ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਵਾਉਣਾ ਲਾਜ਼ਮੀ: DC ਮਾਨਸਾ
ਅਸ਼ੋਕ ਵਰਮਾ
ਮਾਨਸਾ, 6 ਜਨਵਰੀ 2026: ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਅਤੇ ਆਪਣੇ ਬੱਚਿਆਂ ਦੇ ਆਧਾਰ ਕਾਰਡ ਸਮੇਂ-ਸਮੇਂ ’ਤੇ ਅਪਡੇਟ ਕਰਵਾਉਣ ਤਾਂ ਜੋ ਵੱਖ-ਵੱਖ ਸਰਕਾਰੀ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਲੈਣ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਆਧਾਰ ਕਾਰਡ ਅਪਡੇਟ ਨਾ ਹੋਣ ਦੀ ਸੂਰਤ ਵਿਚ ਨਾਗਰਿਕਾਂ ਨੂੰ ਕਈ ਸਹੂਲਤਾਂ ਤੋਂ ਵਾਂਝਾ ਰਹਿਣਾ ਪੈ ਸਕਦਾ ਹੈ। ਯੂ.ਆਈ.ਡੀ.ਏ.ਆਈ. ਦੀਆਂ ਹਦਾਇਤਾਂ ਅਨੁਸਾਰ 5 ਸਾਲ ਅਤੇ 15 ਸਾਲ ਦੀ ਉਮਰ ਤੋਂ ਬਾਅਦ, ਬੱਚਿਆਂ ਦਾ ਆਧਾਰ ਕਾਰਡ ਬਾਇਓਮੀਟ੍ਰਿਕ ਜਿਸ ਵਿੱਚ ਫਿੰਗਰਪ੍ਰਿੰਟ, ਆਇਰਿਸ ਅਤੇ ਚਿਹਰਾ ਆਦਿ ਅਪਡੇਟ ਕਰਵਾਉਣਾ ਲਾਜ਼ਮੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 10 ਸਾਲ ਤੋਂ ਪੁਰਾਣੇ ਆਧਾਰ ਕਾਰਡਾਂ ਨੂੰ ਵੀ ਅਪਡੇਟ ਕਰਵਾਉਣਾ ਜ਼ਰੂਰੀ ਹੈ, ਜਿਸ ਵਿੱਚ ਬਾਇਓਮੀਟ੍ਰਿਕ ਦੇ ਨਾਲ-ਨਾਲ ਪਤੇ ਦਾ ਸਬੂਤ ਵੀ ਅਪਡੇਟ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਬਾਈਲ ਨੰਬਰ ਅਤੇ ਦਸਤਾਵੇਜ਼ਾਂ ਨੂੰ ਆਧਾਰ ਨਾਲ ਅਪਡੇਟ ਰੱਖਣ ਤਾਂ ਜੋ ਡੀਬੀਟੀ ਸਮੇਤ ਹੋਰ ਸਰਕਾਰੀ ਸਹੂਲਤਾਂ ਦਾ ਨਿਰਵਿਘਨ ਲਾਭ ਮਿਲ ਸਕੇ। ਦਸਤਾਵੇਜ਼ ਅਪਡੇਟ ਕਰਨ ਦੀ ਇਹ ਸੁਵਿਧਾ ਮਾਈ ਆਧਾਰ ਪੋਰਟਲ (https://myaadhar.in/) ਰਾਹੀਂ ਆਨਲਾਈਨ ਜਾਂ ਸੇਵਾ ਕੇਂਦਰਾਂ ‘ਤੇ ਉਪਲਬਧ ਹੈ।