ਲੋਹੜੀ
ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਹਿੰਦੂ ਸਿੱਖ ਸਾਰੇ ਧਰਮ ਦੇ ਲੋਕ ਬੜੇ ਚਾਅ ਨਾਲ ਮਨਾਉਂਦੇ ਹਨ। ਇਹ ਤਿਉਹਾਰ ਸਰਦ ਰੁੱਤ ਵਿੱਚ ਕੜਾਕੇ ਦੀ ਠੰਢ ਵਿੱਚ ਆਉਂਦਾ ਹੈ। ਇਹ ਦੇਸੀ ਮਹੀਨੇ ਪੋਹ ਦੇ ਅਖੀਰਲੇ ਦਿਨ ਮਨਾਇਆ ਜਾਂਦਾ ਹੈ ਉਸ ਤੋਂ ਦੂਜੇ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਿਸ ਨੂੰ ਮਕਰ ਸੰਕ੍ਰਾਂਤੀ ਵੀ ਆਖਿਆ ਜਾਂਦਾ ਹੈ।
ਲੋਹੜੀ ਦੇ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਇਹ ਤਿਉਹਾਰ ਦਹਾਕੇ ਪਹਿਲਾਂ ਜਦੋਂ ਜ਼ਿੰਮੀਦਾਰਾਂ ਜਾਂ (ਮੁਗਲਾਂ) ਦਾ ਰਾਜ ਹੋਇਆ ਕਰਦਾ ਸੀ ਉਦੋਂ ਜ਼ਿਮੀਂਦਾਰ ਆਪਣੀ ਹੈਸੀਅਤ ਅਤੇ ਰੁੱਤਵੇ ਕਰਕੇ ਆਮ ਲੋਕਾਂ ਦਾ ਸ਼ੋਸ਼ਣ ਕਰਦੇ ਅਤੇ ਉਨ੍ਹਾਂ ਉੱਤੇ ਨਾਜਾਇਜ਼ ਅੱਤਿਆਚਾਰ ਕਰਦੇ ਹੁੰਦੇ ਸੀ।ਇਸੇ ਤਰ੍ਹਾਂ ਹੀ ਸੁੰਦਰੀ ਤੇ ਮੁੰਦਰੀ ਦੋ ਸਕੀਆਂ ਭੈਣਾਂ ਨੇ ਇੱਕ ਹਿੰਦੂ ਪਰਿਵਾਰ ਵਿੱਚ ਜਨਮ ਲਿਆ। ਜੋ ਕਿ ਬਹੁਤ ਸੋਹਣੀਆਂ ਸਨ। ਇੱਕ ਦਿਨ ਸੁੰਦਰੀ ਤੇ ਮੁੰਦਰੀ ਦੀ ਸੁੰਦਰਤਾ ਨੂੰ ਦੇਖ ਕੇ ਉੱਥੇ ਦੇ ਜ਼ਿੰਮੀਦਾਰ ਉਨ੍ਹਾਂ ’ਤੇ ਮੋਹਿਤ ਹੋ ਗਏ ਅਤੇ ਉਨ੍ਹਾਂ ਨੂੰ ਜ਼ਬਰੀ ਚੁੱਕ ਕੇ ਲਿਜਾਣ ਦੀ ਗੱਲ ਸਾਰੇ ਨਗਰ ਵਾਸੀਆਂ ਸਾਹਮਣੇ ਆਖ ਕੇ ਚਲੇ ਗਏ। ਇਹ ਗੱਲ ਸੁਣ ਸੁੰਦਰੀ ਤੇ ਮੁੰਦਰੀ ਦਾ ਚਾਚਾ ਬਹੁਤ ਘਬਰਾ ਗਿਆ।
