ਸੀ.ਐਮ. ਭਗਵੰਤ ਸਿੰਘ ਮਾਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ.ਆਈ. ਬਣਾਉਣ ਦਾ ਐਲਾਨ
- ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਹੋਵੇਗਾ ਹਰ ਸਾਲ ਸੁਰਜੀਤ ਪਾਤਰ ਐਵਾਰਡ ਤੇ ਯਾਦਗਾਰੀ ਸਮਾਗਮ
- ਪੰਜ ਸੌ ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਸੁਰਜੀਤ ਪਾਤਰ ਕਲਾ ਤੇ ਸਭਿਆਚਾਰ ਕੇਂਦਰ
ਅੰਮ੍ਰਿਤਸਰ 14 ਜਨਵਰੀ 2025 – ਪੰਜਾਬ ਦੇ ਮੱੁਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਜਿਥੇ ਪੰਜਾਬੀ ਦੇ ਸ਼੍ਰੋਮਣੀ ਕਵੀ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਇਸ ਸਦੀ ਦੇ ਮਹਾਨ ਕਵੀ ਗਰਦਾਨਦਿਆਂ ਉਨ੍ਹਾਂ ਦੀ ਯਾਦ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ.ਆਈ. ਬਣਾਉਣ ਦਾ ਐਲਾਨ ਕੀਤਾ ਉਥੇ ਉਨ੍ਹਾਂ ਨੇ ਨੌਜੁਆਨ ਕਵੀਆਂ ਨੂੰ ਸੁਰਜੀਤ ਪਾਤਰ ਯਾਦਗਾਰੀ ਸਨਮਾਨ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਪੰਜਾਬੀ ਭਾਸ਼ਾ ਨੂੰ ਤਕਨੀਕੀ ਤੌਰ 'ਤੇ ਮਜਬੂਤ ਕਰਨ ਲਈ ਵੀ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪਰਿਸ਼ਦ, ਭਾਸ਼ਾ ਵਿਭਾਗ ਅਤੇ ਹੋਰ ਸਾਹਿਤ ਸੰਸਥਾਵਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਮੌਜੂਦਾ ਦੌਰ ਵਿਚ ਅੰਕੜਿਆਂ ਕੀ ਕਮੀ ਨੂੰ ਪੂਰਾ ਕਰਦਿਆਂ ਪੰਜਾਬੀ ਭਾਸ਼ਾ ਨੂੰ ਤਕਨੀਕੀ ਤੌਰ 'ਤੇ ਸਮੇਂ ਦਾ ਹਾਣ ਦਾ ਕੀਤਾ ਜਾਵੇਗਾ।
ਉਨ੍ਹਾਂ ਆਰਟੀਫੀਸ਼ੀਅਲ ਇਨਟੈਲੀਜੈਂਸ ਨੂੰ ਲੋਕ ਭਲਾਈ ਵੱਲ ਕਿੱਦਾਂ ਮੋੜਿਆ ਜਾ ਸਕਦਾ ਹੈ, ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟਟੀ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ.