ਵਿਧਵਾ ਦਿਵਸ ਤੇ ਵਿਸ਼ੇਸ਼ ….: ਵਿਧਵਾ ਔਰਤਾਂ ਨੂੰ ਸਨਮਾਨੇ ਜਾਣ ਦੀ ਲੋੜ-- ਅਜੀਤ ਖੰਨਾ
————————————————-
ਹਰ ਵਰ੍ਹੇ 23 ਜੂਨ ਨੂੰ ਅੰਤਰ ਰਾਸ਼ਟਰੀ ਵਿਧਵਾ ਦਿਵਸ ਮਨਾਇਆ ਜਾਂਦਾ ਹੈ ।
ਜਿਸ ਨੂੰ ਮਨਾਏ ਜਾਣ ਦਾ ਉਦੇਸ਼ ਪੂਰੀ ਦੁਨੀਆ ਦੀਆਂ ਵਿਧਵਾ ਔਰਤਾਂ ਦੀ ਦਸ਼ਾ ਚ ਸੁਧਾਰ ਲਿਆਉਣਾ ਹੈ ਤਾਂ ਜੋ ਉਹ ਵੀ ਹੋਰਨਾਂ ਲੋਕਾਂ ਵਾਂਗ ਆਮ ਜ਼ਿੰਦਗੀ ਜੀਅ ਸਕਣ ਤੇ ਬਰਾਬਰ ਅਧਿਕਾਰ ਹਾਸਲ ਕਰ ਸਕਣ। ਕਿਉਂਕਿ ਭਾਂਵੇ ਅਸੀ ਕਿੰਨੀ ਵੀ ਤਰੱਕੀ ਕਰ ਲਈ ਹੈ ਪਰ ਫਿਰ ਵੀ ਵਿਧਵਾ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ।ਆਮ ਵੇਖਿਆ ਜਾਂਦਾ ਹੈ ਕੇ ਵਿਆਹ ਪਿੱਛੋਂ ਬਿਮਾਰੀ ਜਾਂ ਕਿਸੇ ਹੋਰ ਕਾਰਨ ਕਰਕੇ ਕਿਸੇ ਦਾ ਜੀਵਨ ਸਾਥੀ ਇਸ ਦੁਨੀਆ ਤੋਂ ਤੁਰ ਜਾਂਦਾ ਹੈ ਤਾਂ ਅਜਿਹੇ ਸਮੇਂ ਚ ਪਤਨੀ ਦਾ ਉਦਾਸ ਤੇ ਨਿਰਾਸ਼ ਹੋਣਾ ਸੁਭਾਵਿਕ ਹੈ।ਸਾਡਾ ਸਮਾਜ ਮਹਿਲਾਵਾਂ ਨੂੰ ਉਸ ਨਜ਼ਰ ਨਾਲ ਨਹੀਂ ਵੇਖਦਾ ਜਿਸ ਦੀਆਂ ਉਹ ਹੱਕਦਾਰ ਹਨ।ਪਰ ਅਜੋਕੇ ਦੌਰ ਚ ਸਾਡੇ ਸਮਾਜ ਦੀ ਇਹ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਕੇ ਉਹ ਬਾਕੀ ਔਰਤਾਂ ਵਾਗ ਹੀ ਵਿਧਵਾ ਔਰਤਾਂ ਨੂੰ ਮਾਣ ਸਨਮਾਨ ਦੇਵੇ ਤਾਂ ਜੋ ਉਹ ਸਮਾਜ ਚ ਸਿਰ ਉੱਚਾ ਕਰਕੇ ਜੀਵਨ ਜੀਅ ਸਕਣ।ਇਸੇ ਕਰਕੇ ਹੀ ਅੰਤਰ ਰਾਸ਼ਟਰੀ ਵਿਧਵਾ ਦਿਵਸ ਦੀ ਅਰੰਭਤਾ ਹੋਈ ।
