ਪੀ ਏ ਯੂ ਨੂੰ ਚੂਹਿਆਂ ਦੀ ਰੋਕਥਾਮ ਲਈ ਵਾਤਾਵਰਨ ਪੱਖੀ ਤਕਨੀਕ ਨੂੰ ਪੇਟੈਂਟ ਹਾਸਲ ਹੋਇਆ
ਲੁਧਿਆਣਾ 6 ਜਨਵਰੀ, 2025
ਪੀ ਏ ਯੂ ਨੂੰ ਚੂਹਿਆਂ ਦੀ ਰੋਕਥਾਮ ਵਾਤਾਵਰਨ ਪੱਖੀ ਗਰਭਨਿਰੋਧਕ ਚਾਰੇ ਲਈ ਪੇਟੈਂਟ ਪ੍ਰਾਪਤ ਹੋਇਆ ਹੈ। ਇਹ ਨਵੀਂ ਤਕਨਾਲੋਜੀ ਰਵਾਇਤੀ ਤਕਨੀਕ ਨਾਲ ਚੂਹਿਆਂ ਦੀ ਰੋਕਥਾਮ ਦੇ ਤਰੀਕਿਆਂ ਦੀ ਥਾਂ ਇਕ ਨਵੀਂ ਵਿਧੀ ਹੈ, ਕਿਉਂਕਿ ਇਹ ਤਕਨੀਕ ਗੈਰ-ਹਿੰਸਕ ਅਤੇ ਚੂਹਿਆਂ ਦੇ ਜਨਮ ਉੱਪਰ ਕਾਬੂ ਪਾਉਣ ਦੀ ਪਹੁੰਚ ਅਪਣਾਉਂਦੀ ਹੈ, ਜਿਸ ਨਾਲ ਲੰਬੇ ਸਮੇਂ ਤੱਕ ਅਤੇ ਵਾਤਵਰਨ ਪੱਖੀ ਨਤੀਜੇ ਸਾਹਮਣੇ ਆਉਂਦੇ ਹਨ।
ਰਵਾਇਤੀ ਚੂਹਾ ਮਾਰ ਤਰੀਕਿਆਂ ਜੋ ਚੂਹਿਆਂ ਨੂੰ ਮਾਰਨ ‘ਤੇ ਆਧਾਰਿਤ ਸਨ, ਤੋਂ ਉਲਟ ਚਾਰੇ ਦਾ ਇਹ ਢੰਗ ਉਨ੍ਹਾਂ ਦੀ ਆਬਾਦੀ ਦੇ ਤੇਜ਼ੀ ਨਾਲ ਵਧਣ ਵਿਚ ਰੁਕਾਵਟ ਪਾਉਂਦਾ ਹੈ। ਪੀਏਯੂ ਵੱਲੋਂ ਵਿਕਸਿਤ ਇਹ ਤਕਨਾਲੋਜੀ ਚੂਹਿਆਂ ਦੀ ਪ੍ਰਜਣਨ ਸਮਰੱਥਾ ਅਤੇ ਜਨਮ ਦਰ ਘਟਾ ਕੇ ਉਨ੍ਹਾਂ ਦੀ ਸੰਖਿਆ ਨੂੰ ਨਿਯੰਤਰਿਤ ਕਰਦੀ ਹੈ। ਚੂਹਿਆਂ ਦਾ ਗਰਭਨਿਰੋਧਕ ਚਾਰਾ ਸੁਆਦਲਾ, ਵਰਤਣ ਵਿੱਚ ਆਸਾਨ ਹੈ ਅਤੇ ਕਿਸਾਨਾਂ ਵੱਲੋਂ ਵਰਤੋਂ ਲਈ ਤਿਆਰ ਕੀਤਾ ਗਿਆ ਹੈ। ਪੇਟੈਂਟ ਪ੍ਰਾਪਤ ਕਰਨ ਵਾਲੀ ਇਸ ਤਕਨੀਕ ਦੀ ਮੁੱਖ ਵਿਸ਼ੇਸ਼ਤਾ ਚੂਹਿਆਂ ਦੀ ਪ੍ਰਜਣਨ ਸਮਰੱਥਾ ਨੂੰ ਰੋਕ ਕੇ ਉਨ੍ਹਾਂ ਦੀ ਆਬਾਦੀ ਘਟਾਉਂਦੀ ਹੈ, ਜਿਸ ਨਾਲ ਵਾਤਾਵਰਣੀ ਪ੍ਰਦੂਸ਼ਣ ਘਟਦਾ ਹੈ ਅਤੇ ਬਾਕੀ ਜੀਵਾਂ ਲਈ ਸੁਰੱਖਿਆ ਵਧਦੀ ਹੈ।
