- 52 ਵਰ੍ਹੇ ਪਹਿਲਾਂ ਵੀ ਪੰਜਾਬ ਦੇ ਵੀ ਇੱਕ ਸਾਬਕਾ ਮੁੱਖ ਮੰਤਰੀ ਦੀ ਹੋਈ ਸੀ ਹਵਾਈ ਹਾਦਸੇ ਚ ਮੌਤ
- ਇੱਕ ਕੇਂਦਰੀ ਮੰਤਰੀ ਦੀ ਮੌਤ ਵੀ ਇਸੇ ਏਅਰ ਕਰੈਸ਼ ਚ ਹੋਈ ਸੀ
- ਇੱਕ ਲੋਕ ਸਭਾ ਮੈਂਬਰ ਤੇ ਇੱਕ ਸਾਬਕਾ ਰਾਜ ਸਭਾ ਮੈਂਬਰ ਵੀ ਹੋਏ ਸੀ ਫੌਤ
- ਜਹਾਜ਼ ਚ ਸਵਾਰ ਇੱਕ ਹੋਰ ਲੋਕ ਸਭਾ ਮੈਂਬਰ ਦੀ ਜਾਨ ਬਚ ਵੀ ਗਈ ਸੀ
- 26 ਸਾਲ ਮਗਰੋਂ ਕਿਸਮਤ ਨੇ ਉਹਨੂੰ ਦੁਬਾਰਾ ਲੋਕ ਸਭਾ ਦੀ ਚੋਣ ਜਿਤਾਈ
ਗੁਰਪ੍ਰੀਤ ਸਿੰਘ ਮੰਡਿਅਣੀ -
ਲੁਧਿਆਣਾ 13 ਜੂਨ 2025,
ਕੱਲ੍ਹ ਇੱਕ ਹਵਾਈ ਹਾਦਸੇ ਵਿੱਚ ਫ਼ੌਤ ਹੋਏ ਗੁਜਰਾਤ ਦੇ ਸਾਬਕਾ ਮੁੱਖ ਮੰਤਰੀੀ ਵਿਜੇ ਰੁਪਾਨੀ ਤੋਂ ਪਹਿਲਾਂ ਵੀ ਪੰਜਾਬ ਦੇ ਵੀ ਇੱਕ ਸਾਬਕਾ ਮੁੱਖ ਮੰਤਰੀ ਦੀ ਮੌਤ ਹਵਾਈ ਹਾਦਸੇ ਦੌਰਾਨ ਹੋਈ ਸੀ ।ਹੁਣ ਤੋਂ 52 ਸਾਲ ਪਹਿਲਾਂ ਹੋਏ ਇਸ ਏਅਰ-ਕਰੈਸ਼ ਵਿੱਚ ਸਾਬਕਾ ਮੁੱਖ ਮੰਤਰੀ ਦੇ ਨਾਲ ਇੱਕ ਸਰਵਿੰਗ ਕੇਂਦਰੀ ਕੈਬਨਿਟ ਵਜ਼ੀਰ, ਇੱਕ ਮੈਂਬਰ ਪਾਰਲੀਮੈਂਟ ਤੇ ਇੱਕ ਸਾਬਕਾ ਐਮ ਪੀ ਦੀ ਵੀ ਹਲਾਕਤ ਹੋਈ ਸੀ।ਇਸੇ ਹਵਾਈ ਜਹਾਜ਼ ਚ ਸਫ਼ਰ ਕਰ ਰਹੇ ਇੱਕ ਹੋਰ ਲੋਕ ਸਭਾ ਮੈਂਬਰ ਦੀ ਜਾਨ ਬਚ ਵੀ ਗਈ ਸੀ ਤੇ ਕਿਸਮਤ ਨੇ 26 ਸਾਲ ਮਗਰੋਂ ਉਸ ਨੂੰ ਇੱਕ ਵਾਰ ਫਿਰ ਲੋਕ ਸਭਾ ਵਿੱਚ ਭੇਜਿਆ।
ਹਾਦਸੇ ਦਾ ਸ਼ਿਕਾਰ ਹੋਣ ਵਾਲਾ ਇੰਡੀਅਨ ਏਅਰਲਾਈਨਜ਼ ਇਹ ਬੋਇੰਗ 737 ਹਵਾਈ ਜਹਾਜ਼ ਮਦਰਾਸ (ਚੇਨਈ) ਹਵਾਈ ਅੱਡੇ ਤੋਂ ਉੱਡਿਆ ਸੀ ਤੇ ਇਹਨੇ ਨਵੀਂ ਦਿੱਲੀ ਉੱਤਰਨਾ ਸੀ । 31 ਮਈ 1973 ਨੂੰ ਰਾਤ 10 ਵੱਜ ਕੇ 10 ਮਿੰਟ ਤੇ ਦਿੱਲੀ ਦੇ ਪਾਲਮ ਏਅਰਪੋਰਟ ਉਤਰਨ ਤੋਂ ਕੁਝ ਪਲ ਪਹਿਲਾਂ ਇਹ ਬਦਕਿਸਮਤ ਜਹਾਜ਼ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਚ ਉਲਝ ਕੇ ਅੱਗ ਦੀ ਲਪੇਟ ਵਿੱਚ ਆ ਗਿਆ।ਉਸ ਸਮੇਂ ਪਾਲਮ ਹਵਾਈ ਅੱਡੇ ਨੇੜੇ ਮੀਂਹ ਹਨੇਰੀ ਆਈ ਹੋਈ ਸੀ।ਉਹਨਾਂ ਦਿਨਾਂ ਚ ਨੈਸ਼ਨਲ ਤੇ ਇੰਟਰਨੈਸ਼ਨਲ ਫਲਾਈਟਾਂ ਦਾ ਅੱਡਾ ਪਾਲਮ ਏਅਰਪੋਟ ਹੀ ਹੁੰਦਾ ਸੀ।ਹਾਦਸੇ ਦਾ ਸ਼ਿਕਾਰ ਹੋਈ ਇਸ ਫਲਾਈਟ ਵਿੱਚ ਏਅਰ ਲਾਈਨ ਦੇ ਅਮਲੇ ਸਣੇ ਕੁੱਲ 65 ਵਿਅਕਤੀ ਸਵਾਰ ਸਨ ਜਿਨ੍ਹਾਂ ਚੋਂ 17 ਜਾਣਿਆਂ ਦੀ ਜਾਨ ਬਚ ਗਈ ਇਨ੍ਹਾਂ ਚੋਂ 10 ਗੰਭੀਰ ਜ਼ਖ਼ਮੀ ਹੋਏ ਤੇ ਸੱਤਾਂ ਜਾਣੇ ਮਾਮੂਲੀ ਜ਼ਖ਼ਮੀ ਹੋਏ।

Justice Gurnam Singh
ਪੰਜਾਬ ਦੇ 2 ਵਾਰ ਮੁੱਖ ਮੰਤਰੀ ਰਹਿ ਚੁੱਕੇ ਪਹਿਲੇ ਅਕਾਲੀ CM ਜਸਟਿਸ ਗੁਰਨਾਮ ਸਿੰਘ ਵੀ ਇਸੇ ਫਲਾਈਟ ਚ ਸਵਾਰ ਸਨ ਤੇ ਮਰਨ ਵਾਲੇ 48 ਮੁਸਾਫ਼ਰਾਂ ਚ ਉਹ ਵੀ ਸ਼ਾਮਲ ਸਨ। ਉਸ ਵੇਲੇ ਕੇਂਦਰੀ ਸਟੀਲ ਅਤੇ ਮਾਈਨਿੰਗ ਮਨਿਸਟਰ ਮੋਹਨ ਕੁਮਾਰਾਮੰਗਲਮ ਵੀ ਮਰਨ ਵਾਲੇ ਮੁਸਾਫ਼ਰਾਂ ਚ ਸ਼ੁਮਾਰ ਸਨ। ਉਹਨਾਂ ਤੋਂ ਇਲਾਵਾ ਕਮਿਊਨਿਸਟ ਪਾਰਟੀ ਦੇ ਮੈਂਬਰ ਲੋਕ ਸਭਾ ਬੁਲੰਦਮਦੇਨੁਥਮ ਅਤੇ ਕਾਂਗਰਸ ਦੇ ਸਾਬਕਾ ਮੈਂਬਰ ਰਾਜ ਸਭਾ ਵੀ ਮਰਨ ਹੋਣ ਵਾਲੇ ਮੁਸਾਫ਼ਰਾਂ ਚ ਸ਼ਾਮਲ ਸਨ। ਜਹਾਜ਼ ਦੇ ਪਾਇਲਟ ਜੀ ਭਾਰਗਵਨ ਅਤੇ ਕੋ ਪਾਇਲਟ ਬੀ ਐਨ ਰੈਡੀ ਦੀ ਜਾਨ ਬਚ ਗਈ ਸੀ।
ਮੌਤ ਦੇ ਮੂੰਹ ਚੋਂ ਬਚਣ ਵਾਲਿਆਂ ਚ ਕਮਿਊਨਿਸਟ ਪਾਰਟੀ ਦੇ ਪੰਜਾਬ ਤੋਂ ਮੈਂਬਰ ਲੋਕ ਸਭਾ ਭਾਨ ਸਿੰਘ ਭੌਰਾ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਕਿਸਮਤ ਨੇ 26 ਵਰ੍ਹਿਆਂ ਮਗਰੋਂ ਇੱਕ ਵਾਰ ਫੇਰ ਲੋਕ ਸਭਾ ਚ ਭੇਜਿਆ।ਉਹ ਬਤੌਰ ਕਮਿਊਨਿਸਟ ਉਮੀਦਵਾਰ 1999 ਚ ਮੁੜ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ।ਜਸਟਿਸ ਗੁਰਨਾਮ ਸਿੰਘ 1967 ਪਹਿਲੀ ਦਫ਼ਾ ਤੇ 1969 ਦੁਬਾਰਾ ਮੁੱਖ ਮੰਤਰੀ ਬਣੇ।