ਬੱਚਿਆਂ ਨੂੰ ਸਕੂਲੇ ਭੇਜਣ ਦੀ ਬਜਾਏ ਬਾਲ ਮਜ਼ਦੂਰੀ ਕਰਵਾਈ ਜਾਂਦੀ ਹੈ-- ਵਿਜੈ ਗਰਗ
ਗ਼ਰੀਬ ਬੱਚੇ ਸਭ ਤੋਂ ਜ਼ਿਆਦਾ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ
ਬਾਰਾਂ ਜੂਨ ਦਾ ਦਿਨ ਹਰ ਸਾਲ ਪੂਰੇ ਸੰਸਾਰ ਵਿਚ ਬਾਲ ਮਜ਼ਦੂਰੀ ਦੇ ਵਿਰੋਧ ਵਿਚ ਮਨਾਇਆ ਜਾਂਦਾ ਹੈ। ਬਾਲ ਮਜ਼ਦੂਰੀ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਕੰਮ ’ਚੋਂ ਕੱਢ ਕੇ ਉਨ੍ਹਾਂ ਨੂੰ ਸਿੱਖਿਆ ਦਿਵਾਉਣ ਦੇ ਉਦੇਸ਼ ਨਾਲ ਇਸ ਦਿਨ ਦੀ ਸ਼ੁਰੁਆਤ ਸਾਲ 2002 ਵਿਚ ‘ਦਿ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ’ ਵੱਲੋਂ ਕੀਤੀ ਗਈ ਸੀ। ਪੂਰੇ ਸੰਸਾਰ ਵਿਚ ਇਸ ਦਿਨ ਨੂੰ ਮਨਾਏ ਜਾਣ ਦਾ ਮੁੱਖ ਮਕਸਦ ਬਾਲ ਮਜ਼ਦੂਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ।
ਅੱਜ ਭਾਰਤ ਵਿਚ ਬਾਲ ਮਜ਼ਦੂਰੀ ਬਹੁਤ ਵੱਡੀ ਸਮੱਸਿਆ ਹੈ। ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਇਸ ਲਾਹਨਤ ਨੂੰ ਰੋਕਣ ਲਈ ਕਾਨੂੰਨ ਬਣਾਏ ਜਾਂਦੇ ਰਹੇ ਹਨ ਤੇ ਇਸ ਬੁਰਾਈ ਨੂੰ ਰੋਕਣ ਲਈ ਵੱਡੇ ਉਪਰਾਲੇ ਕੀਤੇ ਜਾਣ ਦੇ ਦਾਅਵੇ ਵੀ ਹੁੰਦੇ ਹਨ ਪਰ ਅੱਜ ਢਾਬਿਆਂ, ਉਦਯੋਗਿਕ ਇਕਾਈਆਂ ਅਤੇ ਹੋਰ ਅਨੇਕ ਥਾਵਾਂ ’ਤੇ ਮਜ਼ਦੂਰੀ ਕਰਦੇ ਬਾਲ ਇਨ੍ਹਾਂ ਸਰਕਾਰੀ ਦਾਅਵਿਆਂ ਦੀ ਹਵਾ ਕੱਢਦੇ ਨਜ਼ਰ ਆਉਦੇ ਹਨ।
ਦੇਸ਼ ਵਿਚ ਬਾਲ ਮਜ਼ਦੂਰੀ ਦਾ ਅੰਕੜਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਮੌਜੂਦਾ ਸਮੇਂ ਵਿਚ ਗ਼ਰੀਬ ਬੱਚੇ ਸਭ ਤੋਂ ਜ਼ਿਆਦਾ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੂੰ ਸਕੂਲੇ ਭੇਜਣ ਦੀ ਬਜਾਏ ਬਾਲ ਮਜ਼ਦੂਰੀ ਕਰਵਾਈ ਜਾਂਦੀ ਹੈ। ਜ਼ਿਆਦਾਤਰ ਬੱਚੇ ਆਪਣੇ ਘਰਾਂ ਦੀ ਆਰਥਿਕ ਹਾਲਤ ਅਤਿ ਦੀ ਕਮਜ਼ੋਰ ਹੋਣ ਕਾਰਨ ਜਾਂ ਮਾਪਿਆਂ ਦੇ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੋਣ ਕਾਰਨ ਮਜ਼ਦੂਰੀ ਕਰਨ ਲਈ ਮਜਬੂਰ ਹੁੰਦੇ ਹਨ। ਬਾਲ ਮਜ਼ਦੂਰੀ ਬੱਚਿਆਂ ਦੇ ਮਾਨਸਿਕ, ਸਰੀਰਕ, ਆਤਮਿਕ, ਬੌਧਿਕ ਅਤੇ ਸਮਾਜਿਕ ਹਿੱਤਾਂ ਨੂੰ ਪ੍ਰਭਾਵਿਤ ਕਰਦੀ ਹੈ।
