ਮਾਲੇਰਕੋਟਲਾ: ਡਰਾਈ ਡੇਅ ਫਰਾਈ ਡੇਅ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ ਵੱਡੇ ਪੱਧਰ ਤੇ ਲਾਰਵੇ ਦਾ ਨਿਰੀਖਣ
- 85 ਸਿਹਤ ਟੀਮਾਂ ਵੱਲੋਂ 3349 ਘਰਾਂ ਤੱਕ ਪਹੁੰਚ, 18 ਥਾਵਾਂ ਤੋਂ ਮਿਲਿਆ ਲਾਰਵਾ
ਮਾਲੇਰਕੋਟਲਾ, 27 ਜੂਨ 2025 - ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ.ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੀ ਅਗਵਾਈ ਹੇਠ ਜਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਡੇਂਗੂ ਤੋਂ ਬਚਾਅ ਲਈ ਫਰਾਈ ਡੇਅ - ਡਰਾਈ ਡੇਅ ਮੁਹਿੰਮ ਤਹਿਤ ਵੱਡੇ ਪੱਧਰ ਤੇ ਗਤੀਵਿਧੀਆਂ ਕੀਤੀਆਂ ਗਈਆਂ। ਜਿਲ੍ਹਾ ਐਪੀਡੀਮਾਲੋਜਿਸਟ ਡਾ.ਰਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ 85 ਟੀਮਾਂ ਵੱਲੋਂ ਉਹਨਾਂ ਥਾਵਾਂ ਦੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ ਜਿੱਥੇ ਲਾਰਵਾ ਮਿਲਣ ਦੀ ਸੰਭਾਵਨਾ ਵਧੇਰੇ ਸੀ। ਇਸ ਮੌਕੇ ਫ਼ੀਲਡ ਮਲਟੀਪਰਪਜ ਟੀਮਾਂ ਵੱਲੋਂ ਜਿਲ੍ਹੇ ਦੇ 3349 ਘਰਾਂ ਤੱਕ ਪੁਹੰਚ ਕੀਤੀ ਗਈ ਅਤੇ 7200 ਦੇ ਕਰੀਬ ਕੰਟੇਨਰ ਚੈੱਕ ਕੀਤੇ ਗਏ| ਚੈਕਿੰਗ ਦੌਰਾਨ 18 ਥਾਵਾਂ ਤੋਂ ਲਾਰਵਾ ਮਿਲਿਆ ਜਿਸਨੂੰ ਤੁਰੰਤ ਨਸ਼ਟ ਕਰਵਾਇਆ ਗਿਆ |
ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕਿ ਜਿਹਨਾਂ ਘਰਾਂ ਤੋਂ ਲਾਰਵਾ ਮਿਲਿਆ ਹੈ ਉਹਨਾਂ ਨੂੰ ਚਿਤਾਵਨੀ ਨੋਟਿਸ ਜਾਰੀ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਡੇਂਗੂ ਦੀ ਰੋਕਥਾਮ ਲਈ ਜਿਲ੍ਹਾ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਜਿਲ੍ਹੇ ਵਿੱਚ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਜੋ ਵੱਖ- ਵੱਖ ਇਲਾਕਿਆਂ ਵਿੱਚ ਘਰਾਂ ਵਿੱਚ ਜਾ ਕੇ ਅਤੇ ਵਿਭਾਗ ਵੱਲੋਂ ਦਰਸਾਈਆਂ ਵਿਸ਼ੇਸ਼ ਥਾਵਾਂ ਤੇ ਜਾ ਕੇ ਲਾਰਵੇ ਦੀ ਜਾਂਚ ਕਰ ਰਹੀਆਂ ਹਨ ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖਾਨ, ਜਿਲ੍ਹਾ ਸਿਹਤ ਅਫ਼ਸਰ ਡਾ. ਪੁਨੀਤ ਸਿੱਧੂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਿਸ਼ਮਾ ਭੌਰਾ, ਜਿਲ੍ਹਾ ਟੀਕਾਕਰਣ ਅਫ਼ਸਰ ਡਾ. ਰਾਜੀਵ ਬੈਂਸ, ਜਿਲ੍ਹਾ ਐਪੀਡੀਮੋਲੋਜਿਸਟ ਡਾ. ਰਮਨਦੀਪ ਕੌਰ ਅਤੇ ਡਾ. ਮੁਨੀਰ ਮੁਹੰਮਦ ਵੀ ਫ਼ੀਲਡ ਵਿੱਚ ਜਾ ਕੇ ਕੰਮ ਕਰ ਰਹੀਆਂ ਟੀਮਾਂ ਨੂੰ ਮਿਲੇ ਤੇ ਲਾਰਵੇ ਦੀ ਜਾਂਚ ਕੀਤੀ | ਇਸ ਮੌਕੇ ਮਾਸ ਮੀਡੀਆ ਵਿੰਗ ਤੋਂ ਰਣਵੀਰ ਸਿੰਘ ਢੰਡੇ, ਐਨ ਵੀ ਬੀ ਡੀ ਸੀ ਪੀ ਵਿੰਗ ਮੀਡੀਆ ਇੰਚਾਰਜ ਰਾਜੇਸ਼ ਰਿਖੀ, ਮੁਹੰਮਦ ਰਾਸ਼ਿਦ ਸਮੇਤ ਸਿਹਤ ਵਿਭਾਗ ਦੇ ਸਮੂਹ ਕਰਮਚਾਰੀ ਹਾਜ਼ਰ ਸਨ |