ਦਿੱਲੀ ਦੀਆਂ ਨੀਤੀਆਂ ਨੇ ਦਮੋਂ ਕੱਢਿਆ ਪੰਜਾਬ ਦਾ ਦੁੱਲਾ ਜੱਟ
ਅਸ਼ੋਕ ਵਰਮਾ
ਬਠਿੰਡਾ,13 ਜਨਵਰੀ 2025 : ਕੋਈ ਵੇਲਾ ਸੀ ਜਦੋਂ ਪੰਜਾਬ ਦਾ ਦੁੱਲਾ ਜੱਟ ਆਪਣੀਆਂ ਪੈਲੀਆਂ ਅਤੇ ਫਸਲਾਂ ਦੇ ਸਿਰ ਤੇ ਦਮਗਜੇ ਮਾਰਦਾ ਸੀ ਜਿਸ ਨੂੰ ਹੁਣ ਦਿੱਲੀ ਦੀਆਂ ਸਰਕਾਰਾਂ ਵੱਲੋਂ ਬਣਾਈਆਂ ਨੀਤੀਆਂ ਨੇ ਦਮੋਂ ਕੱਢਕੇ ਰੱਖ ਦਿੱਤਾ ਹੈ। ਸਥਿਤੀ ਐਨੀ ਗੰਭੀਰ ਹੋ ਗਈ ਹੈ ਕਿ ਹੁਣ ਤਾਂ ਕਿਸਾਨਾਂ ਨੂੰ ਹਰ ਛੋਟੀ ਮੋਟੀ ਗੱਲ ਲਈ ਸੜਕਾਂ ਤੇ ਉੱਤਰਨਾ ਪੈ ਰਿਹਾ ਹੈ। ਸਰਕਾਰਾਂ ਹਨ ਕਿ ਫਿਰ ਵੀ ਖੇਤੀ ਸੰਕਟ ਦੇ ਹੱਲ ਬਾਰੇ ਗੱਲ ਕਰਨ ਤੋਂ ਆਕੀ ਹੋਈਆਂ ਪਈਆਂ ਹਨ। ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲੇ ਕੌਮੀ ਪੱਧਰ ਦੇ ਦਿੱਲੀ ਅੰਦੋਲਨ ਮੌਕੇ ਮੰਨੀਆਂ ਮੰਗਾਂ ਨੂੰ ਵੀ ਲਾਗੂ ਕਰਵਾਉਣ ਲਈ ਪਿਛਲੇ ਕਰੀਬ ਸਾਲ ਭਰ ਤੋਂ ਗਰਮੀ ਸਰਦੀ ਦੀਆਂ ਮਾਰਾਂ ਝੱਲਦਿਆਂ ਬਾਰਡਰਾਂ ਤੇ ਬੈਠਣਾ ਇਸ ਦੀ ਪੁਖਤਾ ਮਿਸਾਲ ਹੈ। ਪਿਛਲੇ ਡੇਢ ਮਹੀਨੇ ਤੋਂ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਬਾਵਜੂਦ ਹਕੂਮਤ ਦੇ ਮੱਥੇ ਤੇ ਸ਼ਿਕਨ ਨਹੀਂ ਪਈ ਹੈ।
ਪੰਜਾਬ ਦੀ ਕਿਸਾਨੀ ਨੂੰ ਤਾਂ ਦਿੱਲੀ ’ਚ ਸ਼ਹੀਦ ਹੋਏ 7 ਸੌ ਤੋਂ ਵੱਧ ਕਿਸਾਨਾਂ ਦੀਆਂ ਸ਼ਹੀਦੀਆਂ ਹੀ ਨਹੀਂ ਭੁੱਲੀਆਂ ਸਨ ਕਿ ਹੁਣ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਸ਼ਹੀਦ ਹੋਣ ਦਾ ਦੁਖਦਾਇਕ ਸਿਲਸਿਲਾ ਫਿਰ ਤੋਂ ਸ਼ੁਰੂ ਹੋ ਗਿਆ ਹੈ। ਪਿਛਲੇ ਇੱਕ ਹਫਤੇ ਦੌਰਾਨ ਪੰਜਾਬ ਹਰਿਆਣਾ ਦੀ ਸਰਹੱਦ ਤੇ ਦੋ ਕਿਸਾਨ ਜਿੰਦਗੀ ਨੂੰ ਅਲਵਿਦਾ ਆਖ ਗਏ ਹਨ। ਇਹ ਸਿਲਸਲਾ ਕਦੋਂ ਖਤਮ ਹੋਵੇਗਾ ਕੋਈ ਵੀ ਪੱਕੇ ਤੌਰ ਤੇ ਕਹਿ ਨਹੀਂ ਸਕਦਾ ਹੈ। ਸੁਭਕਰਨ ਵਰਗੇ ਖੇਤਾਂ ਦੇ ਇਹ ਸ਼ਹੀਦ ਕਦੇ ਵੀ ਸਰਕਾਰਾਂ ਦੀ ਗਿਣਤੀ ਮਿਣਤੀ ਵਿੱਚ ਨਹੀਂ ਰਹੇ ਹਨ। ਖੁਦਕਸ਼ੀਆਂ ਕਰਨ ਵਾਲੇ ਕਿਸਾਨਾਂ ਦੀਆਂ ਵਿਧਵਾਵਾਂ ਦੀ ਕੂਕ ਕਦੇ ਕਿਸੇ ਸਰਕਾਰ ਨੇ ਸੁਣੀ ਨਹੀਂ ਤੇ ਉਹਨਾਂ ਦੇ ਬੱਚਿਆਂ ਦੀ ਹੈਸੀਅਤ ਅਨਾਥਾਂ ਤੋਂ ਘੱਟ ਨਹੀਂ ਹੈ। ਜ਼ਮੀਨਾਂ ਦੀ ਹਿੱਕ ਚੀਰਕੇ ਮੁਲਕ ਨੂੰ ਰਜਾਉਣ ਵਾਲੇ ਕਿਸਾਨਾਂ ਦੇ ਹੱਥੋਂ ਜ਼ਿੰਦਗੀ ਰੇਤ ਵਾਂਗ ਕਿਰਦੀ ਰਹੀ ਤੇ ਹਰ ਸਰਕਾਰਾਂ ਉਨ੍ਹਾਂ ਦੀ ਬਾਂਹ ਫੜ੍ਹਨ ਦੀ ਥਾਂ ਰੇਤੇ ਚੋਂ ਵੋਟਾਂ ਭਾਲਦੀਆਂ ਰਹੀਆਂ।
ਖੇਤੀ ਸੰਕਟ ਅਤੇ ਸਰਕਾਰੀ ਨੀਤੀਆਂ ਦਾ ਨਤੀਜਾ ਕਿਸਾਨਾਂ ਦੇ ਕਰਜਈ ਹੋਣ ਦੇ ਰੂਪ ’ਚ ਅਜਿਹਾ ਨਿਕਲਿਆ ਜਿੱਥੋਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨ ਨਿਕਲ ਨਾਂ ਸਕੇ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਹਜਾਰਾਂ ਘਰਾਂ ਦੇ ਕਮਾਊ ਜੀਅ ਤਾਂ ਮੁੱਕ ਗਏ ਪ੍ਰੰਤੂ ਫਿਰ ਵੀ ਕਿਸਾਨ ਪਰਿਵਾਰਾਂ ਦੇ ਸਿਰ ਅਮਰਵੇਲ ਵਾਂਗ ਚੜ੍ਹੇ ਕਰਜ਼ੇ ਨਾ ਮੁੱਕੇ। ਅਰਾਥਿਕ ਮਾਹਿਰਾਂ ਦਾ ਵੀ ਇਹੋ ਕਹਿਣਾ ਹੈ ਕਿ ਸਮੁੱਚੇ ਕਿਸਾਨੀ ਅਰਥਚਾਰੇ ਦੇ ਹਾਲਤ ਕਿਸਾਨ ਦੀ ਉਸ ਸਬਾਤ ਵਰਗੀ ਹੋ ਗਈ ਹੈ ਜੋ ਸਾਲਾਂ ਤੋਂ ਖਾਲੀ ਹੈ। ਦਰਅਸਲ ਪਹਿਲਾਂ ਅਜਿਹਾ ਨਹੀਂ ਸੀ ਬਲਕਿ ਹਾੜੀ ਸਾਉਣੀ ਕਿਸਾਨਾਂ ਦੇ ਘਰਾਂ ਨੂੰ ਭਾਗ ਲੱਗਦੇ ਸਨ। ਨਰਮੇ ਨਾਲ ਭਰੀਆਂ ਮੰਡੀਆਂ ਕਿਸਾਨੀ ਦਾ ਧਰਵਾਸ ਹੁੰਦੀਆਂ ਸਨ। ਕਿਸਾਨੀ ਦੇ ਮਾੜੇ ਦਿਨ ਉਦੋਂ ਸ਼ੁਰੂ ਹੋਏ ਜਦੋਂ ਨਰਮੇ ਕਪਾਹ ਦੀ ਫਸਲ ਨੂੰ ਅਮਰੀਕਨ ਸੁੰਡੀ ਨੇ ਡੰਗਣਾ ਸ਼ੁਰੂ ਕਰ ਦਿੱਤਾ ਤਾਂ ਕਿਸਾਨਾਂ ਦੇ ਘਰਾਂ ਦੇ ਨਾਲ ਨਾਲ ਬਾਜ਼ਾਰ ਵੀ ਖਾਲੀ ਹੁੰਦੇ ਗਏ।
ਕਈ ਸਾਲਾਂ ਦੀ ਸਖਤ ਮਿਹਨਤ ਅਤੇ ਆਰਥਿਕਤਾ ਖੁੰਘਲ ਕਰਵਾਉਣ ਪਿੱਛੋਂ ਕਿਸਾਨੀ ਦੇ ਅਜੇ ਪੈਰ ਵੀ ਨਹੀਂ ਲੱਗਣੇ ਸ਼ੁਰੂ ਹੋਏ ਸਨ ਕਿ ਨਰਮੇ ਨੂੰ ਚਿੱਟੇ ਮੱਛਰ ਨੇ ਚੱਟਣਾ ਸ਼ੁਰੂ ਕਰ ਦਿੱਤਾ। ਉਪਰੋਂ ਗੁਲਾਬੀ ਸੁੰਡੀ ਦੇ ਰੂਪ ’ਚ ਟੱਕਰੀ ਹੋਣੀ ਕਾਰਨ ਤਾਂ ਚਿੱਟਾ ਸੋਨਾ ਅਖਵਾਉਣ ਵਾਲਾ ਨਰਮਾ ਮੁੜ ਲੀਹੇ ਨਾਂ ਪਿਆ। ਹੁਣ ਤਾਂ ਘਰਾਂ ਦੀਆਂ ਸਬਾਤਾਂ ਨੂੰ ਚਿੱਟੀਆਂ ਕਪਾਰ ਦੀਆਂ ਫੁੱਟੀਆਂ ਦਾ ਤਰਸੇਵਾਂ ਬਣ ਗਿਆ ਹੈ। ਕਰਜੇ ਦੀ ਮਾਰ ਹੇਠ ਆਈ ਕਿਸਾਨੀ ਨੂੰ ਜੇ ਕੋਈ ਥੋੜ੍ਹਾ ਬਹੁਤਾ ਧਰਵਾਸ ਸੀ ਤਾਂ ਉਹ ਸੀ ਝੋਨੇ ਦੀ ਫਸਲ ਜਿਸ ਦੇ ਮਾਮਲੇ ’ਚ ਵੀ ਹਕੂਮਤਾਂ ਨੇ ਐਤਕੀਂ ਰੰਗ ਦਿਖਾ ਦਿੱਤੇ ਹਨ। ‘ਦੁੱਲੇ ਜੱਟ ਦਾ ਸਵਾਲ ਹੈ ਕਿ ਸਰਕਾਰਾਂ ਇਹ ਦੱਸਣ ਕਿ ਹੁਣ ਉਹ ਕਿਹੜੇ ਖੂਹ ਖਾਤੇ ਪੈਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਤੋਂ ਬਠਿੰਡਾ ਰੈਲੀ ਵਿਚ ਕਿਸਾਨਾਂ ਦੀ ਤਕਦੀਰ ਬਦਲਣ ਦਾ ਵਾਅਦਾ ਕੀਤਾ ਸੀ ਜੋ ਵਫਾ ਨਹੀਂ ਹੋਇਆ ਹੈ।
ਅੰਨਦਾਤੇ ਵੱਲ ਧਿਆਨ ਨਹੀਂ-ਮਾਨ