ਜੋ ਬੱਚੇ ਬਾਲ ਮਜ਼ਦੂਰੀ ਕਰਦੇ ਹਨ ਉਹ ਮਾਨਸਿਕ ਪੱਖੋਂ ਬਿਮਾਰ ਰਹਿੰਦੇ ਹਨ ਅਤੇ ਬਾਲ ਮਜ਼ਦੂਰੀ ਉਨ੍ਹਾਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਵਿਚ ਵੱਡੀ ਰੁਕਾਵਟ ਬਣਦੀ ਹੈ। ਬਾਲ ਮਜ਼ਦੂਰੀ ਬੱਚਿਆਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਤੋਂ ਵਾਂਝੇ ਕਰਦੀ ਹੈ ਜੋ ਸੰਵਿਧਾਨ ਦੇ ਵਿਰੁੱਧ ਹੈ ਅਤੇ ਮਾਨਵੀ ਅਧਿਕਾਰਾਂ ਦੀ ਉਲੰਘਣਾ ਵੀ ਹੈ। ਭਾਰਤ ਵਿਚ 1986 ਵਿਚ ਬਾਲ ਮਜ਼ਦੂਰੀ ਵਿਰੁੱਧ ਇਕ ਐਕਟ ਪਾਸ ਕੀਤਾ ਗਿਆ ਸੀ।
ਇਸ ਐਕਟ ਅਨੁਸਾਰ ਉਦਯੋਗਾਂ ਵਿਚ ਬੱਚਿਆਂ ਤੋਂ ਕੰਮ ਕਰਵਾਉਣ ਦੀ ਮਨਾਹੀ ਹੈ। ਇਸ ਮੁਤਾਬਕ 14 ਸਾਲਾਂ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਕਿਸੇ ਫੈਕਟਰੀ ਆਦਿ ਵਿਚ ਕੰਮ ’ਤੇ ਨਹੀਂ ਰੱਖਿਆ ਜਾ ਸਕਦਾ। ਪੰਦਰਾਂ ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਕਿਸੇ ਫੈਕਟਰੀ ਵਿਚ ਉਦੋਂ ਰੱਖਿਆ ਜਾ ਸਕਦਾ ਹੈ ਜਦੋਂ ਉਨ੍ਹਾਂ ਕੋਲ ਕਿਸੇ ਮਾਨਤਾ ਪ੍ਰਾਪਤ ਡਾਕਟਰ ਦਾ ਫਿਟਨੈੱਸ ਪ੍ਰਮਾਣ ਪੱਤਰ ਹੋਵੇ।
ਇਸ ਕਾਨੂੰਨ ਵਿਚ 14 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਹਰ ਦਿਨ ਸਾਢੇ ਚਾਰ ਘੰਟੇ ਕੰਮ ਕਰਨਾ ਤੈਅ ਕੀਤਾ ਗਿਆ ਹੈ ਅਤੇ ਰਾਤ ਸਮੇਂ ਉਨ੍ਹਾਂ ਦੇ ਕੰਮ ਕਰਨ ’ਤੇ ਰੋਕ ਲਗਾਈ ਗਈ ਹੈ ਪਰ ਅਫ਼ਸੋਸ ਕਿ ਇੰਨੇ ਸਖ਼ਤ ਕਾਨੂੰਨ ਹੋਣ ਤੋਂ ਬਾਅਦ ਵੀ ਬੱਚਿਆਂ ਕੋਲੋਂ ਹੋਟਲਾਂ, ਕਾਰਖਾਨਿਆਂ, ਦੁਕਾਨਾਂ ਆਦਿ ਵਿਚ ਦਿਨ-ਰਾਤ ਕੰਮ ਕਰਵਾ ਕੇ ਜਿੱਥੇ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਉੱਥੇ ਹੀ ਮਾਸੂਮ ਬੱਚਿਆਂ ਦਾ ਬਚਪਨ ਵੀ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਇਕ ਅੰਕੜੇ ਅਨੁਸਾਰ ਅੱਜ ਸੰਸਾਰ ਵਿਚ ਜਿੰਨੇ ਵੀ ਬਾਲ ਮਜ਼ਦੂਰ ਹਨ, ਉਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਭਾਰਤ ਵਿਚ ਹਨ। ਭਾਰਤ ਦੇ 50 ਫ਼ੀਸਦੀ ਬੱਚੇ ਆਪਣੇ ਬਚਪਨ ਦੇ ਅਧਿਕਾਰਾਂ ਤੋਂ ਵਾਂਝੇ ਹਨ।