ਆਈ. ਲਈ ਜੋ ਵੀ ਪਰਪੋਜ਼ਲ ਪੇਸ਼ ਕਰੇਗੀ ਉਸ ਨੂੰ ਪ੍ਰਵਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਰ ਸਾਲ ਯੂਨੀਵਰਸਿਟੀ 'ਚ ਹੋਣ ਵਾਲੇ ਸੁਰਜੀਤ ਪਾਤਰ ਯਾਦਗਾਰੀ ਸਮਾਰੋਹ ਲਈ ਵੀ ਯੂਨਵਿਰਸਿਟੀ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਸੁਰਜੀਤ ਪਾਤਰ ਸਾਹਿਤ 'ਤੇ ਖੋਜ ਕਾਰਜ ਅਤੇ ਹੋਰ ਉਦਮ ਹੁੰਦੇ ਰਹਿਣ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਅਤੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ 'ਚ ਕਰਵਾਏ ਗਏ ਸੁਰਜੀਤ ਪਾਤਰ ਯਾਦਗਾਰੀ ਸਮਾਰੋਹ-2025 'ਚ ਕਵੀਆਂ, ਲੇਖਕਾਂ, ਬੁੱਧੀਜੀਵੀਆਂ, ਅਧਿਆਪਕਾਂ, ਵਿਿਦਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਸੁਰਜੀਤ ਪਾਤਰ ਨਾਲ ਬਿਤਾਏ ਆਪਣੇ ਯਾਦਗਾਰੀ ਦਿਨਾਂ ਨੂੰ ਯਾਦ ਕਰਦਿਆਂ ਜਿਥੇ ਆਪਣੀ ਕਵਿਤਾ "ਹਾਂ ਇਹ ਕਿੱਸਾ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਆਪਣੀ ਬਾਪੂ ਦੀ ਪੱਗ ਨਾਲ ਗੱਲਬਾਤ ਦਾ" ਪੇਸ਼ ਕੀਤੀ ਉਥੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਵੇਂ ਸੁਰਜੀਤ ਪਾਤਰ ਉਨ੍ਹਾਂ ਲਈ ਪ੍ਰੇਰਨਾ ਦਾ ਸੋਮਾ ਰਹੇ ਉਵੇਂ ਆਉਣ ਵਾਲੇ ਸਾਹਿਤਕਾਰਾਂ ਲਈ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ। ਉਨਾਂ੍ਹ ਨੇ ਕਿਹਾ ਕਿ ਪਹਿਲਾਂ ਗੱਲਬਾਤ ਜਾਂ ਭਾਸ਼ਣਾਂ ਦੌਰਾਨ ਦੂਸਰੀਆਂ ਭਾਸ਼ਾਵਾਂ ਦੇ ਸ਼ਾਇਰਾਂ 'ਤੇ ਨਿਰਭਰ ਰਹਿਣਾ ਪੈਂਦਾ ਸੀ ਪਰ ਸੁਰਜੀਤ ਪਾਤਰ ਹੁਣਾਂ ਨੇ ਪੰਜਾਬੀ ਸ਼ਾਇਰੀ ਨੂੰ ਏਨਾ ਅਮੀਰ ਅਤੇ ਲੋਕ ਮਨ ਦੇ ਨੇੜੇ ਬਣਾ ਦਿੱਤਾ ਕਿ ਅੱਜ ਅਸੀਂ ਆਪਣੀ ਗੱਲਬਾਤ ਨੂੰ ਸਾਫ ਤਰੀਕੇ ਰੱਖਣ ਲਈ ਉਨਾਂ੍ਹ ਦੀਆਂ ਕਵਿਤਾਵਾਂ ਅਤੇ ਸ਼ੇਅਰਾਂ ਨੂੰ ਕੋਟ ਕਰਦੇ ਹਾਂ। ਉਨ੍ਹਾਂ ਇਸ ਸਮੇਂ ਪਾਤਰ ਦੀਆਂ ਪ੍ਰਚਲਿਤ ਕਵਿਤਾਵਾਂ ਵੀ ਸੁਣਾਈਆਂ।
ਮਾਨ ਨੇ ਡਾ. ਪਾਤਰ 'ਤੇ ਮਾਣ ਮਹਿਸੂਸ ਕਰਵਾਉਂਦਿਆਂ ਕਿਹਾ ਕਿ ਜੇਕਰ ਅੰਗਰੇਜ਼ੀ ਭਾਸ਼ਾ ਦੇ ਕੋਲ ਕੀਟਸ ਵਰਗੇ ਸ਼ਾਇਰ ਹਨ ਤਾਂ ਪੰਜਾਬੀ ਦੇ ਕੋਲ ਸੁਰਜੀਤ ਪਾਤਰ ਵਰਗੇ ਅਜ਼ੀਮ ਸ਼ਾਇਰ ਹਨ। ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਕਰਕੇ ਪੰਜਾਬੀ ਭਾਸ਼ਾ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ।