ਆਖਿਰਕਾਰ ਉਹ ਭੱਟੀ ਪਿੰਡ ਦੁੱਲੇ ਸਰਦਾਰ ਕੋਲ ਪੁੱਜਦਾ ਹੈ ਜਿੱਥੇ ਉਹ ਆਪਣੀ ਧੀਆਂ ਦੀ ਰਖਵਾਲੀ ਲਈ ਉਸ ਤੋਂ ਮਦਦ ਮੰਗਦਾ ਹੈ। ਦੁੱਲੇ ਸਰਦਾਰ ਕੋਲੋਂ ਜ਼ਿਮੀਦਾਰ ਡਰਦੇ ਸੀ ਕਿਉਂਕਿ ਦੁੱਲਾ ਗਰੀਬਾਂ ਦਾ ਮਸੀਹਾ ਸੀ। ਸੁੰਦਰੀ ਤੇ ਮੁੰਦਰੀ ਦੇ ਚਾਚੇ ਨੇ ਦੁੱਲ੍ਹੇ ਸਰਦਾਰ ਕੋਲ ਉਸ ਨੇ ਜ਼ਿਮੀਂਦਾਰਾਂ ਦੀ ਕਹੀਆਂ ਗੱਲਾਂ ਦੱਸੀਆਂ। ਦੁੱਲੇ ਅੱਗੇ ਗੁਹਾਰ ਲਗਾਈ ਕਿ ਉਹ ਉਸ ਦੀ ਧੀਆਂ ਦੀ ਲਾਜ ਰੱਖ ਲਵੇ ਕਿਉਂਕਿ ਉਹ ਬਹੁਤ ਗਰੀਬ ਹੈ। ਉਸ ਕੋਲ ਧੀਆਂ ਦਾ ਵਿਆਹ ਕਰਨ ਦੀ ਸਮਰੱਥਾ ਵੀ ਨਹੀਂ ਹੈ। ਦੁੱਲਾ ਸਰਦਾਰ ਉਸ ਹਿੰਦੂ ਪਰਿਵਾਰ ਦੀ ਸਾਰੀ ਗੱਲ ਸੁਣ ਉਸ ਦੀ ਮਦਦ ਕਰਨ ਲਈ ਤੱਤਪਰ ਉਨ੍ਹਾਂ ਦੇ ਪਿੰਡ ਤੁਰ ਪਿਆ ਉਸ ਨੇ ਪਿੰਡ ਵਾਸੀਆਂ ਦੀ ਮੱਦਦ ਨਾਲ ਰਾਤ ਨੂੰ ਚੁਰਾਹੇ ਵਿਚ ਲੱਕੜਾਂ ਬਾਲੀਆਂ ਅਤੇ ਸੁੰਦਰੀ ਤੇ ਮੁੰਦਰੀ ਦੀ ਜੋ ਕਿ ਪਹਿਲਾਂ ਹੀ ਮੰਗੀਆਂ ਹੋਈਆਂ ਸਨ ਉਨ੍ਹਾਂ ਦੇ ਵਰ੍ਹਾਂ ਨਾਲ ਫੇਰੇ ਕਰਵਾ ਦਿੱਤੇ। ਫਿਰ ਜਦੋਂ ਉਨ੍ਹਾਂ ਦੋਹਾਂ ਧੀਆਂ ਦਾ ਕੰਨਿਆਦਾਨ ਕਰ ਦਿੱਤਾ ਤਾਂ ਦੁੱਲੇ ਕੋਲ ਦੇਣ ਲਈ ਭਾਵੇਂ ਕੁਝ ਨਹੀਂ ਸੀ ਪਰ ਫਿਰ ਵੀ ਉਸ ਨੇ ਉਨ੍ਹਾਂ ਧੀਆਂ ਦੇ ਹੱਥਾਂ ਉੱਤੇ ਸੇਰ ਸ਼ੱਕਰ ਰੱਖੀ ਤੇ ਉਨ੍ਹਾਂ ਨੂੰ ਖੁਸ਼ੀ-ਖੁਸ਼ੀ ਉਨ੍ਹਾਂ ਦੇ ਸਹੁਰੇ ਘਰ ਭੇਜ ਦਿੱਤਾ ਉਸ ਸਮੇਂ ਦਾ ਇੱਕ ਲੋਕ ਗੀਤ ਵੀ ਪ੍ਰਸਿੱਧ ਹੋਇਆ ......
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ
ਕੁੜੀ ਦੇ ਬੋਝੇ ਪਾਈ ਹੋ ..
...ਇਸ ਤਰ੍ਹਾਂ ਇਹ ਲੋਕ ਗੀਤ ਵੀ ਸਮੇਂ ਦਾ ਪ੍ਰਸਿੱਧ ਹੋਇਆ ਹੈ।
ਇਹ ਤਿਉਹਾਰ ਵਿਆਹੇ ਜੋੜਿਆਂ ਨਾਲ ਵੀ ਸੰਬੰਧਿਤ ਹੈ। ਨਵੇਂ ਵਿਆਹੇ ਜੋੜਿਆਂ ਦੀ ਲੋਹੜੀ ਪਾਈ ਜਾਂਦੀ ਹੈ। ਜੇਕਰ ਕਿਸੇ ਘਰ ਮੁੰਡਾ ਜਾਂ ਕੁੜੀ ਹੋਵੇ ਤਾਂ ਵੀ ਲੋਹੜੀ ਦੀ ਖੁਸ਼ੀ ਮਨਾਈ ਜਾਂਦੀ ਹੈ ਅੱਜ ਸਮਾਜ ਵਿੱਚ ਬਹੁਤ ਬਦਲਾਅ ਆਉਣ ਕਰਕੇ ਲੋਕਾਂ ਨੇ ਕੁੜੀ ਮੁੰਡੇ ਦਾ ਅੰਤਰ ਖ਼ਤਮ ਕਰ ਦਿੱਤਾ ਹੈ। ਇਹ ਲੋਹੜੀ ਧੀਆਂ ਦੀ ਲੋਹੜੀ ਵਜੋਂ ਵੀ ਮਨਾਈ ਜਾਂਦੀ।
ਲੋਹੜੀ ਦਾ ਤਿਉਹਾਰ ਪਾਥੀਆਂ (ਲੱਕੜਾਂ )ਦਾ ਗੁਹਾਰਾ ਬਣਾ ਕੇ ਬਾਲੀ ਜਾਂਦੀ ਹੈ ਇਸ ਮੌਕੇ ਜਿਵੇਂ ਕਿ ਦੁੱਲ੍ਹੇ ਸਰਦਾਰ ਨੇ ਸੁੰਦਰੀ ਤੇ ਮੁੰਦਰੀ ਦੀ ਝੋਲੀ ਸੇਰ ਸ਼ੱਕਰ ਪਾ ਤੋਰਿਆ ਸੀ ਉਸੇ ਤਰ੍ਹਾਂ ਲੋਹੜੀ ਦੇ ਤਿਉਹਾਰ ਉੱਤੇ ਗੁੜ, ਗੱਚਕ, ਮੂੰਗਫਲੀ, ਤਿਲ, ਰੇਵੜੀਆਂ, ਮੱਕੀ ਦੇ ਦਾਣੇ ਦੀਆਂ ਫੁੱਲੀਆਂ ਨਾਲ ਮੱਥਾ ਟੇਕਿਆ ਜਾਂਦਾ ਹੈ। ਅੱਗ ਅੱਗੇ ਮੱਥਾ ਟੇਕਦੇ ਸਮੇਂ ਇਸ ਤਰ੍ਹਾਂ ਉਚਾਰਨ ਵੀ ਕੀਤਾ ਜਾਂਦਾ ਹੈ ....
ਈਸ਼ਰ ਆਏ ਦਲਿੱਦਰ ਜਾਏ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ
ਬੋਲਿਆ ਜਾਂਦਾ ਹੈ ਈਸ਼ਰ ਤੋਂ ਭਾਵ ਹੈ ਖ਼ੁਸ਼ਹਾਲੀ ਤੋਂ ਹੁੰਦਾ ਹੈ ਦਲਿੱਦਰ ਤੋਂ ਭਾਵ ਮੰਦਹਾਲੀ ਜਾਂ ਗ਼ਰੀਬੀ ਤੋਂ ਹੁੰਦਾ ਹੈ।
ਲੋਹੜੀ ਦਾ ਤਿਉਹਾਰ ਆਪਸੀ ਪਿਆਰ ਸਨੇਹ ਦਾ ਸੁਨੇਹਾ ਹੁੰਦਾ ਹੈ ਇਸ ਤਿਉਹਾਰ ਰਾਹੀਂ ਆਪਸੀ ਪਿਆਰ ਵਧਦਾ ਹੈ ਇਹ ਤਿਉਹਾਰ ਪੁਰਾਤਨ ਸਮੇਂ ਦੀ ਦੇਣ ਹੈ।
ਇਸ ਤਿਉਹਾਰ ਤੋਂ ਦੂਜੇ ਦਿਨ ਮਾਘ ਮਹੀਨਾ ਸ਼ੁਰੂ ਹੋ ਜਾਂਦਾ ਹੈ ਆਮ ਹੀ ਪ੍ਰਚੱਲਿਤ ਹੈ ਕਿ ਪੋਹ ਰੰਨਿਆ ਮਾਘ ਖਾਧਾ ਇਸ ਮਹੀਨੇ ਮਾਘੀ ਦੇ ਮੇਲੇ ਵੀ ਭਰਦੇ ਹਨ ਸ੍ਰੀ ਮੁਕਤਸਰ ਸਾਹਿਬ ਮਾਘੀ ਮੌਕੇ ਵੱਡਾ ਮੇਲਾ ਭਰਦਾ ਹੈ।
ਆਓ ਇਸ ਤਿਉਹਾਰ ਦੀ ਮਹੱਤਤਾ ਨੂੰ ਜਾਣਦੇ ਹੋਏ ਇਸ ਤਿਉਹਾਰ ਨੂੰ ਆਪਸ ਵਿਚ ਰਲ ਮਿਲ ਕੇ ਮਨਾਈਏ। ਕੜਾਕੇ ਦੀ ਠੰਡ ਵਿਚ ਕਾਲੇ ਕਾਨੂੰਨਾਂ ਦੇ ਖਿਲਾਫ਼ ਧਰਨਿਆਂ ਤੇ ਬੈਠੇ ਬੁਜ਼ਰਗ ਮਾਤਾਵਾਂ ਅਤੇ ਭੈਣਾਂ, ਭਰਾਵਾਂ ਨਾਲ ਮਨਾਈਏ। ਦੇਸ਼ ਦੀ ਤੇ ਪੰਜਾਬ ਦੀ ਖੁਸ਼ਹਾਲੀ ਲਈ ਪ੍ਰਰਾਥਨਾ ਕਰੀਏ ਕਿ ਇਸ ਸਮੱਸਿਆ ਦੇ ਹੱਲ ਲਈ ਦੁੱਲੇ ਭਰਾ ਵਾਂਗ ਸਰਕਾਰਾਂ ਛੇਤੀ ਤੋਂ ਛੇਤੀ ਹੱਲ ਕਰਨ, ਤਾਂ ਕਿ ਆਉਣ ਵਾਲੇ ਸਮੇਂ ’ਚ ਸਾਡੇ ਬੱਚੇ ਕੇਂਦਰ ਸਰਕਾਰ ਨੂੰ ਦੁੱਲੇ ਵਾਂਗ ਯਾਦ ਕਰਨ।
ਬਲਜਿੰਦਰ ਕੌਰ ਸ਼ੇਰਗਿੱਲ
9878519278
-
ਬਲਜਿੰਦਰ ਕੌਰ ਸ਼ੇਰਗਿੱਲ, writer
baljinderk57@gmail.com>
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.