ਪੀ.ਏ.ਯੂ. ਦੇ ਵਿਸ਼ੇਸ਼ ਦੌਰੇ ਦੌਰਾਨ ਪੰਜਾਬ ਦੇ ਰਾਜਪਾਲ ਨੇ ਖੇਤੀ ਵਿਕਾਸ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ
ਲੁਧਿਆਣਾ 14 ਜਨਵਰੀ, 2025 - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਸ਼ੇਸ਼ ਦੌਰੇ ਸਮੇਂ ਬੀਤੇ ਦਿਨੀਂ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ| ਇਸ ਦੌਰਾਨ ਮਾਣਯੋਗ ਰਾਜਪਾਲ ਨੇ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਖੇਤੀ ਅਤੇ ਸਮਾਜਿਕ ਵਿਕਾਸ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ|
ਵਾਈਸ ਚਾਂਸਲਰ ਦੇ ਕਮੇਟੀ ਰੂਮ ਵਿਚ ਹੋਈ ਵਿਸ਼ੇਸ਼ ਮਿਲਣੀ ਦੌਰਾਨ ਮਾਣਯੋਗ ਰਾਜਪਾਲ ਨੂੰ ਯੂਨੀਵਰਸਿਟੀ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ| ਇਸ ਦੌਰਾਨ ਵਾਈਸ ਚਾਂਸਲਰ ਡਾ. ਗੋਸਲ ਨੇ ਯੂਨੀਵਰਸਿਟੀ ਦੀਆਂ ਖੇਤੀ ਖੋਜ ਪਸਾਰ ਅਤੇ ਅਕਾਦਮਿਕ ਪ੍ਰਾਪਤੀਆਂ ਤੋਂ ਰਾਜਪਾਲ ਨੂੰ ਜਾਣੂੰ ਕਰਵਾਇਆ|
ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਖੇਤੀ ਰਾਹੀਂ ਸਮਾਜਿਕ ਉਸਾਰੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪਾਏ ਵਿਲੱਖਣ ਯੋਗਦਾਨ ਵਾਸਤੇ ਪੀ.ਏ.ਯੂ. ਦੀ ਪ੍ਰਸ਼ੰਸ਼ਾ ਕੀਤੀ| ਉਹਨਾਂ ਕਿਹਾ ਕਿ ਦੇਸ਼ ਦੀ ਭੋਜਨ ਸੁਰੱਖਿਆ ਅਤੇ ਸਥਿਰਤਾ ਲਈ ਸੰਸਥਾ ਵੱਲੋਂ ਬੇਹੱਦ ਨਿੱਗਰ ਯੋਗਦਾਨ ਪਾਇਆ ਗਿਆ ਹੈ| ਇਸ ਨਾਲ ਨਾ ਸਿਰਫ ਅਜ਼ਾਦੀ ਤੋਂ ਬਾਅਦ ਰਾਸ਼ਟਰ ਦੀ ਮੁੜ ਉਸਾਰੀ ਸੰਭਵ ਹੋਈ ਬਲਕਿ ਇਸ ਖਿੱਤੇ ਵਿਚ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰ ਕੇ ਸਮਾਜ ਦੇ ਆਰਥਿਕ ਵਿਕਾਸ ਦਾ ਸੁਪਨਾ ਵੀ ਸੱਚ ਹੋਇਆ| ਇਸਦੇ ਨਾਲ ਹੀ ਪੀ.ਏ.ਯੂ. ਨੇ ਖੇਤੀ ਖੇਤਰ ਦੇ ਵਿਗਿਆਨੀਆਂ ਦੇ ਨਿਰਮਾਣ ਲਈ ਅਕਾਦਮਿਕ ਯੋਗਦਾਨ ਵੀ ਪਾਇਆ| ਮਾਣਯੋਗ ਰਾਜਪਾਲ ਨੇ ਨੌਜਵਾਨਾਂ ਨੂੰ ਖੇਤੀ ਸਿੱਖਿਆ ਨਾਲ ਭਰਪੂਰ ਕਰਕੇ ਦੇਸ਼ ਅਤੇ ਦੁਨੀਆਂ ਦੀਆਂ ਉੱਚ ਪੱਧਰੀ ਸੰਸਥਾਵਾਂ ਦੀ ਸੇਵਾ ਲਈ ਤਿਆਰ ਕਰਨ ਨੂੰ ਪੀ.ਏ.ਯੂ. ਦਾ ਖਾਸਾ ਕਿਹਾ| ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਇਹ ਸੰਸਥਾ ਸਮਾਜ ਨੂੰ ਉਸਾਰੂ ਲੀਹਾਂ ਤੇ ਤੋਰਨ ਦੀਆਂ ਨਿਰੰਤਰ ਕੋਸ਼ਿਸ਼ਾਂ ਜਾਰੀ ਰੱਖੇਗੀ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਸ਼ੇਸ਼ ਪੇਸ਼ਕਾਰੀ ਰਾਹੀਂ ਪੀ.ਏ.ਯੂ. ਦੇ ਇਤਿਹਾਸ ਅਤੇ ਖੇਤੀ ਖੇਤਰ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ| ਉਹਨਾਂ ਦੱਸਿਆ ਕਿ ਯੂਨੀਵਰਸਿਟੀ ਨੇ ਹਰੀ ਕ੍ਰਾਂਤੀ ਰਾਹੀਂ ਵਿਗਿਆਨਕ ਖੇਤੀ ਦਾ ਮੁੱਢ ਬੰਨਿਆ| ਇਸ ਨਾਲ ਵੱਧ ਝਾੜ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਅਤੇ ਖੇਤੀ ਜਾਣਕਾਰੀ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਬੁਨਿਆਦੀ ਪਸਾਰ ਢਾਂਚਾ ਹੋਂਦ ਵਿਚ ਆਇਆ| ਉਹਨਾਂ ਮਾਣਯੋਗ ਰਾਜਪਾਲ ਨੂੰ ਦੱਸਿਆ ਕਿ 2023 ਅਤੇ 2024 ਲਗਾਤਾਰ ਦੋ ਸਾਲਾਂ ਲਈ ਪੀ.ਏ.ਯੂ. ਨੂੰ ਦੇਸ਼ ਭਰ ਵਿਚ ਸਿਰਮੌਰ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਹਾਸਲ ਹੋਈ ਹੈ| ਇਸਦਾ ਸਿਹਰਾ ਪੀ.ਏ.ਯੂ. ਦੇ ਵਿਗਿਆਨੀਆਂ ਅਤੇ ਇਲਾਕੇ ਦੇ ਕਿਸਾਨਾਂ ਦੀ ਮਿਹਨਤ ਸਿਰ ਬੱਝਦਾ ਹੈ| ਉਹਨਾਂ ਭਵਿੱਖ ਵਿਚ ਵੀ ਦੇਸ਼ ਦੇ ਵਿਕਾਸ ਲਈ ਖੇਤੀ ਅਤੇ ਹੋਰ ਖੇਤਰਾਂ ਵਿਚ ਭਰਪੂਰ ਯੋਗਦਾਨ ਪਾਉਂਦੇ ਰਹਿਣ ਦਾ ਤਹੱਈਆ ਪ੍ਰਗਟ ਕੀਤਾ|