ਉਹ ਪੰਜਾਬ ਦੇ ਪਹਿਲੇ ਅਕਾਲੀ ਅਤੇ ਪਹਿਲੇ ਗੈਰ ਕਾਂਗਰਸੀ ਮੁੱਖ ਮੰਤਰੀ ਹੋ ਗੁਜ਼ਰੇ ਸਨ।ਮਰਨ ਤੋਂ ਕੁੱਝ ਦਿਨ ਪਹਿਲਾਂ ਹੀ ਉਹਨਾਂ ਨੂੰ ਆਸਟਰੇਲੀਆ ਚ ਭਾਰਤ ਦੇ ਹਾਈ ਕਮਿਸ਼ਨਰ ਨਾਮਜ਼ਦ ਕੀਤਾ ਗਿਆ ਸੀ।

Super Exclusive: 60 years ago, a serving Chief Minister of Gujarat also died during flight - Pakistani fighter plane shot down the plane
ਜਸਟਿਸ ਗੁਰਨਾਮ ਸਿੰਘ ਦੇ ਮਰਨ ਦਾ ਪੰਜਾਬ ਵਿੱਚ ਡਾਢਾ ਸੋਗ ਸੀ।ਉਹਨਾਂ ਦਿਨਾਂ ਚ ਮੈਂ ਗੌਰਮਿੰਟ ਹਾਈ ਸਕੂਲ ਦਾਖਾ ਦਾ ਵਿਦਿਆਰਥੀ ਸੀ।ਇਸ ਹਾਦਸੇ ਚ ਮਾਰੇ ਗਏ ਮੁਸਾਫ਼ਰਾਂ ਲਈ ਇੱਕ ਸੋਗ ਸਭਾ ਕਰਨ ਖ਼ਾਤਰ ਦੁਪਹਿਰ ਵੇਲੇ ਦਰਖਤਾਂ ਦੀ ਛਾਂ ਹੇਠ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਅਚਾਨਕ ਹੀ ਇਕੱਠੇ ਕੀਤਾ ਗਿਆ। ਇਸ ਮੌਕੇ ਸਾਡੇ ਅੰਗਰੇਜ਼ੀ ਦੇ ਮਾਸਟਰ ਗੁਰਬਚਨ ਸਿੰਘ ਜਾਂਗਪੁਰ ਨੇ ਇੱਕ ਸੋਗਮਈ ਤਕਰੀਰ ਕੀਤੀ।ਤਕਰੀਰ ਦੀ ਸ਼ੁਰੂਆਤ ਜਸਟਿਸ ਗੁਰਨਾਮ ਸਿੰਘ ਦੀ ਮੌਤ ਦੀ ਖ਼ਬਰ ਨਾਲ ਹੋਈ।ਖ਼ਬਰ ਸੁਣਾਉਂਦੇ ਵਕਤ ਉਹਨਾਂ ਦਾ ਗੱਚ ਭਰ ਆਇਆ, ਉਹਨਾਂ ਨੇ ਕੁਝ ਪਲ ਆਪਦੀ ਗੱਲ ਰੋਕ ਕੇ ਪਹਿਲਾਂ ਆਪਦੇ ਹੰਝੂਆਂ ਤੇ ਕੰਟਰੋਲ ਕੀਤਾ ਤੇ ਫੇਰ ਹੀ ਗੱਲ ਅੱਗੇ ਵਧਾਈ।ਮਾਸਟਰ ਜੀ ਨੇ ਜੱਜ ਸਾਹਿਬ ਦੇ ਨਾਲ ਮਰਨ ਵਾਲਿਆਂ ਦੇ ਜੋ ਹੋਰ ਨਾਂਅ ਦੱਸੇ ਸੀ ਉਹਨਾਂ ਚੋਂ ਮੋਹਨ ਕੁਮਾਰਾਮੰਗਲਮ ਸਾਹਿਬ ਦਾ ਨਾਂਅ ਮੈਨੂੰ ਅੱਜ ਵੀ ਚੇਤੇ ਹੈ।ਬਾਕੀਆਂ ਬਾਰੇ ਏਨਾ ਕੁ ਯਾਦ ਹੈ ਕਿ ਉਹ ਵੀ ਅਹਿਮ ਲੀਡਰ ਸਨ।ਪਿੰਡਾਂ ਦੀਆਂ ਸੱਥਾਂ ਚ ਵੀ ਇਸ ਹਵਾਈ ਹਾਦਸੇ ਤੇ ਬਜ਼ੁਰਗ ਸ਼ੱਕ ਜ਼ਾਹਿਰ ਕਰਦੇ ਮੈਂ ਖ਼ੁਦ ਸੁਣੇ ਸੀ।