪਦਾਰਥਾਂ ਨੂੰ ਲੰਬੇ ਸਮੇਂ ਤੱਕ ਸੰਭਾਲਣ ਦੀ ਅਲੱਗ-ਅਲੱਗ ਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸੇ ਲੜ੍ਹੀ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਤੋਂ ਡੇਮੋਂਸਟਰੇਟਰ (ਗ੍ਰਹਿ ਵਿਗਿਆਨ) ਸ਼੍ਰੀਮਤੀ ਰੇਨੂ ਬਾਲਾ ਨੇ ਸੁਆਣੀਆਂ ਨੂੰ ਹੱਥੀ ਅਨਾਨਾਸ ਦਾ ਸੁਕੈਸ਼ ਅਤੇ ਬਦਾਮ ਦਾ ਸ਼ਰਬਤ ਬਣਾਉਣ ਦਾ ਤਰੀਕਾ ਵੀ ਪ੍ਰਦਰਸ਼ਿਤ ਕੀਤਾ।
ਅੰਤ ਵਿੱਚ ਡਾ. ਰਜਿੰਦਰ ਕੌਰ ਨੇ ਫ਼ਤਿਹ ਸਵੈ-ਸਹਾਇਤਾ ਸਮੂਹ ਦੇ ਮੈਂਬਰ ਸ਼੍ਰੀਮਤੀ ਸੀਮਾ, ਸ਼੍ਰੀਮਤੀ ਨੀਲਮ ਸ਼੍ਰੀਮਤੀ ਸੀਮਾ ਰਾਣੀ, ਸ਼੍ਰੀਮਤੀ ਨਰਿੰਦਰ ਕੌਰ ਅਤੇ ਸ਼੍ਰੀਮਤੀ ਅਮਨਦੀਪ ਕੌਰ ਦਾ ਇਸ ਕੈਂਪ ਨੂੰ ਪਿੰਡ ਸਹੁੰਗੜਾ ਵਿਖੇ ਆਯੋਜਿਤ ਕਰਨ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਇਹ ਵੀ ਅਪੀਲ ਕੀਤੀ ਕਿ ਅਗਾਂਹ ਵੀ ਏਸੇ ਤਰ੍ਹਾਂ ਇਸ ਕੇਂਦਰ ਦੇ ਅਗਲੇਰੇ ਉਲੀਕੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨ।