Babushahi Special: ਰਿਸ਼ਵਤ ਦੀ ਨਦੀ ਵਿੱਚ ਤਾਰੀ ਲਾਉਣ ਦੇ ਚੱਕਰ ’ਚ ਜ਼ਮੀਰ ਨੂੰ ਗੰਦਗੀ ’ਚ ਡੋਬਗੇ ਵੱਢੀਖੋਰ
ਅਸ਼ੋਕ ਵਰਮਾ
ਬਠਿੰਡਾ,25 ਜੂਨ2025: ਪੰਜਾਬ ਦੀ ਜਰਖੇਜ਼ ਭੂਮੀ ਵਜੋਂ ਜਾਣੀ ਜਾਂਦੀ ਮਾਲਵਾ ਪੱਟੀ ’ਚ ਵੱਢੀਖੋਰਾਂ ਦਾ ਕਦੇ ਵੀ ਕੋਈ ਦੀਨ ਇਮਾਨ ਨਹੀਂ ਰਿਹਾ ਹੈ। ਵਿਜੀਲੈਂਸ ਦੇ ਪੁਰਾਣੇ ਵਹੀ ਖਾਤਿਆਂ ਦੀ ਪੁਣਛਾਣ ਕਰਨ ਤੇ ਸਾਹਮਣੇ ਆਇਆ ਹੈ ਕਿ 200 ਜਾਂ 300 ਰੁਪਏ ਵਰਗੀ ਨਿਗੂਣੀ ਜਿਹੀ ਰਾਸ਼ੀ ਵੱਢੀ ਵਜੋਂ ਹਾਸਲ ਕਰਦਿਆਂ ਕਲਰਕ ਵੀ ਕਾਬੂ ਕੀਤੇ ਗਏ ਹਨ ਅਤੇ ਬਿਜਲੀ ਮੁਲਾਜਮ ਵੀ ਸਧਾਰਨ ਜਿਹੇ ਪੈਸੇ ਹਾਸਲ ਕਰਨ ਮੌਕੇ ਰੰਗੇ ਹੱਥੀਂ ਫੜ੍ਹੇ ਹਨ। ਹੁਣ ਬੇਸ਼ੱਕ ਵੱਢੀਖੋਰੀ ਸਭ ਹੱਦਾਂ ਬੰਨੇ ਟੱਪ ਗਈ ਪਰ ਢਾਈ ਤਿੰਨ ਦਹਾਕੇ ਪਹਿਲਾਂ ਵੀ ਕਈ ਸਰਕਾਰੀ ਮੁਲਾਜਮਾਂ ਦਾ ਰਿਸ਼ਵਤ ਲੈਣ ਵੇਲੇ ਇਮਾਨ ਨਹੀਂ ਡੋਲਿਆ ਬਲਕਿ ‘ਮਾਇਆ’ ਬੋਝਿਆਂ ਦਾ ਸ਼ਿੰਗਾਰ ਬਣਦੀ ਰਹੀ ਹੈ । ਹਾਲਾਂਕਿ ਇਸ ਮੁੱਦੇ ਤੇ ਅਧਿਕਾਰੀ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੋਏ ਪਰ ਇਨ੍ਹਾਂ ਤੱਥਾਂ ਨੇ ਇਨਸਾਨੀ ਕਦਰਾਂ ਕੀਮਤਾਂ ਨੂੰ ਡੂੰਘੀ ਸੱਟ ਮਾਰੀ ਹੈ ਜੋ ਪੰਜਾਬੀਆਂ ਦੀ ਅਣਖ , ਆਣ ਬਾਣ ਅਤੇ ਸ਼ਾਨ ਮੰਨੀਆਂ ਜਾਂਦੀਆਂ ਹਨ।
ਜਿਕਰਯੋਗ ਇਹ ਵੀ ਹੈ ਕਿ ਸਧਾਰਨ ਜਿਹੀ ਮਾਤਰਾ ’ਚ ਰਿਸ਼ਵਤ ਹਾਸਲ ਕਰਨ ਵਾਲਿਆਂ ਚੋਂ ਕਈ ਬਰੀ ਹੋਏ ਹਨ ਜਦੋਂਕਿ ਕਈਆਂ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਹੈ। ਇਸ ਪੱਤਰਕਾਰ ਨੇ ਡੇਢ ਸੌ ਤੋਂ ਵੀ ਵੱਧ ਮਾਮਲਿਆਂ ਨੂੰ ਖੰਘਾਲਿਆ ਤਾਂ ਇਹੋ ਗੱਲ ਉੱਭਰੀ ਹੈ ਕਿ 500 ਰੁਪਏ ਤੋਂ ਘੱਟ ਰਿਸ਼ਵਤ ਲੈਣ ਵਾਲਿਆਂ ’ਚ ਕਲਰਕ, ਪਟਵਾਰੀ, ਜੇਈ ,ਹੌਲਦਾਰ ,ਸਿਪਾਹੀ ਅਤੇ ਫੀਲਡ ਅਫਸਰ ਵੀ ਸ਼ਾਮਲ ਹਨ ਜਦੋਂਕਿ ਕਈ ਅਫਸਰਾਂ ਦੇ ਰੀਡਰਾਂ ਨੇ ਵੀ ਵਹਿੰਦੀ ਗੰਗਾ ਵਿੱਚ ਪੰਜ ਸੌ ਰੁਪਏ ਨਾਲ ਹੱਥ ਧੋਣ ’ਚ ਸ਼ਰਮਿੰਦਗੀ ਮਹਿਸੂਸ ਨਹੀਂ ਕੀਤੀ ਹੈ। ਕਾਫੀ ਸਮਾਂ ਪਹਿਲਾਂ ਦੀ ਰਾਮ ਕਹਾਣੀ ਹੈ ਜਦੋਂ ਪੰਜਾਬ ਵਿਜੀਲੈਂਸ ਨੇ ਤਾਂ ਸਿਰਫ 150 ਰੁਪਿਆ ਰਿਸ਼ਵਤ ਲੈਣ ਵਾਲਾ ਵੀ ਰੰਗੇ ਹੱਥੀਂ ਕਾਬੂ ਕੀਤਾ ਸੀ। ਇਹ ਮਾਮਲੇ ਸੱਚੇ ਸਨ ਜਾਂ ਫਿਰ ਝੂਠੇ ਪਰ ਏਦਾਂ ਦਾ ਵਰਤਾਰਾ ਅਕਸਰ ਰਾਜ ਪ੍ਰਬੰਧ ’ਚ ਆਈ ਗਿਰਾਵਟ ਅਤੇ ਖਾਮੀਆਂ ਨੂੰ ਜ਼ਰੂਰ ਬੇਪਰਦ ਕਰਦਾ ਨਜ਼ਰ ਆਉਂਦਾ ਹੈ।
ਵੇਰਵਿਆਂ ਅਨੁਸਾਰ ਫਿਰੋਜ਼ਪੁਰ ਵਿਜੀਲੈਂਸ ਨੇ ਨਵੰਬਰ 2000 ਦੌਰਾਨ ਟਰਾਂਸਪੋਰਟ ਵਿਭਾਗ ਦੇ ਕਰਮਚਾਰੀ ਨੂੰ ਸਿਰਫ 300 ਰੁਪੈ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਸੀ। ਇਸੇ ਹੀ ਵਿਜੀਲੈਂਸ ਰੇਂਜ ਨੇ ਅਕਤੂਬਰ 2001 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦੇ ਮੁਲਾਜਮ ਨੂੰ ਵੀ 300 ਰੁਪਏ ਰਿਸ਼ਵਤ ਲੈਣ ਦੇ ਮਾਮਲੇ ’ਚ ਫੜਿਆ ਸੀ ਜਿਸ ਨੂੰ ਅਦਾਲਤ ਚੋਂ ਸਜ਼ਾ ਵੀ ਹੋਈ ਸੀ। ਫਿਰੋਜ਼ਪੁਰ ਰਂੇਜ ਦੀ ਟੀਮ ਨੇ 14 ਜੁਲਾਈ 2000 ਨੂੰ ਖਾਦੀ ਗਰਾਮ ਉਦਯੋਗ ਬੋਰਡ ਦਾ ਮੁਲਾਜਮ 400 ਰੁਪਏ ਵੱਢੀ ਪ੍ਰਾਪਤ ਕਰਦਿਆਂ ਦਬੋਚਿਆ ਸੀ ਜਿਸ ਨੂੰ ਵੀ ਅਦਾਲਤ ਨੇ ਸਜ਼ਾ ਸੁਣਾਈ ਸੀ। ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਨੇ ਵੀ ਅਕਤੂਬਰ 2003 ਦੌਰਾਨ ਸਿਹਤ ਵਿਭਾਗ ਦਾ ਕਲਰਕ 300 ਰੁਪਏ ਅਤੇ ਬਿਜਲੀ ਮਹਿਕਮੇ ਦਾ ਕਰਮਚਾਰੀ ਅਕਤੂਬਰ 2003 ਵਿੱਚ 200 ਰੁਪਏ ਵੱਢੀ ਲੈਂਦਿਆਂ ਗ੍ਰਿਫਤਾਰ ਕੀਤੇ ਸਨ। ਇਸੇ ਤਰਾਂ 11 ਫਰਵਰੀ 2000 ਨੂੰ 200 ਰੁਪਏ ਲੈਣ ਦੇ ਮਾਮਲੇ ’ਚ ਡਿਪਟੀ ਕਮਿਸ਼ਨਰ ਬਠਿੰਡਾ ਦਫਤਰ ਦਾ ਮੁਲਾਜਮ ਕਾਬੂ ਕੀਤਾ ਗਿਆ ਸੀ।
ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵੱਲੋਂ 6 ਅਕਤੂਬਰ 2000 ਤੋਂ 8 ਮਈ 2001 ਤੱਕ ਛੇ ਅਜਿਹੇ ਮੁਲਾਜਮ ਗ੍ਰਿਫਤਾਰ ਕੀਤੇ ਸਨ ਜਿੰਨ੍ਹਾਂ ਨੇ ਆਪਣਾ ਇਮਾਨ 200 ਰੁਪਏ ਤੋਂ 800 ਰੁਪਏ ’ਚ ਵੇਚ ਦਿੱਤਾ ਸੀ। ਇਹ ਅਲਹਿਦਾ ਗੱਲ ਹੈ ਕਿ ਮੁਲਜਮ ਅਦਾਲਤ ਚੋਂ ਬਰੀ ਹੋ ਗਏ। ਇੰਨ੍ਹਾਂ ਵਿੱਚ ਸਿਹਤ ਵਿਭਾਗ ਬਠਿੰਡਾ ਦਾ ਇੱਕ ਮੁਲਾਜਮ ਹੈ ਜਿਸ ਨੇ 200 ਰੁਪਿਆ ਅਤੇ ਆਮਦਨ ਕਰ ਵਿਭਾਗ ਬਠਿੰਡਾ ਦੇ ਕਰਮਚਾਰੀ ਨੇ 700 ਰੁਪਏ ਰਿਸ਼ਵਤ ਲਈ ਸੀ। ਦੱਸਣਯੋਗ ਹੈ ਕਿ ਫਿਰੋਜ਼ਪੁਰ ਰੇਂਜ ’ਚ ਪਹਿਲਾਂ ਮਾਲਵੇ ਦੇ ਅੱਧੀ ਦਰਜਨ ਜਿਲ੍ਹੇ ਪੈਂਦੇ ਸਨ ਤੇ ਮਗਰੋਂ ਬਠਿੰਡਾ ਰੇਂਜ ਵੱਖਰੀ ਬਣਾਈ ਗਈ ਸੀ। ਫਾਇਰ ਬ੍ਰਿਗੇਡ ਦੇ ਇੱਕ ਮੁਲਾਜਮ ਨੇ ਵੀ 500 ਰੁਪਏ ਦੀ ਰਿਸ਼ਵਤੀ ਰਾਸ਼ੀ ਜੇਬ ’ਚ ਪਾ ਲਈ ਜਿਸ ਨੂੰ ਸਜਾ ਦਾ ਸਾਹਮਣਾ ਵੀ ਕਰਨਾ ਪਿਆ ਸੀ। ਏਦਾਂ ਹੀ 600 ਅਤੇ 700 ਰੁਪਏ ਰਿਸ਼ਵਤ ਦੇ ਤੌਰ ਤੇ ਵਸੂਲ ਕਰਨ ਵਾਲਿਆਂ ’ਚ ਮਾਲ ਵਿਭਾਗ ਦੇ ਦੋ ਮੁਲਾਜਮ ਸ਼ਾਮਲ ਸਨ।
