ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ: ਹਰਮੀਤ ਕਾਲਕਾ ਮੁੜ ਪ੍ਰਧਾਨ ਤੇ ਜਗਦੀਪ ਕਾਹਲੋਂ ਜਨਰਲ ਸਕੱਤਰ ਬਣੇ
- ਸਰਨਾ ਤੇ ਜੀ ਕੇ ਨੂੰ ਪਤਾ ਸੀ ਕਿ ਸਾਡੇ ਕੋਲ ਮੈਂਬਰ ਨਹੀਂ ਹਨ, ਇਸੇ ਵਾਸਤੇ ਬਾਈਕਾਟ ਕੀਤਾ: ਕਾਲਕਾ, ਕਾਹਲੋਂ
ਨਵੀਂ ਦਿੱਲੀ, 25 ਜੂਨ 2025: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵਿਚ ਅੱਜ ਸਰਦਾਰ ਹਰਮੀਤ ਸਿੰਘ ਕਾਲਕਾ ਨੂੰ ਮੁੜ ਪ੍ਰਧਾਨ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੂੰ ਮੁੜ ਜਨਰਲ ਸਕੱਤਰ ਚੁਣਿਆ ਗਿਆ।
ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ ਵਿਚ ਕਾਨਫਰੰਸ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਡਾਇਰੈਕਟਰ ਗੁਰਦੁਆਰਾ ਚੋਣਾਂ ਦੀ ਟੀਮ ਦੀ ਨਿਗਰਾਨੀ ਹੇਠ ਹੋਈ ਚੋਣ ਵਿਚ ਸਰਦਾਰ ਹਰਵਿੰਦਰ ਸਿੰਘ ਕੇ ਪੀ ਨੂੰ ਮੀਤ ਪ੍ਰਧਾਨ, ਸਰਦਾਰ ਆਤਮਾ ਸਿੰਘ ਲੁਬਾਣਾ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਸਰਦਾਰ ਜਸਮੇਨ ਸਿੰਘ ਨੋਨੀ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਕਾਰਜਕਾਰਨੀ ਕਮੇਟੀ ਵਿਚ ਅਮਰਜੀਤ ਸਿੰਘ ਪਿੰਕੀ, ਅਮਰਜੀਤ ਸਿੰਘ ਪੱਪੂ, ਬੀਬੀ ਰਣਜੀਤ ਕੌਰ, ਸਰਬਜੀਤ ਸਿੰਘ ਵਿਰਕ, ਬਲਬੀਰ ਸਿੰਘ ਵਿਵੇਕ ਵਿਹਾਰ, ਜਸਬੀਰ ਸਿੰਘ ਜੱਸੀ, ਗੁਰਮੀਤ ਸਿੰਘ ਭਾਟੀਆ, ਸੁਰਜੀਤ ਸਿੰਘ ਜੀਤੀ, ਰਮਿੰਦਰ ਸਿੰਘ ਸਵੀਟਾ ਅਤੇ ਭੁਪਿੰਦਰ ਸਿੰਘ ਭੁੱਲਰ ਨੂੰ ਚੁਣਿਆ ਗਿਆ।
ਇਸ ਮੌਕੇ ਗਿਆਨੀ ਦਿਲਬਾਗ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਰਕਾਬਗੰਜ ਸਾਹਿਬ ਨੇ ਅਰਦਾਸ ਕੀਤੀ ਅਤੇ ਹੁਕਮਨਾਮਾ ਤਖਤ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਨੇ ਲਿਆ ਅਤੇ ਨਵੀਂ ਚੁਣੀ ਟੀਮ ਨੂੰ ਗਿਆਨੀ ਬਲਦੇਵ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਵਿਰੋਧੀ ਧਿਰ ਸਰਦਾਰ ਪਰਮਜੀਤ ਸਿੰਘ ਸਰਨਾ ਤੇ ਸਰਦਾਰ ਮਨਜੀਤ ਸਿੰਘ ਜੀ.ਕੇ. ਕੋਲ ਮੈਂਬਰ ਨਹੀਂ ਹਨ, ਇਹ ਗੱਲ ਜਾਣਦੇ ਹੋਏ ਉਹਨਾਂ ਨੇ ਇਹਨਾਂ ਚੋਣਾਂ ਦਾ ਬਾਈਕਾਟ ਕੀਤਾ ਹੈ। ਉਹਨਾਂ ਕਿਹਾ ਕਿ ਨਿਯਮਾਂ ਮੁਤਾਬਕ ਸਰਕਾਰ ਨੇ ਜੋ ਚੋਣ ਕਰਵਾਉਣ ਦਾ ਫੈਸਲਾ ਕੀਤਾ, ਜਿਸ ’ਤੇ ਅਸੀਂ ਫੁੱਲ ਚੜ੍ਹਾਏ ਹਨ ਅਤੇ ਅੱਜ ਇਹ ਚੋਣ ਨੇਪਰੇ ਚੜ੍ਹੀ ਹੈ।
ਉਹਨਾਂ ਕਿਹਾ ਕਿ ਸੰਗਤ ਦੇ ਸਹਿਯੋਗ ਸਦਕਾ ਸਾਡੀ ਟੀਮ ਨੇ ਜਿਹੜੇ ਗੁਰਦੁਆਰਾ ਪ੍ਰਬੰਧਨ ਦੇ ਨਾਲ-ਨਾਲ ਸਿਹਤ ਤੇ ਸਿੱਖਿਆ ਖੇਤਰ ਵਿਚ ਕਾਰਜ ਆਰੰਭ ਕੀਤੇ ਹਨ, ਉਹਨਾਂ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬਾਲਾ ਸਾਹਿਬ ਹਸਪਤਾਲ ਦੀ ਸਮਰਥਾ ਵਧਾਈ ਜਾਵੇਗੀ ਤੇ ਇਸੇ ਤਰੀਕੇ ਟੈਸਟ ਤੇ ਹੋਰ ਸਹੂਲਤਾਂ ਵਿਚ ਵੀ ਵਾਧਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਮੇਟੀ ਦੀ ਮੌਜੂਦਾ ਟੀਮ ਸੰਗਤ ਦੀ ਸੇਵਾ ਨੂੰ ਸਮਰਪਿਤ ਹੈ ਤੇ ਸੰਗਤ ਦੇ ਸਹਿਯੋਗ ਨਾਲ ਹਰ ਕਿਸਮ ਦੀਆਂ ਸੇਵਾਵਾਂ ਵਿਚ ਵਾਧਾ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਮੌਜੂਦਾ ਟੀਮ ਵੱਲੋਂ ਪਾਰਦਰਸ਼ਤਾ ਤੇ ਨਿਰਸਵਾਰਥ ਭਾਵਨਾ ਨਾਲ ਕੀਤੇ ਜਾ ਰਹੇ ਕੰਮਾਂ ਦੀ ਬਦੌਲਤ ਹੀ ਇਸਦੇ ਸਮਰਥਕ ਮੈਂਬਰਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ ਜਿਸ ਤੋਂ ਵਿਰੋਧੀ ਘਬਰਾ ਗਏ ਹਨ ਤੇ ਕਦੇ ਗੁਰਦੁਆਰਾ ਸਾਹਿਬਾਨ ਦੇ ਬਾਹਰ ਤੇ ਕਦੇ ਕਿਤੇ ਜਾ ਕੇ ਰੋਸ ਪ੍ਰਦਰਸ਼ਨ ਕਰਦੇ ਹਨ।
ਚੋਣ ਉਪਰੰਤ ਹੋਈ ਨਵੀਂ ਕਾਰਜਕਾਰਨੀ ਦੀ ਮੀਟਿੰਗ ਹੋਈ ਜਿਸ ਵਿਚ ਫੈਸਲਾ ਲਿਆ ਗਿਆ ਕਿ ਪਿਛਲੀਆਂ ਸਾਰੀਆਂ ਸਬ ਕਮੇਟੀਆਂ ਭੰਗ ਕੀਤੀਆਂ ਜਾਂਦੀਆਂ ਹਨ ਤੇ ਉਹਨਾਂ ਦੇ ਕੰਮਕਾਜ ਦੇ ਸਾਰੇ ਅਧਿਕਾਰ ਪ੍ਰਧਾਨ ਤੇ ਜਨਰਲ ਸਕੱਤਰ ਕੋਲ ਰਹਿਣਗੇ। ਇਸ ਉਪਰੰਤ ਸਬ ਕਮੇਟੀਆਂ ਦਾ ਨਵੇਂ ਸਿਰੇ ਤੋਂ ਗਠਨ ਕੀਤਾ ਜਾਵੇਗਾ।
ਮੁੜ ਚੁਣੇ ਜਾਣ ’ਤੇ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਸਮੇਤ ਸਮੁੱਚੇ ਅਹੁਦੇਦਾਰਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਰੇ ਮੈਂਬਰਾਂ ਤੇ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ।