ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਕਨਵੋਕੇਸ਼ਨ 15 ਜਨਵਰੀ ਨੂੰ, ਰਾਸ਼ਟਰਪਤੀ ਮੁਰਮੂ ਹੋਣਗੇ ਮੁੱਖ ਮਹਿਮਾਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਕਨਵੋਕੇਸ਼ਨ ਸਬੰਧੀ ਹਾਈ ਪਾਵਰ ਕਮੇਟੀਆਂ ਦਾ ਗਠਨ, ਤਿਆਰੀਆਂ ਜ਼ੋਰਾਂ ਤੇ - ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ
ਅੰਮ੍ਰਿਤਸਰ 07 ਜਨਵਰੀ 2025 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 50ਵੀਂ ਗੋਲਡਨ ਜੁਬਲੀ ਸਲਾਨਾ ਕਨਵੋਕੇਸ਼ਨ ਨੂੰ ਸਫ਼ਲ ਅਤੇ ਸੁਚੱਜੇ ਢੰਗ ਨਾਲ ਆਯੋਜਿਤ ਕਰਨ ਲਈ ਵਾਈਸ ਚਾਂਸਲਰ ਪ੍ਰੋਫੈਸਰ ਡਾ. ਕਰਮਜੀਤ ਸਿੰਘ ਵੱਲੋਂ ਗਠਤ ਕਮੇਟੀਆਂ ਦੀ ਹੋਈ ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਰਜਿਸਟਰਾਰ ਡਾ. ਕੇ.ਐਸ. ਚਾਹਲ ਵੱਲੋਂ ਕਨਵੋਕੇਸ਼ਨ ਸਬੰਧੀ ਤਿਆਰੀਆਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਵੱਖ-ਵੱਖ ਸਬ ਕਮੇਟੀਆਂ ਦਾ ਗਠਨ ਕੀਤਾ ਗਿਆ।
ਰਜਿਸਟਰਾਰ ਡਾ. ਕੇ.ਐਸ. ਚਾਹਲ ਨੇ ਦੱਸਿਆ ਕਿ ਯੂਨੀਵਰਸਿਟੀ ਦੀ 50ਵੀਂ ਸਲਾਨਾ ਕਨਵੋਕੇਸ਼ਨ 15 ਜਨਵਰੀ (ਵੀਰਵਾਰ) ਨੂੰ ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ ਵਿਖੇ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਦੇਸ਼ ਦੀ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦਰੌਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਕੁਲਪਤੀ ਸ਼੍ਰੀ ਗੁਲਾਬ ਚੰਦ ਕਟਾਰੀਆ, ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਮੇਤ ਹੋਰ ਕਈ ਵਿਸ਼ੇਸ਼ ਹਸਤੀਆਂ ਵੀ ਹਾਜ਼ਰ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਗੋਲਡਨ ਜੁਬਲੀ ਕਨਵੋਕੇਸ਼ਨ ਦੇ ਮੌਕੇ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ ਅਤੇ ਸਮਾਜ ਭਲਾਈ ਵਿੱਚ ਵਿਸ਼ੇਸ਼ ਯੋਗਦਾਨ ਲਈ ਦੋ ਪ੍ਰਮੁੱਖ ਹਸਤੀਆਂ ਨੂੰ ਆਨਰ ਕਾਜਾ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ।
ਕਨਵੋਕੇਸ਼ਨ ਦੀਆਂ ਤਿਆਰੀਆਂ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ। ਰਜਿਸਟਰਾਰ ਨੇ ਦੱਸਿਆ ਕਿ 14 ਜਨਵਰੀ ਨੂੰ ਵਿਸ਼ੇਸ਼ ਰਹਿਰਸਲ ਕਰਵਾਈ ਜਾਵੇਗੀ।
ਰਾਸ਼ਟਰਪਤੀ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਅਤੇ ਅਨੁਸ਼ਾਸਨ ਦੇ ਕੜੇ ਪ੍ਰਬੰਧ ਕੀਤੇ ਜਾਣਗੇ, ਜਿਸ ਲਈ ਡੀਨ ਵਿਦਿਆਰਥੀ ਭਲਾਈ ਡਾ. ਹਰਿੰਦਰ ਸਿੰਘ ਸੈਣੀ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋਫੈਸਰ ਕੇਐਸ ਚਾਹਲ ਨੇ 50ਵੀਂ ਸਲਾਨਾ ਕਾਨੂੰੋਕੇਸ਼ਨ ਸਬੰਧੀ ਤਿਆਰੀਆਂ ਬਾਰੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਯੂਨੀਵਰਸਿਟੀ ਦੀ 50ਵੀਂ ਕਨਵੋਕੇਸ਼ਨ ਦਾ ਆਯੋਜਨ ਕਰਨ ਜਾ ਰਹੇ ਉਹਨਾਂ ਕਿਹਾ ਕਿ ਇਸ ਸਬੰਧੀ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਕਮੇਟੀਆਂ ਦੇ ਕਨਵੀਨਰ ਅਤੇ ਹੋਰ ਮੈਂਬਰ ਸਾਹਿਬਾਨ ਕਨਵੋਕੇਸ਼ਨ ਸਬੰਧੀ ਤਿਆਰੀਆਂ ਵਿੱਚ ਕੋਈ ਕਸਰ ਬਾਕੀ ਨਾ ਛੱਡਣ।
ਇਸ ਮੌਕੇ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਐਚ ਐਸ ਸੈਣੀ, ਓਐਸਡੀ, ਸ. ਪਰਮਿੰਦਰ ਸਿੰਘ, ਡਾਇਰੈਕਟਰ ਈਵੈਂਟ ਡਾ. ਰਵਿੰਦਰ ਕੁਮਾਰ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਡਾ. ਸ਼ਾਲਿਨੀ ਬਹਿਲ, ਸੁਰੱਖਿਆ ਅਫਸਰ ਸ.ਹਰਵਿੰਦਰ ਸਿੰਘ, ਡਿਪਟੀ ਰਜਿਸਟਰਾਰ ਡਾ. ਰਾਜੇਸ਼ ਕਾਲੀਆ, ਡਾਇਰੈਕਟਰ ਲੋਕ ਸੰਪਰਕ ਸ੍ਰੀ ਪ੍ਰਵੀਨ ਕੁਮਾਰ ਤੋਂ ਇਲਾਵਾ ਹੋਰ ਬਹੁਤ ਸਾਰੇ ਅਧਿਕਾਰੀ ਅਤੇ ਸਟਾਫ ਮੈਂਬਰ ਮੌਜੂਦ ਸਨ।
ਮੀਟਿੰਗ ਤੋਂ ਬਾਅਦ ਰਜਿਸਟਰਾਰ ਡਾ. ਕੇ.ਐਸ. ਚਾਹਲ ਵੱਲੋਂ ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ ਦਾ ਦੌਰਾ ਕਰਕੇ ਸਲਾਨਾ ਕਨਵੋਕੇਸ਼ਨ ਲਈ ਕੀਤੇ ਜਾ ਰਹੇ ਸੁਰੱਖਿਆ, ਬੈਠਕ, ਮੰਚ ਅਤੇ ਹੋਰ ਪ੍ਰਬੰਧਾਂ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਗਿਆ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।