ਰੂਪ ਸਤਵੰਤ ਦਾ ‘ਵਾਕਫ਼ੀਅਤ’ (ਸਫ਼ਰ ਸਿਫ਼ਰਾਂ ਦਾ) ਬਹੁ-ਰੰਗਾ ਕਾਵਿ ਸੰਗ੍ਰਹਿ
ਉਜਾਗਰ ਸਿੰਘ
ਰੂਪ ਸਤਵੰਤ ਦਾ ‘ਵਾਕਫ਼ੀਅਤ’ (ਸਫ਼ਰ ਸਿਫ਼ਰਾਂ ਦਾ) ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ 42 ਖੁਲ੍ਹੀਆਂ ਬਹੁ-ਰੰਗੀ ਤੇ ਅਤੇ ਬਹੁ-ਮੰਤਵੀ ਕਵਿਤਾਵਾਂ ਹਨ। ਇਹ ਕਵਿਤਾਵਾਂ ਕਵੀ ਨੇ ਜਲਦਬਾਜ਼ੀ ਵਿੱਚ ਨਹੀਂ ਸਗੋਂ ਸਹਿਜਤਾ ਨਾਲ 2002 ਤੋਂ ਲਿਖਣੀਆਂ ਸ਼ੁਰੂ ਕੀਤੀ ਤੇ 21 ਸਾਲ ਦੇ ਸਮੇਂ ਵਿੱਚ ਲਿਖਕੇ 2023 ਵਿੱਚ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਤ ਕੀਤੀਆਂ ਹਨ। ਇਹ ਕਵਿਤਾਵਾਂ ਮਨੁੱਖ ਦੇ ਮਨ ਵਿੱਚ ਕੀ ਉਥਲ ਪੁਥਲ ਹੋ ਰਹੀ ਹੈ, ਉਸਦਾ ਪ੍ਰਗਟਾਵਾ ਕਰਦੀਆਂ ਹਨ, ਭਾਵ ਮਨੁੱਖ ਦੀ ਮਾਨਸਿਕਤਾ ਨੂੰ ਦ੍ਰਿਸ਼ਟਮਾਨ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿੱਚ ਸ਼ਾਇਰ ਨੇ ਦਰਸਾਇਆ ਹੈ ਕਿ ਮਨੁੱਖੀ ਮਨ ਬੜਾ ਚੰਚਲ ਹੈ, ਇਹ ਗਿਰਗਿਟ ਦੀ ਤਰ੍ਹਾਂ ਰੰਗ ਬਦਲਦਾ ਰਹਿੰਦਾ ਹੈ। ਕਵੀ ਦੇ ਵਿਸ਼ੇ ਵੀ ਬਹੁਤੇ ਸਮਾਜਿਕਤਾ ਨਾਲ ਸੰਬੰਧਤ ਹਨ। ਇਹ ਬੜੀ ਹੈਰਾਨੀ ਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਕਵੀ ਨੇ ਛੋਟੀ ਜਹੀ ਪੁਸਤਕ ਵਿੱਚ ਹੀ ਬਹੁਤ ਸਾਰੇ ਸੰਜੀਦਾ ਵਿਸ਼ਿਆਂ ਨੂੰ ਕਾਵਿਕ ਰੂਪ ਦੇ ਕੇ ਸਮਾਜ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਹੋਣ ਲਈ ਤਾਕੀਦ ਕੀਤੀ ਹੈ। ਕੁਦਰਤ ਦੀ ਕਾਇਨਾਤ ਨੂੰ ਵੀ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਬਣਾਇਆ ਹੈ।
ਸ਼ਾਇਰ ਸਮਾਜ ਵਿੱਚ ਵਾਪਰ ਰਹੀਆਂ ਗ਼ੈਰ ਸਮਾਜੀ ਘਟਨਾਵਾਂ ਤੋਂ ਵੀ ਪ੍ਰਭਾਵਤ ਹੋ ਕੇ ਉਨ੍ਹਾਂ ਬਾਰੇ ਕਵਿਤਾਵਾਂ ਲਿਖਦਾ ਹੈ। ਭਾਵੇਂ ਕਵੀ ਖੁਲ੍ਹੀਆਂ ਕਵਿਤਾਵਾਂ ਲਿਖਦਾ ਹੈ ਪ੍ਰੰਤੂ ਇਨ੍ਹਾਂ ਦੇ ਵਿਸ਼ੇ ਬੜੇ ਸੰਜੀਦਾ ਹੁੰਦੇ ਹਨ। ਰੂਪ ਸਤਵੰਤ ਦੀਆਂ ਲਗਪਗ ਸਾਰੀਆਂ ਕਵਿਤਾਵਾਂ ਸਿੰਬਾਲਿਕ, ਭਾਵਕਤਾ ਵਿੱਚ ਲਵਰੇਜ ਅਤੇ ਸੰਜੀਦਗੀ ਵਾਲੀਆਂ ਹਨ। ਕਿਸੇ ਕਵਿਤਾ ਵਿੱਚ ਉਸਨੇ ਸਿੱਧੀ ਗੱਲ ਨਹੀਂ ਕੀਤੀ, ਸਗੋਂ ਕਿਸੇ ਸਥਿਤੀ ਨੂੰ ਆਧਾਰ ਬਣਾਕੇ ਲਿਖਦਾ ਹੈ। ਉਸਦੀ ਇਹ ਵੀ ਕਮਾਲ ਹੈ ਕਿ ਉਹ ਆਪਣੀਆਂ ਕਵਿਤਾਵਾਂ ਵਿੱਚ ਪੰਜਾਬੀ ਦਿਹਾਤੀ ਵਿਰਾਸਤ ਦੀਆਂ ਵਸਤਾਂ ਨੂੰ ਮਾਧਿਅਮ ਬਣਾਕੇ ਉਨ੍ਹਾਂ ਰਾਹੀਂ ਆਪਣੀ ਗੱਲ ਕਹਿੰਦਾ ਹੈ। ਉਸਦੀ ਸ਼ਬਦਾਵਲੀ ਠੇਠ ਮਲਵਈ ਤੇ ਪਿੰਡਾਂ ਵਿੱਚ ਵਰਤੀ ਜਾਣ ਵਾਲੀ ਹੈ। ਕਿਤੇ ਉਹ ਚੁਬਾਰੇ, ਹੰਝੂਆਂ, ਲੰਬੜਾਂ, ਖੱਬਲ, ਕਾਂਡੀਆਂ, ਮਝੋਲਿਆਂ, ਜ਼ਰੀਆਂ, ਗੋਟੀਆਂ, ਮੋਠਾਂ ਦੀ ਦਾਲ, ਮੁੰਗਫਲੀ, ਕੰਧੋਲੀ, ਟੋਕੇ ਆਲੀ ਮਸ਼ੀਨ, ਸੇਵੀਂਆਂ, ਦਰੀਆਂ, ਟਾਹਲੀਆਂ, ਕਿਕਰਾਂ, ਪਿਪਲਾਂ, ਬੋਹੜਾਂ, ਬਰੋ੍ਹਟਿਆਂ, ਜਾਮਣ, ਡਾਕਰ ਜ਼ਮੀਨ, ਕਿਆਰੀਆਂ, ਨਰਮੇ ਅਤੇ ਕਪਾਹ ਦੀਆਂ ਫ਼ਸਲਾਂ ਆਦਿ ਦੀ ਗੱਲ ਕਰਦਾ ਹੈ। ਉਸਦੀ ਪਹਿਲੀ ਕਵਿਤਾ ‘ਪਹਿਲਾ ਦਰਸ਼..’ ਮਾਈ ਦੌਲਤਾਂ ਨੂੰ ਸਮਰਪਤ ਕੀਤੀ ਹੈ, ਜਿਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਵਿੱਚ ਪ੍ਰਗਟ ਹੋਣ ਸਮੇਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ।
ਇਸ ਕਵਿਤਾ ਤੋਂ ਕਵੀ ਦੀ ਧਾਰਮਿਕ ਅਕੀਦਤ ਤੇ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਧਾਰਮਿਕ ਸੋਚ ਨਾਲ ਸੰਬੰਧਤ ਉਸਦੀਆਂ ‘ਖੰਡੇ ਦੀ ਬੁੱਕਲ’, ‘ਆਥਣ’, ‘ਬੇਦੋਸ਼ਿਆਂ ਲਈ . .’, ‘ਦਰਗਾਹ’ ‘ਅਧਿਆਪਕ ਨੂੰ ਚਿੱਠੀ’ ਅਤੇ ‘ਖ਼ੁਦ ਕਲਾਮੀ’ ਆਦਿ ਕਵਿਤਾਵਾਂ ਵੀ ਹਨ, ਜਿਨ੍ਹਾਂ ਵਿੱਚ ਕਵੀ ਧਰਮ ਦੀ ਜਾਇਜ਼ ਅਤੇ ਨਜ਼ਾਇਜ਼ ਵਰਤੋਂ ਦਾ ਇਸ਼ਾਰਾ ਕਰਦਾ ਹੈ। ਪ੍ਰੰਤੂ ਦੂਜੀ ‘ਅਵਸਥਾ..’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਮਨੁੱਖੀ ਮਨ ਦੀਆਂ ਵੱਖ-ਵੱਖ ਪਰਤਾਂ ਖੋਲ੍ਹਦਾ ਹੋਇਆ ਉਸਦੀ ਮਾਨਸਿਕਤਾ ਨੂੰ ਦ੍ਰਿਸ਼ਟਾਂਤ ਕਰਦਾ ਹੈ। ਇਨਸਾਨ ਦੀ ਫਿਤਰਤ ਸਮੇਂ ਦੀ ਨਜ਼ਾਕਤ ਅਨੁਸਾਰ ਰੰਗ ਬਦਲਦੀ ਰਹਿੰਦੀ ਹੈ। ‘ਅੰਡਰਲਾਈਨ’, ‘ਧੀ ਧਿਆਣੀ’ ਅਤੇ ‘ਵਾਕਫ਼ੀਅਤ’ ਸਿਰਲੇਖ ਵਾਲੀਆਂ ਕਵਿਤਾਵਾਂ ਵਿੱਚ ਸ਼ਾਇਰ ਮਰਦ ਤੇ ਇਸਤਰੀ ਨੂੰ ਇੱਕ ਦੂਜੇ ਦੇ ਪੂਰਕ ਕਹਿੰਦਾ ਹੈ ਪ੍ਰੰਤੂ ਜੇਕਰ ਉਹ ਇੱਕ ਦੂਜੇ ਦੀ ਮਾਨਸਿਕਤਾ ਨੂੰ ਸਮਝਣਗੇ ਤਾਂ ਜੀਵਨ ਸਫਲ ਹੋਵੇਗਾ। ਇਸਤਰੀ ਮਰਦ ਦੀ ਮਾਂ, ਭੈਣ, ਪਤਨੀ ਅਤੇ ਭਾਵੇ ਸਪੁੱਤਰੀ ਹੋਵੇ ਉਸ ਦਾ ਸਿੱਧਾ ਸੰਬੰਧ ਮਰਦ ਨਾਲ ਹੁੰਦਾ ਹੈ ਪ੍ਰੰਤੂ ਮਰਦ ਇਸਤਰੀ ਦੀ ਮਾਨਸਿਕਤਾ ਨੂੰ ਸਮਝੇ ਬਗ਼ੈਰ ਹੀ ਉਸ ‘ਤੇ ਜ਼ਿਆਦਤੀਆਂ ਦੀ ਭਰਮਾਰ ਕਰ ਦਿੰਦਾ ਹੈ।
ਮਰਦ ਹਮੇਸ਼ਾ ਔਰਤ ਵੱਲ ਵਹਿਸ਼ੀ ਨਿਗਾਹਾਂ ਨਾਲ ਵੇਖਦਾ ਹੈ, ਉਦੋਂ ਉਹ ਆਪਣੀ ਮਾਂ, ਭੈਣ, ਪਤਨੀ ਤੇ ਸਪੁੱਤਰੀ ਨੂੰ ਭੁੱਲ ਜਾਂਦਾ ਹੈ। ‘ਪੀੜ’ ਕਵਿਤਾ ਸਮੁੱਚੀ ਔਰਤ ਦੀ ਤ੍ਰਾਸਦੀ ਨੂੰ ਦਰਸਾਉਂਦੀ ਹੋਈ ਮਾਨਵਤਾ ਨੂੰ ਕੁਰੇਦਦੀ ਹੈ। ਬਲਾਤਕਾਰ ਵਰਗੀਆਂ ਘਟਨਾਵਾਂ ‘ਤੇ ਵੀ ਚਿੰਤਾ ਦਾ ਪ੍ਰਗਟਾਵਾ ਕਰਦਾ ਹੈ। ਸ਼ਾਇਰ ਬਹੁਤ ਹੀ ਸੰਵੇਦਨਸ਼ੀਲ ਲੱਗਦਾ ਹੈ। ਮਰਦਾਂ ਨੂੰ ਇਖ਼ਲਾਕ ‘ਤੇ ਪਹਿਰਾ ਦੇਣ ਦੀ ਤਾਕੀਦ ਕਰਦਾ ਹੈ। ‘ਤਵੱਕੋ’ ਕਵਿਤਾ ਨੌਜਵਾਨੀ ਨੂੰ ਸ਼ਹੀਦ ਭਗਤ ਸਿੰਘ ਦੇ ਪਦ ਚਿੰਨ੍ਹਾਂ ਤੇ ਚਲਣ ਦੀ ਪ੍ਰੇਰਨਾ ਦਿੰਦੀ ਹੈ। ਨਸ਼ੇ ਇੱਕ ਸਮਾਜਿਕ ਬੀਮਾਰੀ ਦਾ ਮੁੱਖ ਕਾਰਨ ਸ਼ਾਇਰ ਨੇ ਬੇਰੋਜ਼ਗਾਰੀ ਅਤੇ ਗ਼ਰੀਬੀ ਨੂੰ ਗਰਦਾਨਿਆਂ ਹੈ। ‘ਮਰਦਾਨਗੀ’ ਕਵਿਤਾ ਵੀ ਇਨਸਾਨੀਅਤ ਨੂੰ ਝੰਜੋੜਦੀ ਹੋਈ ਮਰਦ ਨੂੰ ਵੰਗਾਰਦੀ ਹੈ ਕਿ ਜੇਕਰ ਉਸਨੇ ਮਰਦਾਨਗੀ ਵਿਖਾਉਣੀ ਹੈ ਤਾਂ ਕੰਜਕਾਂ ਭਾਵ ਇਸਤਰੀਆਂ ਦੇ ਸਿਰ ‘ਤੇ ਹੱਥ ਰੱਖੇ ਅਤੇ ਨਸ਼ੇ ਵਿੱਚ ਗ੍ਰਸਤ ਨੌਜਵਾਨੀ ਨੂੰ ਨਸ਼ਿਆਂ ਦੀ ਲੱਤ ਵਿੱਚੋਂ ਬਾਹਰ ਕੱਢਕੇ ਸਿਹਤਮੰਦ ਸਮਾਜ ਬਣਾਉਣ ਵਿੱਚ ਆਪਣਾ ਸੁਚਾਰੂ ਯੋਗਦਾਨ ਪਾਉਣ ਵਿੱਚ ਆਪਣਾ ਸਮਾਜਿਕ ਫ਼ਰਜ਼ ਨਿਭਾਵੇ। ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਆਲਸ ਤੋਂ ਖਹਿੜਾ ਛੁਡਾਕੇ ਕਿਰਤ ਕਰਨ ਤੇ ਮਿਹਨਤ ਦਾ ਪੱਲਾ ਫੜਨਾ ਚਾਹੀਦਾ ਹੈ।
ਬਿਨਾ ਮਿਹਨਤ ਕੀਤਿਆਂ ਹਵਾਈ ਗੱਲਾਂ ਕਰਕੇ ਆਪਣੇ ਆਪ ਨੂੰ ਵੱਡਾ ਸਿੱਧ ਕਰਨਾ ਇਨਸਾਨ ਦੀ ਸੁਚਾਰੂ ਸੋਚ ਦਾ ਲਖਾਇਕ ਨਹੀਂ ਹੋ ਸਕਦਾ। ਵੱਡੀਆਂ ਕਾਰਾਂ, ਵੱਡੇ ਦਮਗਜੇ ਮਾਰਨੇ ਜ਼ਿੰਦਗੀ ਨੂੰ ਬਰਬਾਦ ਕਰਦੇ ਹਨ। ਦੂਜਿਆਂ ਦੀ ਥਾਲੀ ਦੇ ਲਡੂਆਂ ਨੂੰ ਵੱਡੇ ਵੇਖਣਾ ਤੇ ਫਿਰ ਆਪ ਉਨ੍ਹਾਂ ਗੁਆਂਢੀਆਂ ਦੀ ਨਕਲ ਕਰਨੀ ਆਰਥਿਕ ਤੌਰ ‘ਤੇ ਡੂੰਘੀ ਖਾਈ ਵਿੱਚ ਸੁੱਟਦੀ ਹੈ। ਮਨੁੱਖ ਨੂੰ ਆਪਣੀ ਚੱਦਰ ਭਾਵ ਹੈਸੀਅਤ ਵੇਖ ਕੇ ਪੈਰ ਪਸਾਰਨ ਦੀ ਸ਼ਾਇਰ ਆਪਣੀਆਂ ਕਵਿਤਾਵਾਂ ਵਿੱਚ ਸਲਾਹ ਦਿੰਦਾ ਹੈ। ਪੜ੍ਹਾਈ ਇਨਸਾਨ ਦਾ ਗਹਿਣਾ ਹੈ ਪ੍ਰੰਤੂ ਜ਼ਿੰਦਗੀ ਜਿਊਣੀ ਇੱਕ ਜਾਚ ਹੈ। ਇਨ੍ਹਾਂ ਦੋਹਾਂ ਦੀ ਅਤਿਅੰਤ ਜ਼ਰੂਰਤ ਹੈ। ਇਸ ਤੋਂ ਇਲਾਵਾ ਸ਼ਾਇਰ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈਣ ਲਈ ਵੀ ਕਹਿੰਦਾ ਹੈ, ਸ਼ਹੀਦਾਂ ਦੀਆਂ ਇਕੱਲੀਆਂ ਯਾਦਗਾਰਾਂ ਦਾ ਕੋਈ ਅਰਥ ਨਹੀਂ, ਜੇਕਰ ਉਨ੍ਹਾਂ ਨੂੰ ਮਾਰਗ ਦਰਸ਼ਕ ਬਣਾਕੇ ਆਪਣੀ ਜ਼ਿੰਦਗੀ ਬਸਰ ਨਹੀਂ ਕਰਦੇ। ਕਵੀ ਨੂੰ ਪ੍ਰਵਾਸ ਦੀ ਜ਼ਿੰਦਗੀ ਬਹੁਤੀ ਭਾਉਂਦੀ ਨਹੀਂ, ਸਗੋਂ ਪ੍ਰਵਾਸ ਦੇ ਸਬਜ਼ਬਾਗ ਸਾਡੀ ਵਿਰਾਸਤ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਨੌਜਵਾਨ ਖਾਮਖਾਹ ਬਿਨਾ ਸੋਚੇ ਸਮਝੇ ਪਰਵਾਸ ਨੂੰ ਵਹੀਰਾਂ ਘੱਤ ਕੇ ਜਾ ਰਹੇ ਹਨ। ਪਿੱਛੇ ਉਨ੍ਹਾਂ ਦੇ ਮਾਪੇ ਬੱਚਿਆਂ ਨੂੰ ਤਰਸਦੇ ਰਹਿੰਦੇ ਹਨ। ਧੋਖੇ, ਫ਼ਰੇਬ ਅਤੇ ਬੇਈਮਾਨੀ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ‘ਤੇ ਧੱਬੇ ਹਨ। ਕਵੀ ਆਪਣੀਆਂ ਕਵਿਤਾਵਾਂ ਵਿੱਚ ਸਿਖਿਆ ਨੀਤੀ ਤੇ ਕਿੰਤੂ ਪ੍ਰੰਤੂ ਕਰਦੀ ਹੈ, ਜਿਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਜ਼ਿੰਦਗੀ ਵਿੱਚ ਸਫ਼ਲ ਨਹੀਂ ਹੁੰਦੀ ਸਗੋਂ ਗੁਮਰਾਹਕੁਨ ਰਹਿੰਦੀ ਹੈ। ਜੇਕਰ ਸਿਖਿਆ ਮਿਆਰੀ ਹੋਵੇਗੀ ਤਾਂ ਸਫ਼ਲਤਾ ਪੈਰ ਚੁੰਮੇਗੀ। ‘ਸੀਖਾਂ ਦੀ ਡੱਬੀ..’ ਕਵਿਤਾ ਵਿੱਚ ਸ਼ਾਇਰ ਨੇ ਇਸ਼ਕ ਦਾ ਅਤੇ ਸੀਖਾਂ ਦੀ ਡੱਬੀ ਦੀ ਤੁਲਨਾ ਕਰਦਿਆਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਦੋਵੇਂ ਅਕਲ ਨਾਲ ਵਰਤਣ/ਕਰਨ ਵਾਲੇ ਕੰਮ ਹਨ। ਬੇਅਕਲੀ ਨਾਲ ਨੁਕਸਾਨਦਾਇਕ ਹੋ ਸਕਦੇ ਹਨ। ਪਹਿਲਾ ਦਰਸ਼ . ., ਖੰਡੇ ਦੀ ਬੁੱਕਲ, ਆਥਣ, ਬੇਦੋਸ਼ਿਆਂ ਲੲਂੀ. ., ਧਾਰਮਿਕ ਕਵਿਤਾਵਾਂ ਹਨ। ਭਵਿਖ ਵਿੱਚ ਕਵੀ ਤੋਂ ਹੋਰ ਚੰਗੀਆਂ ਕਵਿਤਾਵਾਂ ਲਿਖਣ ਦੀ ਕਾਮਨਾ ਕਰਦਾ ਹਾਂ। 128 ਪੰਨਿਆਂ, 220 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ- ਰੂਪ ਸਤਵੰਤ: 8196821300
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.