ਉਨ੍ਹਾਂ ਅੱਜ ਮਾਘੀ ਦੇ ਪਵਿਤਰ ਦਿਹਾੜੇ 'ਤੇ ਟੁੱਟੀ ਗੰਢੀ ਇਤਿਹਾਸਕ ਘਟਨਾ ਨੂੰ ਨਮਨ ਕਰਦਿਆਂ ਕਿਹਾ ਕਿ ਪੰਜਾਬੀ ਇਕ ਅਮੀਰ ਭਾਸ਼ਾ ਹੈ ਜੋ ਪੂਰੀ ਦੁਨੀਆਂ ਵਿਚ ਫੈਲੀ ਹੋਈ ਹੈ ਅਤੇ ਇਸ ਸਮੇਂ ਸਾਰੀ ਦੁਨੀਆਂ ਵਿਚ ਜਿਥੇ ਜਿਥੇ ਪੰਜਾਬੀ ਵਸਦੇ ਹਨ ਉਥੇ ਪੰਜਾਬੀ ਭਾਸ਼ਾ ਬੋਲੀ ਜਾ ਰਹੀ ਹੈ। ਪੰਜਾਬੀ ਜਿਥੇ ਵੀ ਜਾਂਦੇ ਹਨ ਆਪਣਾ ਸਭਿਆਚਾਰ ਨਾਲ ਲੈ ਕੇ ਜਾਂਦੇ ਹਨ। ਪੰਜਾਬੀ ਦਾ ਵਿਰਸਾ ਬਹੁਤ ਮਹਾਨ ਹੈ ਤੇ ਇਸ ਨੂੰ ਗੁਰੂਆਂ, ਸੰਤਾਂ, ਪੀਰਾਂ, ਫਕੀਰਾਂ ਅਤੇ ਸ਼ਾਇਰਾਂ ਨੇ ਸੰਜੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਬਾਲੀਵੁਡ ਫਿਲਮਾਂ ਵੀ ਓਨਾ ਚਿਰ ਪੂਰਨ ਨਹੀਂ ਹੁੰਦੀਆਂ ਜਿੰਨਾ ਚਿਰ ਉਨ੍ਹਾਂ ਫਿਲਮਾਂ ਜਾਂ ਉਨ੍ਹਾਂ ਦੇ ਸੰਗੀਤ ਵਿਚ ਪੰਜਾਬੀ ਛੋਹ ਨਾ ਹੋਵੇ। ਪੰਜਾਬ ਸਰਕਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਵਚਨਬੱਧ ਹੈ ਅਤੇ ਪੰਜਾਬੀ ਦੇ ਵਿਕਾਸ ਲਈ ਜੋ ਵੀ ਸਹਿਯੋਗ ਮੰਗਿਆ ਜਾਵੇਗਾ, ਉਪਲਬਧ ਕਰਵਾਇਆ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਇਸ ਮੌਕੇ ਉਚੇਚੇ ਤੌਰ 'ਤੇ ਸੁਰਜੀਤ ਪਾਤਰ ਦੀ ਧਰਮ ਪਤਨੀ ਸ਼੍ਰੀਮਤੀ ਭੁਪਿੰਦਰ ਕੌਰ, ਭਰਾ ਸ. ਉਪਕਾਰ ਸਿੰਘ, ਭੈਣ ਬਲਬੀਰ ਕੌਰ ਅਤੇ ਸਪੁੱਤਰ ਮਨਰਾਜ ਪਾਤਰ ਨੂੰ ਫੁਲਕਾਰੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਅਮਰਜੀਤ ਸਿੰਘ ਗਰੇਵਾਲ ਰਚਿਤ ਸੁਰਜੀਤ ਪਾਤਰ ਨਾਲ ਸਬੰਧਤ ਪੁਸਤਕ 'ਪੋਇਟਿਕ ਟਰੁੱਥ: ਜਰਨੀਇੰਗ ਵਿਦ ਸੁਰਜੀਤ ਪਾਤਰ' ਨੂੰ ਵੀ ਰਿਲੀਜ਼ ਕੀਤਾ।
ਇਸ ਤੋਂ ਪਹਿਲਾਂ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋਫ਼ੈਸਰ ਕਰਮਜੀਤ ਸਿੰਘ, ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੱੁਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਹੋਰਨਾਂ ਮਹਿਮਾਨਾਂ ਦਾ ਯੂਨੀਵਰਸਿਟੀ ਪੱਜਣ 'ਤੇ ਸਵਾਗਤ ਕਰਦਿਆਂ ਸੁਰਜੀਤ ਪਾਤਰ ਦੀ ਕਵਿਤਾ "ਝੂਠਿਆਂ ਦੇ ਝੁੰਡ ਵਿਚ ਸੱਚ ਕਹਿ ਕੇ ਮੈਂ ਜਦੋਂ ਬਿਲਕੁੱਲ ਇਕੱਲਾ ਰਹਿ ਗਿਆ, ਸੁਤਿਗੁਰਾਂ ਨੂੰ ਯਾਦ ਕੀਤਾ ਤਾਂ ਮੈਂ ਸਵਾ ਲੱਖ ਹੋ ਗਿਆ" ਦੇ ਹਵਾਲੇ ਨਾਲ ਸੁਰਜੀਤ ਪਾਤਰ ਦੀ ਸ਼ਾਇਰੀ ਅਤੇ ਅੱਜ ਮਾਘੀ ਦੇ ਇਤਿਹਾਸਕ ਦਿਹਾੜੇ ਦੀ ਮਹੱਤਤਾ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦਿਨ ਚਾਲੀ ਮੁਕਤਿਆਂ ਅਤੇ ਗੁਰੂ ਪ੍ਰੇਮ ਦੀ ਮਿਸਾਲ ਹੈ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਇਕ ਅਨੋਖੀ ਮਿਸਾਲ ਹੈ ਜੋ ਸਾਡੇ ਹਿੱਸੇ ਆਈਆਂ ਹਨ। ਉਨ੍ਹਾਂ ਕਿਹਾ ਕਿ ਮੱੁਖ ਮੰਤਰੀ ਜੀ ਵੱਲੋਂ ਜੋ ਪਾਤਰ ਜੀ ਦੀ ਵਿਰਾਸਤ ਨੂੰ ਜ਼ਿੰਦਾ ਰੱਖਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਬਹੁਤ ਸ਼ਲ਼ਾਘਾਯੋਗ ਹੈ। ਉਨ੍ਹਾਂ ਨੇ ਨਵੀਨਤਮ ਤਕਨੀਕੀ ਰੁਝਾਨ ਮਸ਼ੀਨੀ ਬੁੱਧੀਮਤਾ ਵਿਚੋਂ ਮਾਨਵੀ ਕੀਮਤਾਂ ਦੇ ਮਨਫੀ ਹੋਣ ਦੀ ਜੋ ਚਿੰਤਾ ਸੁਰਜੀਤ ਪਾਤਰ ਹੁਰਾਂ ਨੂੰ ਸੀ, ਦੀ ਗੱਲ ਕਰਦਿਆਂ ਮੱੁਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਸੈਂਟਰ ਫਾਰ ਐਥੀਕਲ ਏ.ਆਈ. ਸਥਾਪਤ ਕਰਨ ਦੀ ਵੀ ਅਪੀਲ ਕੀਤੀ ਸੀ ਜਿਸ ਨੂੰ ਉਨਾਂ੍ਹ ਵੱਲੋਂ ਖੁਸ਼ੀ ਨਾਲ ਸਵਿਕਾਰਿਆ ਗਿਆ ਸੀ।
ਉਘੇ ਚਿੰਤਕ ਅਤੇ ਲੇਖਕ ਅਮਰਜੀਤ ਸਿੰਘ ਗਰੇਵਾਲ ਨੇ ਸੁਰਜੀਤ ਪਾਤਰ ਯਾਦਗਾਰ ਭਾਸ਼ਣ ਦਿੰਦਿਆਂ ਕਿਹਾ ਕਿ ਸੁਰਜੀਤ ਪਾਤਰ ਨੋਬਲ ਪੁਰਸਕਾਰ ਜਿੱਤਣ ਦੀ ਕਾਬਲੀਅਤ ਰੱਖਦੇ ਸਨ। ਉਹ ਇਸ ਸਦੀ ਦੇ ਭਵਿੱਖ ਦੇ ਕਵੀ ਸਨ। ਪੰਜਾਬੀਆਂ ਵੱਲੋਂ ਉਨਾਂ੍ਹ ਨੂੰ ਦੁਨੀਆਂ ਅੱਗੇ ਪੇਸ਼ ਹੀ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਨੇ ਅਜੋਕੇ ਮਸ਼ੀਨੀ ਬੱੁਧੀਮਤਾ ਦੇ ਯੁਗ ਵਿਚ ਸੁਰਜੀਤ ਪਾਤਰ ਹੁਣਾਂ ਦੀ ਚਿੰਤਾ ਨੂੰ ਜ਼ਾਹਿਰ ਕਰਦਿਆਂ ਕਿਹਾ ਕਿ ਕੇਵਲ ਨੈਤਿਕਤਾ ਹੀ ਇਨਸਾਨੀਅਤ ਦਾ ਬਚਾਅ ਕਰ ਸਕਦੀ ਹੈ। ਸੁਰਜੀਤ ਪਾਤਰ ਆਪਣੀਆਂ ਕਵਿਤਾਵਾਂ ਵਿਚ ਇਸੇ ਇਨਸਾਨੀਅਤ ਨੂੰ ਹੀ ਬਚਾਉਣ ਦੀ ਗੱਲ ਕਰਦੇ ਹਨ। ਉਨਾਂ੍ਹ ਨੇ ਪੰਜਾਬ ਦੇ ਮੱੁਖ ਮੰਤਰੀ ਵੱਲੋਂ ਸਮੱੁਚੀ ਲੋਕਾਈ ਦੀ ਭਲਾਈ ਲਈ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ.ਆਈ. ਖੋਲ੍ਹੇ ਜਾਣ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਪੂਰੇ ਵਿਸ਼ਵ ਵਿਚ ਇਹ ਪਹਿਲ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਦੇ ਨਾਂ 'ਤੇ ਬਣੀ ਯੂਨੀਵਰਸਿਟੀ ਵਿਚ ਹੀ ਹੋ ਰਿਹਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਨਸਾਨੀਅਤ ਦੇ ਰਸਤੇ 'ਤੇ ਸਰਬੱਤ ਦਾ ਭਲਾ ਮੰਗਣ ਦੀ ਸਿਿਖਆ ਦਿੱਤੀ ਹੈ।
ਤਿੰਨ ਕਵੀਆਂ ਸਵਰਨਜੀਤ ਸਵੀ (ਚੇਅਰਮੈਨ ਕਲਾ ਪਰਿਸ਼ਦ), ਜਸਵੰਤ ਜ਼ਫ਼ਰ (ਡਾਇਰੈਕਟਰ , ਭਾਸ਼ਾ ਵਿਭਾਗ ਪੰਜਾਬ, ਪਟਿਆਲਾ) ਅਤੇ ਡਾ. ਮਨਮੋਹਨ (ਨਾਮਵਰ ਕਵੀ) ਨੇ ਜਿਥੇ ਸੁਰਜੀਤ ਪਾਤਰ ਨੂੰ ਆਪਣੇ ਭਾਵਪੂਰਤ ਸ਼ਬਦਾਂ 'ਚ ਸ਼ਰਧਾਂਜਲੀ ਪ੍ਰਗਟ ਕੀਤੀ ਉਥੇ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ। ਇਸ ਤੋਂ ਬਾਅਦ ਸ੍ਰੀ ਅਸ਼ਵਨੀ ਚੈਟਲੇ ਨੇ ਸੁਰਜੀਤ ਪਾਤਰ ਦੀ ਸਮੱੁਚੀ ਸਖਸ਼ੀਅਤ ਨੂੰ ਸੰਗੀਤਮਈ ਦਸਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਂਭਣ ਅਤੇ ਦੁਨੀਆਂ ਅੱਗੇ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਲੈ ਕੇ ਜਾਣ ਦਾ ਉਪਰਾਲਾ ਪਹਿਲਾਂ ਹੀ ਸ਼ੁਰੂ ਹੋ ਜਾਣਾ ਚਾਹੀਦਾ ਸੀ ਜੋ ਅਸੀਂ ਹੁਣ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਕੰਮ ਪਹਿਲਾਂ ਹੋਇਆ ਹੁੰਦਾ ਤਾਂ ਪੰਜਾਬ ਨੋਬਲ ਵੀ ਪੁਰਸਕਾਰ ਦਾ ਹੱਕਦਾਰ ਬਣ ਜਾਣਾ ਸੀ। ਉਨ੍ਹਾਂ ਨੇ ਸੁਰਜੀਤ ਪਾਤਰ ਸਾਹਿਤ ਸਭਿਆਚਾਰ ਸੈਂਟਰ ਦੇ ਨਿਰਮਾਣ ਲਈ ਪੰਜ ਸੌ ਕਰੋੜ ਅਤੇ ਹਰ ਸਾਲ ਯੂਨੀਵਰਸਿਟੀ 'ਚ ਕਰਾਏ ਜਾਣ ਵਾਲੇ ਸੁਰਜੀਤ ਪਾਤਰ ਯਾਦਗਾਰੀ ਸਮਾਗਮ ਤੇ ਐਵਾਰਡ ਲਈ ਦਸ ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ, ਡਾ. ਆਤਮ ਸਿੰਘ ਰੰਧਾਵਾ ਨੇ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਿਚ ਸੁਰਜੀਤ ਪਾਤਰ ਦੇ ਯੋਗਦਾਨ ਨੂੰ ਉਚੇਚੇ ਤੌਰ 'ਤੇ ਯਾਦ ਕੀਤਾ ਜਦੋਂਕਿ ਇਸ ਮੌਕੇ ਸੁਰਜੀਤ ਪਾਤਰ ਦੀ ਧਰਮ-ਪਤਨੀ ਸ੍ਰੀਮਤੀ ਭੁਪਿੰਦਰ ਕੌਰ ਨੇ ਜਿਥੇ ਉਨ੍ਹਾਂ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ ਉਥੇ ਉਨ੍ਹਾਂ ਨੇ ਸੁਰਜੀਤ ਪਾਤਰ ਦੀ ਕਵਿਤਾ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਸੀ, ਵੀ ਸਰੋਤਿਆਂ ਨਾਲ ਸਾਂਝੀ ਕੀਤੀ। ਇਸ ਉਪਰੰਤ ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ, ਡਾ. ਯੋਗਰਾਜ ਨੇ ਸੁਰਜੀਤ ਪਾਤਰ ਦੀ ਸਖਸੀਅਤ 'ਤੇ ਭਾਸ਼ਣ ਦਿੰਦਿਆਂ ਕਿਹਾ ਕਿ ਸੁਰਜੀਤ ਪਾਤਰ ਹਮੇਸ਼ਾ ਸੁਰਜੀਤ ਰਹਿਣਗੇ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ, ਅਮਰਜੀਤ ਸਿੰਘ ਗਰੇਵਾਲ, ਸਵਰਨਜੀਤ ਸਵੀ, ਡਾ. ਜਸਵੰਤ ਜ਼ਫਰ, ਡਾ. ਮਨਮੋਹਨ, ਅਸ਼ਵਨੀ ਚੈਟਲੇ, ਡਾ. ਆਤਮ ਰੰਧਾਵਾ, ਡਾ. ਯੋਗਰਾਜ, ਵਿਕਰਮਜੀਤ ਸਿੰਘ ਰਬਾਬੀ, ਮੈਡਮ ਅਨੂਜੋਤ ਕੌਰ, ਨੀਲੇ ਖਾਂ, ਡਾ. ਮਨਜਿੰਦਰ ਸਿੰਘ ਅਤੇ ਡਾ. ਹਰਜੀਤ ਸਿੰਘ ਨੂੰ ਪ੍ਰ੍ਰਧਾਨਗੀ ਮੰਡਲ ਵੱਲੋਂ ਫੁਲਕਾਰੀਆਂ ਦੇ ਕੇ ਉਚੇਚੇ ਤੌਰ 'ਤੇ ਸਨਾਮਾਨਿਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ. ਸ. ਕੁਲਦੀਪ ਸਿੰਘ ਧਾਲੀਵਾਲ, ਐਮ.ਐਲ.ਏ. ਸ. ਜਸਬੀਰ ਸਿੰਘ ਸੰਧੂ, ਡਾ. ਪਲਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ ਅਤੇ ਇਸ ਸਮਾਗਮ ਦੇ ਕੋਆਰਡੀਨੇਟਰ ਪ੍ਰੋਫ਼ੈਸਰ ਕਰਨਜੀਤ ਕਾਹਲੋਂ, ਰਜਿਸਟਰਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਪ੍ਰਸਿੱਧ ਚਿਤਰਕਾਰ ਸਿਧਾਰਥ ਵੱਲੋਂ ਸੁਰਜੀਤ ਪਾਤਰ ਕਾਵਿ ਦੀ ਕੈਲੀਗ੍ਰਾਫੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸੰਗੀਤਕ ਸੈਸ਼ਨ ਵਿਚ ਬਿਕਰਮਜੀਤ ਸਿੰਘ ਰਬਾਬੀ ਵੱਲੋਂ ਰਬਾਬ ਵਾਦਨ ਅਤੇ ਉਸਤਾਦ ਨੀਲੇ ਖਾਨ, ਮਨਰਾਜ ਪਾਤਰ, ਉਪਕਾਰ ਸਿੰਘ ਅਤੇ ਅਨੁਜੋਤ ਕੌਰ ਵੱਲੋਂ ਸੁਰਜੀਤ ਪਾਤਰ ਦੀਆਂ ਕਾਵਿ-ਰਚਨਾਵਾਂ ਦਾ ਗਾਇਨ ਕੀਤਾ ਗਿਆ।
ਮੰਚ ਦਾ ਖੂਬਸੂਰਤ ਸੰਚਾਲਨ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਅਤੇ ਡਾ. ਬਲਜੀਤ ਕੌਰ ਰਿਆੜ ਵਲੋਂ ਕੀਤਾ ਗਿਆ ਜਦੋਂਕਿ ਧੰਨਵਾਦ ਦਾ ਪ੍ਰਸਤਾਵ ਡਾ. ਯੋਗਰਾਜ ਨੇ ਪੇਸ਼ ਕੀਤਾ।