ਅਧਿਆਪਕਾਂ ਦਾ ਗਿਆਨ ਅਤੇ ਤਕਨਾਲੌਜੀ ਦੇ ਨਵੇਂ ਰੁਝਾਨਾਂ ਨਾਲ਼ ਜੁੜਨਾ ਬਹੁਤ ਜ਼ਰੂਰੀ: ਡਾ. ਜਗਦੀਪ ਸਿੰਘ
ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ.-ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵਿਖੇ ਅਧਿਆਪਕਾਂ ਲਈ ਦੋ ਆਨਲਾਈਨ ਕੋਰਸ ਸ਼ੁਰੂ
ਪਟਿਆਲਾ, 07 ਜਨਵਰੀ
ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ.-ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ (ਐੱਮ.ਐੱਮ.ਟੀ.ਟੀ.ਸੀ.) ਵਿਖੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਦੋ ਆਨਲਾਈਨ ਕੋਰਸਾਂ ਦਾ ਉਦਘਾਟਨ ਕੀਤਾ ਗਿਆ।
'ਗੁਰੂ ਦਕਸ਼ਤਾ ਫ਼ੈਕਲਟੀ ਇੰਡਕਸ਼ਨ ਪ੍ਰੋਗਰਾਮ' ਅਤੇ 'ਰਿਫ਼ਰੈਸ਼ਰ ਕੋਰਸ ਇਨ ਰਿਸਰਚ ਮੈਥੋਡੋਲੋਜੀ ਐਂਡ ਐਥਿਕਸ' ਨਾਮਕ ਇਹ ਦੋਹੇਂ ਕੋਰਸ ਆਨਲਾਈਨ ਮੋਡ ਵਿੱਚ ਸ਼ੁਰੂ ਕੀਤੇ ਗਏ ਹਨ।
ਉਦਘਾਟਨੀ ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ. ਡਾ. ਜਗਦੀਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ) ਦੇ ਉਪ-ਕੁਲਪਤੀ ਪ੍ਰੋ. ਸੋਮ ਨਾਥ ਸਚਦੇਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਉਪ-ਕੁਲਪਤੀ. ਡਾ. ਜਗਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਅਜਿਹੇ ਰਿਫ਼ਰੈਸ਼ਰ ਕੋਰਸਾਂ ਦੀ ਲੋੜ ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਅਧਿਆਪਨ ਇੱਕ ਅਜਿਹਾ ਪੇਸ਼ਾ ਹੈ ਜਿਸ ਵਿੱਚ ਨਿਰੰਤਰ ਅਪਡੇਟ ਦੀ ਲੋੜ ਹੁੰਦੀ ਹੈ। ਅਧਿਆਪਕ ਨੇ ਸਮੇਂ ਦੇ ਹਾਣ ਦਾ ਹੋ ਕੇ ਤੁਰਨਾ ਹੁੰਦਾ ਹੈ। ਉਸ ਨੇ ਗਿਆਨ ਅਤੇ ਤਕਨਾਲੌਜੀ ਦੇ ਨਵੇਂ ਰੁਝਾਨਾਂ ਨਾਲ਼ ਆਪਣੀ ਵਾਬਸਤਗੀ ਰੱਖਣੀ ਹੁੰਦੀ ਹੈ। ਇਸ ਮਕਸਦ ਲਈ ਅਜਿਹੇ ਕੋਰਸ ਭਰਪੂਰ ਮਦਦਗਾਰ ਸਾਬਤ ਹੋ ਸਕਦੇ ਹਨ।
ਪ੍ਰੋ. ਸੋਮ ਨਾਥ ਸਚਦੇਵਾ ਨੇ ਕਿਹਾ ਕਿ ਅਜਿਹੇ ਕੋਰਸ ਉੱਚ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਨ ਮੁਹਾਰਤ ਅਤੇ ਖੋਜ ਯੋਗਤਾ ਵਧਾਉਣ ਪੱਖੋਂ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਆਪਣੇ ਸੰਬੋਧਨ ਵਿੱਚ ਨੈਤਿਕ ਮੁੱਲਾਂ ਸਹਿਤ ਕੀਤੀ ਜਾਂਦੀ ਖੋਜ ਨੂੰ ਗਿਆਨ ਸਿਰਜਣ ਦਾ ਮੂਲ ਅਧਾਰ ਦੱਸਿਆ ਅਤੇ ਐੱਮ.ਐੱਮ.ਟੀ.ਟੀ.ਸੀ. ਦੇ ਯਤਨਾਂ ਦੀ ਸ਼ਲਾਘਾ ਕੀਤੀ।
ਐੱਮ.ਐੱਮ.ਟੀ.ਟੀ.ਸੀ. ਦੇ ਡਾਇਰੈਕਟਰ ਪ੍ਰੋ. ਰਮਨ ਮੈਨੀ ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਇਹਨਾਂ ਪ੍ਰੋਗਰਾਮਾਂ ਦੇ ਮਕਸਦ ਅਤੇ ਰੂਪ-ਰੇਖਾ ਬਾਰੇ ਵਿਸਥਾਰ ਵਿੱਚ ਦੱਸਿਆ।
ਉਨ੍ਹਾਂ ਕੋਰਸ ਕੋਆਰਡੀਨੇਟਰਾਂ, ਡਾ. ਨਿਰਮਲ ਸਿੰਘ ਅਤੇ ਡਾ. ਧਨਦੀਪ ਸਿੰਘ (ਗੁਰੂ ਦਕਸ਼ਤਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ), ਡਾ. ਸੁਰੇਸ਼ ਕੁਮਾਰ ਅਤੇ ਡਾ. ਭਾਰਤੀ ਸਪਰਾ (ਰਿਫਰੈਸ਼ਰ ਕੋਰਸ)—ਦੀ ਸਮਰਪਿਤ ਯੋਜਨਾਬੰਦੀ ਦੀ ਸ਼ਲਾਘਾ ਕੀਤੀ।