ਇਨਕਲਾਬੀ ਕੇਂਦਰ ਅਤੇ ਲੋਕ ਮੋਰਚਾ ਵੱਲੋਂ ਅਮਰੀਕੀ-ਇਜ਼ਰਾਈਲੀ ਜੰਗਬਾਜ਼ਾਂ ਖਿਲਾਫ਼ ਰੋਸ ਮਾਰਚ
ਅਸ਼ੋਕ ਵਰਮਾ
ਬਰਨਾਲਾ, 27 ਜੂਨ 2025 :ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਡਾ ਰਜਿੰਦਰ ਪਾਲ ਤੇ ਲੋਕ ਮੋਰਚਾ ਪੰਜਾਬ ਦੇ ਸਤਨਾਮ ਸਿੰਘ ਦੀਵਾਨਾ ਦੀ ਅਗਵਾਈ ਵਿੱਚ ਅਮਰੀਕੀ ਇਜ਼ਰਾਈਲੀ ਜ਼ੰਗ ਬਾਜਾਂ ਵੱਲੋਂ ਇਰਾਨੀ ਅਤੇ ਫ਼ਲਸਤੀਨੀ ਲੋਕਾਂ ਖਿਲਾਫ਼ ਵਿੱਢੀ ਨਿਹੱਕੀ ਜ਼ੰਗ ਖਿਲਾਫ਼ ਕਚਹਿਰੀ ਚੌਂਕ ਬਰਨਾਲਾ ਲਾਗੇ ਰੈਲੀ ਕਰਨ ਉਪਰੰਤ ਰੋਸ ਮਾਰਚ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਦੋਵੇਂ ਜਥੇਬੰਦੀਆਂ ਦੇ ਸੂਬਾ ਆਗੂਆਂ ਨਰਾਇਣ ਦੱਤ ਅਤੇ ਜਗਮੇਲ ਸਿੰਘ ਨੇ ਕਿਹਾ ਕਿ ਜੰਗਬਾਜ਼ ਸਾਮਰਾਜੀ ਹਾਕਮਾਂ ਨੇ 7 ਅਕਤੂਬਰ 2023 ਤੋਂ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਕੇ 60 ਹਜ਼ਾਰ ਲੋਕਾਂ (ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚਿਆਂ) ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਤੇ 20 ਲੱਖ ਲੋਕਾਂ ਨੂੰ ਘਰੋਂ ਉਜਾੜ ਦਿੱਤਾ ਹੈ। ਪੂਰਾ ਫ਼ਲਸਤੀਨ ਢਹਿ ਢੇਰੀ ਕਰਕੇ ਖੰਡਰਾਂ ਵਿੱਚ ਤਬਦੀਲ ਕਰ ਦਿੱਤਾ ਹੈ ਜਿਸ ਕਰਕੇ ਹਜ਼ਾਰਾਂ ਲੋਕ ਵੱਡੀ ਗਿਣਤੀ ਵਿੱਚ ਬੱਚੇ ਭੁੱਖੇ ਮਰਨ ਲਈ ਮਜ਼ਬੂਰ ਹਨ।
ਉਹਨਾਂ ਕਿਹਾ ਕਿ ਇਸੇ ਹੀ ਕਦਮ ਦੀ ਅਗਲੀ ਕੜੀ ਵਜੋਂ 13 ਜੂਨ ਨੂੰ ਮੱਧ ਪੂਰਬ ਦੇ ਤੇਲ ਭੰਡਾਰਾਂ ਦੇ ਕਬਜ਼ਾ ਕਰਨ ਦੀ ਨੀਅਤ ਨਾਲ, ਪ੍ਰਮਾਣੂ ਹਥਿਆਰਾਂ ਨਾਲ ਸੰਪੰਨ ਮੁਲਕਾਂ ਅਮਰੀਕੀ-ਇਜ਼ਰਾਈਲੀ ਜੰਗਬਾਜ਼ਾਂ ਵੱਲੋਂ ਇਰਾਨ ਕੋਲ ਐਟਮੀ ਹਥਿਆਰ ਹੋਣ ਦੇ ਬਹਾਨੇ ਹੇਠ ਹਵਾਈ ਬੰਬਾਂ ਅਤੇ ਮਿਜ਼ਾਈਲਾਂ ਨਾਲ 13 ਜੂਨ ਤੋਂ ਹਮਲਾ ਸ਼ੁਰੂ ਕੀਤਾ। ਪਰ ਇਰਾਨੀ ਮਿਜ਼ਾਈਲਾਂ ਅੱਗੇ ਅਮਰੀਕੀ -ਇਜ਼ਰਾਈਲੀ ਜੰਗਬਾਜ਼ਾਂ ਦੀ ਕੋਈ ਵਾਹ ਨਾਂ ਜਾਂਦੀ ਵੇਖਕੇ ਮੈਦਾਨ ਛੱਡ ਕੇ ਭੱਜਣ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਲਈ ਸਾਮਰਾਜੀਆਂ ਵੱਲੋਂ ਮੰਡੀ ਉੱਪਰ ਕਬਜ਼ੇ ਦੀ ਹੋੜ ਅਤੇ ਆਪਣੇ ਸਿਆਸੀ ਹਿੱਤਾਂ ਨੂੰ ਰਾਸ ਬਹਿੰਦੀਆਂ ਪਿੱਠੂ ਹਕੂਮਤਾਂ ਥੋਪਣ ਦੀ ਨੀਤੀ ਤਹਿਤ ਥੋਪੀਆਂ ਇਹ ਨਿਹੱਕੀਆਂ ਜੰਗਾਂ ਦਾ ਵਿਰੋਧ ਕਰਨਾ ਚਾਹੀਦਾ ਹੈ।
ਆਗੂਆਂ ਕਿਹਾ ਕਿ ਮਿਹਨਤਕਸ਼ ਲੋਕਾਈ ਨੂੰ ਆਪਣੀ ਜਮਾਤੀ ਏਕਤਾ ਮਜ਼ਬੂਤ ਕਰਦਿਆਂ ਸੰਸਾਰ ਸਾਮਰਾਜੀ ਜੰਗਬਾਜ਼ਾਂ ਅਤੇ ਆਰ ਐੱਸ ਐੱਸ ਦੀ ਅਗਵਾਈ ਵਾਲੀ ਫ਼ਿਰਕੂ ਫਾਸ਼ੀ ਭਾਜਪਾ ਹਕੂਮਤ ਜਿਸ ਨੇ ਅਪ੍ਰੇਸ਼ਨ ਕਗਾਰ ਤਹਿਤ ਆਦਿਵਾਸੀ ਲੋਕਾਂ ਅਤੇ ਮਾਓਵਾਦੀਆਂ ਉੱਪਰ ਕਤਲੇਆਮ ਦੀ ਮੁਹਿੰਮ ਵਿੱਢੀ ਹੋਈ ਹੈ ਦੇ ਖਿਲਾਫ਼ ਜ਼ੰਗ ਦੇ ਮੈਦਾਨ ਵਿੱਚ ਨਿੱਤਰਨਾ ਚਾਹੀਦਾ ਹੈ। ਇਸ ਸਮੇਂ ਭਰਾਤਰੀ ਜਥੇਬੰਦੀਆਂ ਭਾਕਿਯੂ ਏਕਤਾ-ਡਕੌਂਦਾ, ਭਾਕਿਯੂ ਏਕਤਾ-ਉਗਰਾਹਾਂ, ਟੈਕਨੀਕਲ ਸਰਵਿਸਿਜ਼ ਯੂਨੀਅਨ, ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਜਮਹੂਰੀ ਅਧਿਕਾਰ ਸਭਾ, ਪਾਵਰਕੌਮ ਅਤੇ ਟਰਾਂਸਕੋ ਸੀਐਚਬੀ ਕਾਮੇ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ,ਵਾਟਰ ਸਪਲਾਈ ਆਊਟਸੋਰਸ ਕਾਮੇ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਆਗੂਆਂ ਚਮਕੌਰ ਸਿੰਘ ਨੈਣੇਵਾਲ, ਕੁਲਵੰਤ ਸਿੰਘ ਭਦੌੜ, ਗੁਰਦੇਵ ਸਿੰਘ ਮਾਂਗੇਵਾਲ, ਸੁਖਵਿੰਦਰ ਸਿੰਘ ਠੀਕਰੀਵਾਲਾ, ਗੁਰਮੇਲ ਸਿੰਘ ਠੁੱਲੀਵਾਲ, ਚੰਦਰ ਸ਼ਰਮਾ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਕੁਲਵੀਰ ਸਿੰਘ ਔਲਖ, ਨਿਰਮਲ ਸਿੰਘ ਚੁਹਾਣਕੇ, ਅੰਮ੍ਰਿਤ ਪਾਲ, ਜਗਦੀਸ਼ ਸਿੰਘ ਨਾਈਵਾਲਾ, ਅਮਰਜੀਤ ਸਿੰਘ ਮਹਿਲਕਲਾਂ, ਕਮਲਜੀਤ ਕੌਰ, ਬਲਦੇਵ ਸਿੰਘ ਮੰਡੇਰ, ਰਜਿੰਦਰ ਪਾਲ ਸਿੰਘ ਆਦਿ ਆਗੂਆਂ ਦੀ ਅਗਵਾਈ ਵਿੱਚ ਜੰਗਬਾਜ਼ ਅਮਰੀਕਾ ਅਤੇ ਇਜ਼ਰਾਈਲੀ ਗੱਠਜੋੜ-ਮੁਰਦਾਬਾਦ, ਅਮਰੀਕੀ ਇਜ਼ਰਾਈਲੀ ਜ਼ੰਗ ਬਾਜੋ-ਇਰਾਨ ਤੋਂ ਹੱਥ ਪਰ੍ਹਾਂ ਰੱਖੋ, ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਨਾ -ਬੰਦ ਕਰੋ, ਇਜ਼ਰਾਈਲੀ ਜ਼ੰਗ ਬਾਜੋ, ਫ਼ਲਸਤੀਨੀਆਂ ਨੂੰ ਭੁੱਖਾ ਮਾਰਨਾ ਬੰਦ ਕਰੋ, ਭਾਰਤੀ ਹਾਕਮੋ, ਇਜ਼ਰਾਇਲ ਨਾਲ ਕੀਤੇ ਸਭ ਸਮਝੌਤੇ ਸੰਧੀਆਂ-ਰੱਦ ਕਰੇ, ਗਾਜ਼ਾ ਅੰਦਰ ਕਤਲੇਆਮ-ਬੰਦ ਕਰੋ, ਇਜ਼ਰਾਇਲ ਅਮਰੀਕਾ ਨਾਪਾਕ ਗਠਜੋੜ-ਮੁਰਦਾਬਾਦ, ਸਾਮਰਾਜੀ ਸਕੀਮਾਂ ਤਹਿਤ ਹੋਰਨਾਂ ਦੇਸ਼ਾਂ ਤੇ ਜ਼ੰਗ ਮੜ੍ਹਨੀ-ਬੰਦ ਕਰੋ ਆਦਿ ਅਕਾਸ਼ ਗੁੰਜਾਊ ਨਾਹਰਿਆਂ ਨਾਲ ਰੋਹ ਭਰਪੂਰ ਮਾਰਚ ਕੀਤਾ। ਆਗੂਆਂ ਨੇ ਪੰਜਾਬ ਸਰਕਾਰ ਦੇ ਜਾਬਰ ਕਦਮਾਂ ਦੀ ਸਖ਼ਤ ਨਿੰਦਾ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰਭਗਵਾਨ ਮੂਣਕ ਉੱਪਰ ਕਾਤਲਾਨਾ ਹਮਲੇ ਦੀ ਸਖਤ ਸ਼ਬਦਾਂ ਨਿੰਦਾ ਕਰਦਿਆਂ ਹਮਲਾਵਰਾਂ ਨੂੰ ਫੌਰੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।