ਜ਼ਿੰਦਗੀ ਚ ਸਭ ਤੋ ਵੱਡਾ ਦੁੱਖ ਕਿਸੇ ਅਜ਼ੀਜ ਜਾਂ ਆਪਣੇ ਨੂੰ ਗੁਆਉਣ ਦਾ ਹੈ ।ਆਪਣੇ ਜੀਵਨ ਸਾਥੀ ਨੂੰ ਗੁਆ ਲੈਣ ਦਾ ਦੁੱਖ ਬਿਆਨ ਕਰਨਾ ਕਿਸੇ ਲਈ ਵੀ ਮੁਸ਼ਕਲ ਹੁੰਦਾ ਹੈ ਖ਼ਾਸ ਕਰਕੇ ਔਰਤਾਂ ਲਈ।ਕਿਉਂਕਿ ਪਤੀ ਦੇ ਤੁਰ ਜਾਣ ਪਿੱਛੋਂ ਔਰਤ ਨੂੰ ਕਾਫ਼ੀ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿਵੇਂ ਗਰੀਬੀ,ਹਿੰਸਾ,ਬੇ ਦਾਖਲੀ,ਬੇਘਰ,ਖਰਾਬ ਸਿਹਤ ਅਤੇ ਕਾਨੂੰਨ ਤੇ ਸਮਾਜ ਵਿੱਚ ਵਿਤਕਰੇ ਵਰਗੀਆਂ ਮੁਸ਼ਕਲਾਂ ਆਦਿ।ਉੱਨਾਂ ਵਿਧਵਾਵਾਂ ਨੂੰ ਜੀਵਨ ਨਿਰਬਹਿ ਕਰਨਾ ਹੋਰ ਵੀ ਮੁਸ਼ਕਲ ਹੁੰਦਾ ਹੈ ਜਿਨਾਂ ਕੋਲ ਪਤੀ ਦੇ ਜਾਣ ਪਿੱਛੋਂ ਆਮਦਨੀ ਦਾ ਕੋਈ ਸਾਧਨ ਨਹੀਂ ਹੁੰਦਾ।ਅਜਿਹੇ ਸਮੇਂ ਬਹੁਤ ਸਾਰੀਆਂ ਵਿਧਵਾ ਨੂੰ ਸਹੁਰਿਆਂ ਵੱਲੋਂ ਬੇਦਖ਼ਲ ਵੀ ਕਰ ਦਿੱਤਾ ਜਾਂਦਾ ਹੈ ।ਕਈ ਵਾਰ ਤਾਂ ਪਤੀ ਦੀ ਮੌਤ ਉਪਰੰਤ ਵਿਧਵਾ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ।ਜਿਸ ਨਾਲ ਵਿਧਵਾ ਔਰਤ ਨੂੰ ਹੋਰ ਵੀ ਵੱਡੀ ਸਮੱਸਿਆ ਬਣ ਜਾਂਦੀ ਹੈ। ਕਿਉਂਕੇ ਉਹ ਬੇਘਰ ਹੋ ਜਾਂਦੀ ਹੈ ਤੇ ਉਸ ਨੂੰ ਥਾਂ ਥਾਂ ਧੱਕੇ ਖਾਣ ਲਈ ਮਜਬੂਰ ਹੋਣਾ ਪੈਂਦਾ ਹੈ।ਉਸ ਪਿੱਛੋਂ ਸਾਡਾ ਸਮਾਜ ਜੋ ਉਸ ਨਾਲ ਵਿਹਾਰ ਕਰਦਾ ਹੈ ਉਹ ਵੀ ਸਭ ਨੂੰ ਪਤਾ ਹੀ ਹੈ। ਅਗਲੀ ਗੱਲ ਜਿਸ ਵਿਧਵਾ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੁੰਦਾ ਉਸ ਲਈ ਬੱਚੇ ਪਾਲਣਾ ਮੁਸ਼ਕਲ ਹੋ ਜਾਂਦਾ ਹੈ ਤੇ ਨਾਲ ਹੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ ਇੱਕ ਵੱਡੀ ਔਕੜ ਬਣ ਜਾਂਦਾ ਹੈ।