ਵਿਜੀਲੈਂਸ ਬਠਿੰਡਾ ਨੇ ਮਾਲ ਵਿਭਾਗ ਦੇ ਦੋ ਅਜਿਹੇ ਕਲਰਕ ਨੂੰ ਫੜਿਆ ਸੀ ਜਿੰਨ੍ਹਾਂ ਨੇ 300 ਅਤੇ 700 ਰੁਪਏ ਰਿਸ਼ਵਤ ਲਈ ਸੀ। ਅਦਾਲਤ ਵੱਲੋਂ ਇਨ੍ਹਾਂ ਵੱਢੀਖੋਰਾਂ ਨੂੰ 2-2 ਹਜਾਰ ਰੁਪਏ ਜੁਰਮਾਨਾ ਅਤੇ ਇੱਕ-ਇੱਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਵਿਜੀਲੈਂਸ ਨੇ ਜੁਲਾਈ 2004 ਵਿੱਚ ਇੱਕ ਹੌਲਦਾਰ ਨੂੰ 500 ਰੁਪਏ ਰਿਸ਼ਵਤ ਲੈਂਦਿਆਂ ਫੜਿਆ ਸੀ। ਏਦਾਂ ਹੀ ਵਿਜੀਲੈਂਸ ਨੇ 19 ਦਸਬੰਰ 2006 ਨੂੰ ਉਸ ਕਲਰਕ ਨੂੰ ਫੜਿਆ ਜਿਸ ਨੇ 300 ਰੁਪਏ ਦੀ ਰਿਸ਼ਵਤ ਲਈ ਸੀ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੇ ਕਾਫੀ ਰਿਸ਼ਵਤਖੋਰ ਅਜਿਹੇ ਕਾਬੂ ਸਨ ਜਿੰਨ੍ਹਾਂ ਦੀ ਜੇਬ ਚੋਂ 5 ਸੌ ਤੋਂ ਘੱਟ ਦੀ ਰਾਸ਼ੀ ਨਿਕਲੀ ਸੀ। ਇੱਕ ਸੇਵਾਮੁਕਤ ਵਿਜੀਲੈਂਸ ਅਧਿਕਾਰੀ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਦੁਆਬੇ ਅਤੇ ਮਾਝੇ ’ਚ ਵੱਢੀਖੋਰਾਂ ਦਾ ਸਟੈਂਡਰਡ ਹੈ ਜਦੋਂਕਿ ਮਾਲਵੇ ’ਚ ਘੱਟ ਪੈਸੇ ਵੀ ਚੱਲਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਰਿਸ਼ਵਤ ਦਾ ਭਾਅ ਕਾਫੀ ਵਧ ਗਿਆ ਹੈ ।
ਮਾਇਆ ਬਿਨਾਂ ਨਹੀਂ ਹਿੱਲਦਾ ਪੱਤਾ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਅਜਿਹੇ ਅਫਸਰ ਵੀ ਹਨ ਜਿੰਨ੍ਹਾਂ ਲਈ ਮਾਇਆ ਨਾਗਣੀ ਹੈ ਜਦੋਂਕਿ ਕਈ ਪੈਸਿਆਂ ਤੋਂ ਬਗੈਰ ਪੱਤਾ ਨਹੀਂ ਹਿੱਲਣ ਦਿੰਦੇ ਹਨ। ਉਨ੍ਹਾਂ ਕਿਹਾਾ ਕਿ ਸਰਕਾਰ ਕੇਵਲ ਛੋਟੇ ਮੁਲਾਜਮਾਂ ਤੇ ਅੱਖ ਰੱਖਦੀ ਹੈ ਤੇ ਵੱਡਿਆਂ ਵਾਰੀ ਪਾਸਾ ਵੱਟ ਜਾਂਦੀ ਹੈ।