ਜ਼ਿਲ੍ਹਾ ਟੀਕਾਕਰਨ ਅਫ਼ਸਰ ਵੱਲੋਂ ਖਸਰੇ ਅਤੇ ਰੁਬੀਲਾ ਨੂੰ ਖਤਮ ਕਰਨ ਸਬੰਧੀ ਵੀਡੀਓ ਕਾਨਫਰੰਸ
ਅਸ਼ੋਕ ਵਰਮਾ
ਬਠਿੰਡਾ , 27 ਜੂਨ 2025: ਸਿਵਲ ਸਰਜਨ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਮੀਨਾਕਸ਼ੀ ਸਿੰਗਲਾ ਜਿਲ੍ਹਾ ਟੀਕਾਕਰਣ ਅਫ਼ਸਰ ਦੀ ਦੇਖ ਰੇਖ ਵਿੱਚ ਅੱਜ ਜਿਲ੍ਹੇ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਵੀਡੀਓ ਕਾਨਫਰੰਸ ਕੀਤੀ ਗਈ । ਜਿਲ੍ਹਾ ਟੀਕਾਕਰਨ ਅਫ਼ਸਰ ਡਾ ਮੀਨਾਕਸੀ ਸਿੰਗਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕਾਨਫਰੰਸ ਵਿੱਚ ਟੀਕਾਕਰਨ ਦਾ 100 ਪ੍ਰਤੀਸ਼ਤ ਟੀਚਾ ਪ੍ਰਾਪਤ ਕਰਨ ਲਈ ਕਿਹਾ ਗਿਆ। ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਖਸਰਾ ਅਤੇ ਰੁਬੇਲਾ ਗੰਭੀਰ ਅਤੇ ਜ਼ਿੰਦਗੀ ਲਈ ਖ਼ਤਰਨਾਕ ਬਿਮਾਰੀਆਂ ਹਨ, ਜੋ ਬੱਚਿਆਂ ਦੀ ਸਿਹਤ ਉੱਤੇ ਭਾਰੀ ਅਸਰ ਪਾਉਂਦੀਆਂ ਹਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਬਿਮਾਰੀਆਂ ਮੁਲਕ ਵਿਚੋਂ ਖਤਮ ਕਰਨ ਲਈ ਮੀਂਜਲ-ਰੁਬੇਲਾ ਟੀਕਾਕਰਨ ਅਭਿਆਨ ਚਲਾਇਆ ਜਾ ਰਿਹਾ ਹੈ । ਇਸ ਅਭਿਆਨ ਹੇਠਾਂ 9 ਮਹੀਨੇ ਤੋਂ 24 ਮਹੀਨਿਆ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਖਸਰਾ-ਰੁਬੇਲਾ ਟੀਕਾ ਮੁਫ਼ਤ ਲਗਾਇਆ ਜਾ ਰਿਹਾ ਹੈ । ਇਸ ਨਾਲ ਬੱਚੇ ਨੂੰ ਖਸਰੇ ਅਤੇ ਰੁਬੇਲਾ ਤੋਂ ਲੰਮੇ ਸਮੇਂ ਲਈ ਰੱਖਿਆ ਮਿਲਦੀ ਹੈ ਅਤੇ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਹੈ। ਇਹ ਟੀਕਾ ਸਕੂਲਾਂ, ਆਂਗਣਵਾੜੀ ਕੇਂਦਰਾਂ ਤੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਉਪਲਬਧ ਹੈ। ਸਭ ਮਾਪਿਆਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਸਮੇਂ ਸਿਰ ਟੀਕਾ ਲਗਵਾਉਣ ਵਿੱਚ ਸਹਿਯੋਗ ਦੇਣ। ਇਹ ਸਿਰਫ ਤੁਹਾਡੇ ਬੱਚੇ ਦੀ ਸਿਹਤ ਲਈ ਨਹੀਂ, ਸਾਰੇ ਸਮਾਜ ਦੀ ਸੁਰੱਖਿਆ ਲਈ ਜ਼ਰੂਰੀ ਹੈ।