ਸ਼ੈਰੀ ਕਲਸੀ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਕੀਤੀਆਂ ਜਾ ਰਹੀਆਂ ਨੇ ਹੱਲ-ਚੇਅਰਮੈਨ ਮਾਨਿਕ ਮਹਿਤਾ
- ਲੋਕਾਂ ਨੂੰ ਲੰਬੇ ਸਮੇਂ ਤੋਂ ਆ ਰਹੀ ਸੀਵਰੇਜ਼ ਦੀ ਸਮੱਸਿਆ ਦਾ ਹੱਲ ਕਰਵਾਇਆ
ਰੋਹਿਤ ਗੁਪਤਾ
ਬਟਾਲਾ, 25 ਜੂਨ 2025 - ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਵਿੱਚ ਬਟਾਲਾ ਸ਼ਹਿਰ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਮਾਨਿਕ ਮਹਿਤਾ, ਚੇਅਰਮੈਨ ਮਾਰਕਿਟ ਕਮੇਟੀ ਬਟਾਲਾ ਨੇ ਦੱਸਿਆ ਕਿ ਅੱਜ ਆਪਣੀ ਵਾਰਡ, ਜਿਥੇ ਲੋਕ ਲੰਬੇ ਸਮੇਂ ਤੋਂ ਸੀਵਰੇਜ਼ ਦੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਸਨ, ਉਹ ਸਮੱਸਿਆ ਹੱਲ ਕਰ ਦਿੱਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਗੱਲ ਕਰਦਿਆਂ ਚੇਅਰਮੈਨ ਮਾਨਿਕ ਮਹਿਤਾ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਦੀ ਹਮੇਸ਼ਾਂ ਕੋਸ਼ਿਸ ਹੁੰਦੀ ਹੈ ਕਿ ਹਲਕਾ ਵਾਸੀਆਂ ਦੀ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣ, ਜਿਸ ਤਹਿਤ ਉਹ ਦਿਨ-ਰਾਤ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਹੱਲ ਕਰ ਰਹੇ ਹਨ। ਉਨਾਂ ਨੇ ਦੱਸਿਆ ਕਿ ਲੋਕਾਂ ਦੀ ਮੁਸ਼ਕਿਲ ਹੱਲ ਕਰਦਿਆਂ ਸ਼ਹਿਰ ਵਿਚਲੀਆਂ ਵਾਰਡਾਂ ਵਿੱਚ ਗਲੀਆਂ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਜਿਨਾਂ ਵਾਰਡਾਂ ਵਿੱਚ ਗਲੀਆਂ ਬਣਨ ਵਾਲੀਆਂ ਹਨ , ਉਥੇ ਵੀ ਕੰਮ ਜਲਦ ਸ਼ੁਰੂ ਕਰਵਾਏ ਜਾਣਗੇ।
ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਅੰਦਰ ਕਰਵਾਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਚੇਅਰਮੈਨ ਮਾਨਿਕ ਮਹਿਤਾ ਨੇ ਦੱਸਿਆ ਕਿ ਟਰੈਫਿਕ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਪਾਉਣ ਦੇ ਮੰਤਵ ਨਾਲ ਸੜਕਾਂ ਨੂੰ ਚੋੜਿਆਂ ਕਰਨ ਦੇ ਨਾਲ ਬਿਜਲੀ ਦੇ ਖੰਬਿਆਂ ਨੂੰ ਸੜਕਾਂ ਦੇ ਕਿਨਾਰਿਆਂ ਤੋਂ ਹਟਾਇਆ ਗਿਆ ਹੈ। ਸ਼ਹਿਰ ਵਿੱਚ ਖੂਬਸੂਰਤ ਪਾਰਕ ਉਸਾਰਨ ਦੇ ਨਾਲ ਚੌਂਕਾਂ ਨੂੰ ਚੌੜਿਆਂ ਕੀਤਾ ਗਿਆ ਹੈ। ਮੁਹੱਲਾ ਕਲੀਨਿਕਾਂ ਰਾਹੀ ਮਰੀਜ ਦਾ ਮੁਫ਼ਤ ਇਲਾਜ ਚੱਲ ਰਿਹਾ ਹੈ। ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸੇਵਾਵਾਂ ਦੇਣ ਦੇ ਮੰਤਵ ਨਾਲ ਨਵਾਂ ਤਹਿਸੀਲ ਕੰਪਲੈਕਸ ਉਸਾਰਿਆ ਗਿਆ ਹੈ, ਜਿਸ ਦਾ ਜਲਦ ਉਦਘਾਟਨ ਕੀਤਾ ਜਾ ਰਿਹਾ ਹੈ।