ਉਨ੍ਹਾਂ ਕੋਲ ਸਿੱਖਿਆ ਦੀ ਜੋਤ ਨਹੀਂ ਪਹੁੰਚ ਰਹੀ ਅਤੇ ਨਾ ਹੀ ਉਨ੍ਹਾਂ ਦਾ ਉੱਚਿਤ ਪਾਲਣ-ਪੋਸ਼ਣ ਹੋ ਰਿਹਾ ਹੈ। ਬਾਲ ਮਜ਼ਦੂਰੀ ਵਿਰੁੱਧ ਕੰਮ ਕਰ ਰਹੇ ਸੰਗਠਨ ‘ਬਚਪਨ ਬਚਾਓ ਅੰਦੋਲਨ’ ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ’ਚ ਲਗਪਗ ਸੱਤ ਤੋਂ ਅੱਠ ਕਰੋੜ ਬੱਚੇ ਲਾਜ਼ਮੀ ਸਿੱਖਿਆ ਤੋਂ ਵਾਂਝੇ ਹਨ। ਇਹ ਬੱਚੇ ਗ਼ਰੀਬੀ ਦੇ ਕਾਰਨ ਸਕੂਲ ਨਹੀਂ ਜਾ ਪਾਉਂਦੇ ਅਤੇ ਇਨ੍ਹਾਂ ਵਿੱਚੋਂ ਬਹੁਤੇ ਬੱਚੇ ਬਾਅਦ ਵਿਚ ਬਾਲ ਮਜ਼ਦੂਰੀ ਕਰਨ ਲਈ ਮਜਬੂਰ ਹੁੰਦੇ ਹਨ।
ਸਰਕਾਰੀ ਅੰਕੜਿਆਂ ਅਨੁਸਾਰ ਮੌਜੂਦਾ ਸਮੇਂ ਦੌਰਾਨ ਭਾਰਤ ਵਿਚ 2 ਕਰੋੜ ਬਾਲ ਮਜ਼ਦੂਰ ਹਨ ਪਰ ਅਸਲ ਵਿਚ ਇਹ ਅੰਕੜਾ ਕਾਫ਼ੀ ਜ਼ਿਆਦਾ ਹੈ। ਵੇਖਿਆ ਜਾਵੇ ਤਾਂ ਬੱਚੇ ਔਖਾ ਕੰਮ ਗ਼ਰੀਬੀ ਕਾਰਨ ਕਰਦੇ ਹਨ। ਇਸ ਤੋਂ ਇਲਾਵਾ ਵਧਦੀ ਜਨਸੰਖਿਆ, ਲੋੜੀਂਦੀਆਂ ਬੁਨਿਆਦੀ ਸਹੂਲਤਾਂ ਨਾ ਹੋਣ ਕਾਰਨ, ਸਿੱਖਿਆ ਦੀ ਅਣਹੋਂਦ ਤੇ ਮੌਜੂਦਾ ਕਾਨੂੰਨਾਂ ਦੀ ਠੀਕ ਤਰੀਕੇ ਨਾਲ ਪਾਲਣਾ ਨਾ ਹੋਣਾ ਵੀ ਵਧਦੀ ਬਾਲ ਮਜ਼ਦੂਰੀ ਲਈ ਜ਼ਿੰਮੇਵਾਰ ਹਨ।
ਭਾਰਤ ’ਚ ਕਈ ਥਾਵਾਂ ’ਤੇ ਆਰਥਿਕ ਤੰਗੀ ਕਾਰਨ ਮਾਪੇ ਥੋੜ੍ਹੇ ਪੈਸਿਆਂ ਬਦਲੇ ਹੀ ਆਪਣੇ ਬੱਚਿਆਂ ਨੂੰ ਅਜਿਹੇ ਠੇਕੇਦਾਰਾਂ ਦੇ ਹੱਥ ਵੇਚ ਦਿੰਦੇ ਹਨ ਜੋ ਆਪਣੀ ਸੁਵਿਧਾ ਅਨੁਸਾਰ ਉਨ੍ਹਾਂ ਨੂੰ ਹੋਟਲਾਂ, ਕੋਠੀਆਂ ਤੇ ਹੋਰ ਕਾਰਖਾਨਿਆਂ ਆਦਿ ’ਚ ਕੰਮ ’ਤੇ ਲਗਾ ਦਿੰਦੇ ਹਨ ਜਿੱਥੇ ਇਹ ਬਾਲ ਮਜ਼ਦੂਰ ਅਕਸਰ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਦੇਸ਼ ਵਿੱਚੋਂ ਬਾਲ ਮਜ਼ਦੂਰੀ ਦੇ ਇਸ ਕੋਹੜ ਨੂੰ ਖ਼ਤਮ ਕਰਨ ਲਈ ਅਜਿਹੇ ਬੱਚਿਆਂ ਦੇ ਪਰਿਵਾਰਾਂ ਨੂੰ ਗ਼ਰੀਬੀ ਦੇ ਚੱਕਰ ’ਚੋਂ ਬਾਹਰ ਕੱਢਣਾ ਤੇ ਉਨ੍ਹਾਂ ਲਈ ਸਿੱਖਿਆ ਦੇ ਢੁੱਕਵੇ ਉਪਰਾਲੇ ਕਰਨੇ ਅਤਿ ਜ਼ਰੂਰੀ ਹਨ।
ਵਿਜੈ ਗਰਗ ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਵੀਸ਼ ਮਲੋਟ ਪੰਜਾਬ

-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਵੀਸ਼ ਮਲੋਟ ਪੰਜਾਬ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.