ਵਿਧਵਾ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ,ਤਜਰਬਿਆਂ ਵੱਲ ਧਿਆਨ ਦੇਣ ਤੇ ਉਨਾਂ ਵੱਲੋਂ ਪਰਵਾਰ ਲਈ ਦਿੱਤੇ ਬੇ ਮਿਸਾਲ ਸਮਰਥਨ ਨੂੰ ਉਤਸ਼ਾਹਿਤ ਕਰਨ ਅਤੇ ਵਿਧਵਾ ਨੂੰ ਸਮਾਜ ਚ ਮਾਣ ਸਨਮਾਨ ਦੇਣ ਲਈ ਲਈ ਅੰਤਰ ਰਾਸ਼ਟਰੀ ਵਿਧਵਾ ਦਿਵਸ ਮਨਾਇਆ ਜਾਂਦਾ ਹੈ।ਜੇਕਰ ਝਾਤੀ ਮਾਰੀ ਜਾਵੇ ਤਾਂ ਪੂਰੇ ਸੰਸਾਰ ਚ ਵਿਧਵਾ ਔਰਤਾਂ ਦੀ ਸਥਿਤੀ ਕੋਈ ਬਾਹਲੀ ਵਧੀਆ ਨਹੀਂ ਹੈ ।ਅੰਕੜੇ ਦੱਸਦੇ ਹਨ ਕੇ ਪੂਰੀ ਦੁਨੀਆਂ ਚ 115 ਮਿਲੀਆਂ ਔਰਤਾਂ ਵਿਧਵਾ ਹਨ । ਜਿਨਾਂ ਚ ਲਗਭਗ 81 ਮਿਲੀਅਨ ਔਰਤਾਂ ਨੂੰ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਜੋ ਵਿਧਵਾ ਔਰਤਾਂ ਦੀ ਅਸਲ ਹਕੀਕਤ ਨੂੰ ਦਰਸਾਉਂਦਾ ਹੈ।ਇਸੇ ਕਰਕੇ ਵਿਧਵਾ ਔਰਤਾਂ ਨੂੰ ਮਾਨ ਸਨਮਾਨ ਦੇਣ ਲਈ ਹੀ ਸੰਨ 2011 ਚ 23 ਜੂਨ ਵਾਲੇ ਦਿਨ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਪਹਿਲੀ ਦਫ਼ਾ ਅੰਤਰ ਰਾਸ਼ਟਰੀ ਵਿਧਵਾ ਦਿਵਸ ਦੀ ਅਰੰਭਤਾ ਦਾ ਮੁੱਢ ਬੱਝਾ ਹੈ ਜਦੋ ਕਿ ਬਿਰਟੇਨ ਦੀ ਲੋਬਾ ਫਾਊਂਡੇਸ਼ਨ ਪਿਛਲੇ ਕਈ ਵਰ੍ਹਿਆਂ ਤੋਂ ਵਿਸ਼ਵ ਭਰ ਚ ਵਿਧਵਾ ਔਰਤਾਂ ਉੱਤੇ ਹੋ ਰਹੇ ਅਤਿਆਚਾਰ ਬਾਰੇ ਸੰਯੁਕਤ ਰਾਸ਼ਟਰ ਵਿੱਚ ਪੂਰੇ ਜ਼ੋਰ ਨਾਲ ਮੁਹਿੰਮ ਚਲਾ ਰਹੀ ਹੈ।ਇਕ ਵਿਧਵਾ ਔਰਤ ਲਈ ਅੱਜ ਦੇ ਮਰਦ ਪ੍ਰਧਾਨ ਸਮਾਜ ਚ ਗੁਜ਼ਾਰਾ ਕਰਨਾ ਬੜਾ ਔਖਾ ਹੈ। ਕਿਉਂਕਿ ਵਿਧਵਾ ਔਰਤ ਨੂੰ ਸਮਾਜ ਬੜੀਆਂ ਗੰਦੀਆਂ ਨਿਗਾਹਾਂ ਨਾਲ ਵੇਖਦਾ ਹੈ।ਲੋਕ ਉਸ ਨੂੰ ਖਾਹ ਜਾਣ ਤੱਕ ਜਾਂਦੇ ਹਨ।