ਵਰਲਡ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਸੰਤ ਸੀਚੇਵਾਲ ਕੈਨੇਡਾ ਪਹੁੰਚੇ
* ਗੁਰਸੰਗਤਾਂ ਵਲੋਂ ਏਅਰਪੋਰਟ ਪਹੁੰਚਣ ‘ਤੇ ਨਿੱਘਾ ਸਵਾਗਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,25 ਜੂਨ 2025 - ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਰਲਡ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਕੈਨੇਡਾ ਪਹੁੰਚ ਗਏ ਹਨ। ਟਾਰੰਟੋਂ ਏਅਰਪੋਰਟ ‘ਤੇ ਸੰਤ ਸੀਚੇਵਾਲ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਰਡਲ ਪੰਜਾਬੀ ਕਾਨਫਰੰਸ ਦਾ ਪ੍ਰਬੰਧ ਕਰਨ ਵਾਲੇ ਅਜਾਇਬ ਸਿੰਘ ਚੱਠਾ ਉਚੇਚੇ ਤੌਰ ‘ਤੇ ਪਹੁੰਚੇ ਹੋਏ ਸਨ। ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਸੰਤ ਸੀਚੇਵਾਲ ਪਹਿਲੀ ਵਾਰ ਕਨੇਡਾ ਪਹੁੰਚੇ ਹਨ।
ਅਜਾਇਬ ਸਿੰਘ ਚੱਠਾ ਨੇ ਦੱਸਿਆ ਕਿ ਜਗਤ ਪੰਜਾਬੀ ਸਭਾ, ਓਐਫਸੀ ਅਤੇ ਪੱਬਪਾ ਵੱਲੋਂ ਸਾਂਝੇ ਤੌਰ ‘ਤੇ ਇਹ ਕਾਨਫੰਰਸ ਕਰਵਾਈ ਜਾ ਰਹੀ ਹੈ।ਕਨੇਡਾ ਦੀ ਧਰਤੀ ‘ਤੇ ਹੋਣ ਜਾ ਰਹੀ 11ਵੀਂ ਵਰਲਡ ਪੰਜਾਬੀ ਕਾਨਫਰੰਸ ਦੇ ਮੁੱਖ ਮਹਿਮਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਹਨ। ਇਹ ਤਿੰਨ ਦਿਨਾ ਕਾਨਫਰੰਸ 27 ਜੂਨ, 28 ਜੂਨ ਅਤੇ 29 ਜੂਨ 2025 ਨੂੰ ਹੋ ਰਹੀ ਹੈ। ਇਸ ਕਾਨਫਰੰਸ ਵਿੱਚ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀ ਕਲਾਕਾਰ, ਸਾਹਿਤਕਾਰ, ਪੰਜਾਬੀ ਲੇਖਕ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੀਆਂ 350 ਦੇ ਕਰੀਬ ਸਖਸ਼ੀਅਤਾਂ ਪਹੁੰਚ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਜੀ ਨੇ ਰਾਜ ਸਭਾ ਮੈਂਬਰ ਬਣਨ ਬਾਅਦ ਜਿਹੜਾ ਸਭ ਤੋਂ ਪਹਿਲਾਂ ਤੇ ਅਹਿਮ ਮੁੱਦਾ ਪਾਰਲੀਮੈਂਟ ਦੇ ਹਾਊਸ ਵਿੱਚ ਚੁੱਕਿਆ ਸੀ ਉਹ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਨ ਦਾ ਸੀ। ਦੇਸ਼ ਦੀ ਅਜ਼ਾਦੀ ਦੇ 75 ਸਾਲਾਂ ਬਾਅਦ ਇਹ ਪਹਿਲਾਂ ਮੌਕਾ ਸੀ ਜਦੋਂ ਕਿਸੇ ਪੰਜਾਬੀ ਐਮਪੀ ਨੇ ਮਾਂ ਬੋਲੀ ਵਿੱਚ ਦਸਤਾਵੇਜ ਪੇਸ਼ ਕਰਨ ਲਈ ਜ਼ੋਰ ਪਾਇਆ।ਪਾਰਲੀਮੈਂਟ ਦੇ ਸਕੱਤਰੇਤ ਵੱਲੋਂ ਸੰਤ ਸੀਚੇਵਾਲ ਜੀ ਦੀ ਉਠਾਈ ਮੰਗ ਨੂੰ ਸਵੀਕਾਰ ਕਰਦਿਆ ਪੰਜਾਬੀ ਮਾਂ ਬੋਲੀ ਵਿੱਚ ਦਸਤਾਵੇਜ਼ ਮੁਹੱਈਆ ਕਰਵਾਏ ਸਨ। ਇਸੇ ਕਾਰਨ ਦੇਸ਼ ਦੀਆਂ 22 ਹੋਰ ਭਾਸ਼ਾਵਾਂ ਨੂੰ ਵੀ ਲਾਗੂ ਕਰਨਾ ਪਿਆ ਸੀ।
ਏਅਰਪੋਰਟ ‘ਤੇ ਸੰਤ ਸੀਚੇਵਾਲ ਜੀ ਦਾ ਨਿੱਘਾ ਸਵਾਗਤ ਕਰਨ ਵਾਲਿਆ ਵਿੱਚ ਅਜਾਇਬ ਸਿੰਘ ਚੱਠਾ, ਤਰਸੇਮ ਸਿੰਘ ਚੇਅਰਮੈਨ,ਸ਼ਰਨਜੀਤ ਸਿੰਘ ਗਿੱਲ, ਕਰਮਜੀਤ ਕੌਰ,ਰਚਨਪ੍ਰੀਤ ਕੌਰ ਅਤੇ ਹੋਰ ਬਹੁਤ ਸਾਰੇ ਪੰਜਾਬੀ ਪ੍ਰੇਮੀ ਹਾਜ਼ਰ ਸਨ।