ਇਹ ਵਾਤਾਵਰਨ ਪੱਖੀ ਚਾਰਾ ਖੇਤਾਂ ਵਿੱਚ ਵਰਤੋਂ ਲਈ ਤਿਆਰ, ਵਿਹਾਰਕ ਅਤੇ ਵੱਡੇ ਪੱਧਰ ਤੇ ਲਾਗੂ ਕਰਨ ਯੋਗ ਹੈ, ਜਿਸ ਨਾਲ ਇਹਨੂੰ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਵੀ ਵਰਤਿਆ ਜਾ ਸਕਦਾ ਹੈ।ਮਾਰੂ ਤਰੀਕਿਆਂ ਦੀ ਥਾਂ ਇਕ ਤਕਨਾਲੋਜੀ ਪ੍ਰਭਾਵਸ਼ਾਲੀ ਬਦਲ ਪੇਸ਼ ਕਰਦੀ ਹੈ ਜਿਸ ਨਾਲ ਇਸ ਤਕਨਾਲੋਜੀ ਨੂੰ ਸੰਯੁਕਤ ਚੂਹਾ ਪ੍ਰਬੰਧਨ ਤਰੀਕਿਆਂ ਵਿੱਚ ਅਪਣਾਏ ਜਾਣ ਦੀ ਸੰਭਾਵਨਾ ਹੈ। ਇਸ ਢੰਗ ਨਾਲ ਫਸਲਾਂ, ਜਨਤਕ ਸਿਹਤ ਅਤੇ ਵਾਤਵਰਨ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ। ਇਹ ਪੇਟੈਂਟ ਖੋਜੀਆਂ ਵਿਚ ਡਾ. ਨੀਨਾ ਸਿੰਗਲਾ, ਪ੍ਰਿੰਸੀਪਲ ਜੂਲੌਜਿਸਟ (ਚੂਹੇ); ਮਿਸ ਡਿੰਪਲ ਮੰਡਲਾ, ਪੀਐਚ.ਡੀ. ਵਿਦਿਆਰਥਣ; ਅਤੇ ਡਾ. ਅਨੂ ਕਾਲੀਆ, ਸੀਨੀਅਰ ਸਾਇੰਟਿਸਟ (ਨੈਨੋਟੈਕਨੋਲੋਜੀ) ਨੂੰ ਪ੍ਰਦਾਨ ਕੀਤਾ ਗਿਆ ਹੈ। ਇਨ੍ਹਾਂ ਦੀਆਂ ਅੰਤਰ-ਵਿਭਾਗੀ ਕੋਸ਼ਿਸ਼ਾਂ ਨਾਲ ਇਹ ਪ੍ਰਭਾਵਸ਼ਾਲੀ ਅਤੇ ਕਿਸਾਨ ਪੱਖੀ ਤਕਨੀਕ ਵਿਕਸਿਤ ਹੋਈ ਹੈ।
ਚੂਹਿਆਂ ਦੇ ਲੰਬੇ ਸਮੇਂ ਤੱਕ ਪ੍ਰਬੰਧਨ ਲਈ ਵਾਤਾਵਰਨ ਪੱਖੀ ਗਰਭਨਿਰੋਧਕ ਚਾਰਾ ਵਿਕਸਿਤ ਕਰਨ ਸੰਬੰਧੀ ਕੰਮ ਨੂੰ ਜੁਆਲੋਜੀ ਵਿਭਾਗ ਵਿੱਚ ਚੱਲ ਰਹੇ ਆਲ ਇੰਡੀਆ ਨੈੱਟਵਰਕ ਪ੍ਰੋਜੈਕਟ ਆਨ ਵਰਟੀਬ੍ਰੇਟ ਪੈਸਟ ਮੈਨੇਜਮੈਂਟ ਦਾ ਸਹਿਯੋਗ ਪ੍ਰਾਪਤ ਹੋਇਆ ਹੈ। ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਡਾ. ਮਾਨਵ ਇੰਦਰ ਸਿੰਘ ਗਿੱਲ, ਡੀਨ, ਕਾਲਜ ਆਫ ਬੇਸਿਕ ਸਾਇੰਸਜ਼ ਐਂਡ ਹਿਊਮੈਨੀਟੀਜ਼ ਡਾ. ਕਿਰਨ ਬੈਂਸ, ਅਤੇ ਐਸੋਸੀਏਟ ਡਾਇਰੈਕਟਰ, ਟੈਕਨੋਲੋਜੀ ਮਾਰਕੀਟਿੰਗ ਐਂਡ ਆਈਪੀਆਰ ਸੈੱਲ ਡਾ. ਖੁਸ਼ਦੀਪ ਧਰਨੀ ਨੇ ਇਸ ਮਹੱਤਵਪੂਰਨ ਪ੍ਰਾਪਤੀ ਲਈ ਖੋਜੀਆਂ ਨੂੰ ਵਧਾਈ ਦਿੱਤੀ।