ਆਈਟੀਆਈ 'ਚ ਜ਼ਿਲ੍ਹਾ ਪੱਧਰੀ ਯੋਗਤਾ ਮੁਕਾਬਲੇ ਕਰਵਾਏ
ਮਲਕੀਤ ਸਿੰਘ ਮਲਕਪੁਰ
ਲਾਲੜੂ 13 ਜੂਨ 2025: ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਪਲਾਈ ਵਿਭਾਗ, ਪੰਜਾਬ ਦੇ ਹੁਕਮਾਂ ਅਨੁਸਾਰ ਅੱਜ ਸਥਾਨਕ ਆਈਟੀਆਈ ਲਾਲੜੂ ਵਿਖੇ ਜ਼ਿਲ੍ਹਾ ਪੱਧਰੀ ਯੋਗਤਾ ਮੁਕਾਬਲੇ (ਸਕਿੱਲ ਕੰਪਟੀਸ਼ਨ) ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਆਈਟੀਆਈ ਸੰਸਥਾਵਾਂ ਦੇ ਸਿਖਿਆਰਥੀਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ।ਵੱਖ-ਵੱਖ ਟ੍ਰੇਡਾਂ, ਜਿਵੇਂ ਕਿ ਵੈਲਡਰ, ਆਰ ਏ ਸੀ ਮਕੈਨਿਕ, ਡ੍ਰਾਫਟਸਮੈਨ (ਸਿਵਲ), ਫਿਟਰ ਟਰੈਕਟਰ ਮਕੈਨਿਕ ਅਤੇ ਇਲੈਕਟ੍ਰੋਨਿਕ ਮਕੈਨਿਕ ਵਿੱਚ ਮੁਕਾਬਲੇ ਕਰਵਾਏ ਗਏ। ਆਈਟੀਆਈ ਲਾਲੜੂ ਦੇ ਸਿਖਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਟ੍ਰਾਫੀ ਆਪਣੇ ਨਾਮ ਕੀਤੀ। ਉਨ੍ਹਾਂ ਨੇ ਕਈ ਟ੍ਰੇਡਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਬੱਸੀ ਪਠਾਣਾ ਆਈ ਟੀ ਆਈ ਦੇ ਸਿਖਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸੰਸਥਾਨ ਦਾ ਨਾਮ ਰੌਸ਼ਨ ਕੀਤਾ।ਇਸ ਮੌਕੇ ਆਈਐਮਸੀ ਦੇ ਚੇਅਰਮੈਨ ਸੋਹਣ ਸਿੰਘ ਰਾਣਾ ਨੇ ਜੇਤੂ ਸਿਖਿਆਰਥੀਆਂ ਨੂੰ ਇਨਾਮ ਵਜੋਂ ਸਨਮਾਨਿਤ ਕੀਤਾ। ਨੋਡਲ ਸੰਸਥਾ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਅਤੇ ਆਈਟੀਆਈ ਬਨੂੜ ਦੇ ਪ੍ਰਿੰਸੀਪਲ ਰਕੇਸ਼ ਬੰਗਾ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਆਈ ਟੀ ਆਈ ਲਾਲੜੂ ਦੇ ਪ੍ਰਿੰਸੀਪਲ ਹਰਬਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਇਨ੍ਹਾਂ ਰਾਹੀਂ ਉਨ੍ਹਾਂ ਦੀ ਟੈਕਨੀਕਲ ਕਾਬਲੀਅਤ ਨੂੰ ਨਿਖਾਰ ਮਿਲਦਾ ਹੈ। ਉਨ੍ਹਾਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣ ਦਾ ਸੰਕਲਪ ਜਤਾਇਆ।