ਮੋਟੇ ਅਨੁਮਾਨਾਂ ਅਨੁਸਾਰ ਪੰਜਾਬ ਦੇ ਕਿਸਾਨਾਂ ਨੇ ਆਪਣੇ ਖੇਤੀ ਕਾਰਜਾਂ ਲਈ ਕਰੀਬ 95 ਹਜ਼ਾਰ ਕਰੋੜ ਰੁਪਏ ਦਾ ਖੇਤੀ ਕਰਜ਼ਾ ਲਿਆ ਹੋਇਆ ਹੈ। ਇਹਨਾਂ ਵਿੱਚ ਪੰਜਾਬ ਰਾਜ ਸਹਿਕਾਰੀ ਬੈਂਕ ਤੋਂ ਕਰਜ਼ਾ ਲੈਣ ਵਾਲੇ ਕਿਸਾਨ ਵੀ ਸ਼ਾਮਲ ਹਨ ਜਦੋਂਕਿ ਕਿਸਾਨ ਕ੍ਰੈਡਿਟ ਕਾਰਡ ਧਾਰਕਾਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਵੱਡੀ ਗੱਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਖੇਤੀ ਕਰਜ਼ਾ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਅਰਬਾਂ ਰਾਤੋ ਰਾਤ ਵੱਟੇ ਖਾਤੇ ਪਾ ਦਿੰਦੀ ਹੈ ਪਰ ਅੰਨਦਾਤਾ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਹੈ।
ਖੇਤ ਮਜ਼ਦੂਰਾਂ ਨੂੰ ਵੀ ਮਾਰ- ਸੇਵੇਵਾਲਾ
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਖੇਤੀ ਸੰਕਟ ਕਾਰਨ ਕਿਸਾਨਾਂ ਦੇ ਨਾਲ ਖੇਤ ਮਜ਼ਦੂਰਾਂ ਦੇ ਚੁੱਲ੍ਹਿਆਂ ਦੀ ਅੱਗ ਠੰਢੀ ਹੋਈ ਹੈ। ਉਨ੍ਹਾਂ ਕਿਹਾ ਕਿ ਉਪਰੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਜਖ਼ਮਾਂ ਤੇ ਕੋਈ ਮੱਲ੍ਹਮ ਲਾਉਣ ਨੂੰ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਖੇਤੀ ਪ੍ਰਧਾਨ ਸੂਬੇ ਦੇ ਵਾਰਿਸਾਂ ਨੂੰ ਸਰਕਾਰਾਂ ਕੋਈ ਢੁੱਕਵਾਂ ਬਦਲ ਨਹੀਂ ਦਿਖਾ ਸਕੀਆਂ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸਰਕਾਰਾਂ ਦੀ ਨੀਅਤ ਵਿੱਚ ਖੋਟ ਹੈ ਜੋਕਿ ਚਿੰਤਾਜਨਕ ਵਰਤਾਰਾ ਹੈ।