ਵਿਧਵਾ ਭਾਂਵੇ ਜਿੰਨੀ ਮਰਜ਼ੀ ਸਹੀ ਹੋਵੇ ਪਰ ਲੋਕ ਉਸ ਨੂੰ ਚੰਗਾ ਸਮਝਣ ਦੀ ਬਜਾਏ ਸ਼ੱਕ ਭਰੀ ਨਿਗਾਹ ਨਾਲ ਵੇਖਦੇ ਹਨ ।ਜਿਸ ਕਰਕੇ ਇਕ ਵਿਧਵਾ ਵਾਸਤੇ ਜਿੰਦਗੀ ਜਿਉਣੀ ਜਾਂ ਕੱਢਣੀ ਪਹਾੜ ਤਰਾਂ ਹੁੰਦੀ ਹੈ। ਸਾਡਾ ਸਮਾਜ ਇਸ ਕਦਰ ਗਿਰ ਚੁੱਕਾ ਹੈ ਕਿ ਉਹ ਵਿਧਵਾ ਔਰਤ ਦੀਆਂ ਮਜਬੂਰੀਆਂ ਦਾ ਨਜਾਇਜ਼ ਲਾਹਾ ਲੈਣ ਦੀ ਤਾਕ ਚ ਰਹਿੰਦਾ ਹੈ ।ਵਿਧਵਾ ਔਰਤਾਂ ਬਾਰੇ ਸਾਡੇ ਸਮਾਜ ਚ ਅਜਿਹੀਆ ਬਹੁਤ ਸਾਰੀਆਂ ਘਟਨਾਵਾਂ ਵੇਖਣ ਸੁਣਨ ਨੂੰ ਮਿਲ ਰਹੀਆਂ ਹਨ ਜੋ ਸਾਡੇ ਸਮਾਜ ਨੂੰ ਗੰਧਲਾ ਕਰਨ ਚ ਲੱਗੀਆਂ ਹੋਈਆਂ ਹਨ।ਪਤੀ ਦੇ ਤੁਰ ਜਾਣ ਪਿੱਛੋਂ ਇੱਕ ਵਿਧਵਾ ਲਈ ਜਿੰਦਗੀ ਕੱਢਣੀ ਨਾ ਕੇਵਲ ਔਖੀ ਹੈ ਸਗੋਂ ਬੇਹੱਦ ਮੁਸ਼ਕਲ ਵੀ ਹੈ।ਸੋ ਆਉ ! ਆਪਾਂ ਵਿਧਵਾਵਾਂ ਉੱਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਆਵਾਜ਼ ਬੁਲੰਦ ਕਰੀਏ ਤੇ ਉਨਾਂ ਨੂੰ ਸਮਾਜ ਅੰਦਰ ਪੂਰਾ ਮਾਨ ਸਨਮਾਨ ਦੇਈਏ ਤਾਂ ਜੋ ਘਰ,ਪਰਵਾਰ ,ਸਮਾਜ ਤੇ ਦੇਸ਼ ਦੀ ਤਰੱਕੀ ਚ ਹਿੱਸਾ ਪਾਉਣ ਵਾਲੀਆਂ ਵਿਧਵਾਵਾਂ ਨੂੰ ਅਸਹਿਜਤਾ ਮਹਿਸੂਸ ਨਾ ਹੋਵੇ । ਤਾਂ ਹੀ ਅੰਤਰ ਰਾਸ਼ਟਰੀ ਵਿਧਵਾ ਦਿਵਸ ਮਨਾਉਣ ਦੇ ਮਕਸਦ ਨੂੰ ਸਹੀ ਅਰਥਾਂ ਚ ਬੂਰ ਪੈ ਸਕਦਾ ਹੈ ।
—————
ਲੈਕਚਰਾਰ ਅਜੀਤ ਖੰਨਾ
MA MPhil MJMC,B.Ed
ਮੋਬਾਈਲ :76967-54669
Email :khannaajitsingh@gmail.com

-
ਅਜੀਤ ਖੰਨਾ , ਲੈਕਚਰਾਰ
:khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.