ਵਰਕ ਆਫ ਫਰੋਮ ਹੋਮ ਦਾ ਇਸ਼ਤਿਆਰ ਦੇਖ ਕੇ ਅਪਲਾਈ ਕਰਨ ਵਾਲੇ ਰਹਿਣ ਸਾਵਧਾਨ: ਨੌਜਵਾਨ ਹੋਇਆ ਠੱਗੀ ਦਾ ਸ਼ਿਕਾਰ
- ਨੌਜਵਾਨ ਹੋਇਆ 13 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ
ਰੋਹਿਤ ਗੁਪਤਾ
ਗੁਰਦਾਸਪੁਰ 25 ਜੂਨ 2025 - ਵਰਕ ਫਰੋਮ ਹੋਮ ਦਾ ਇਸ਼ਤਿਆਰ ਵੇਖ ਕੇ ਅਪਲਾਈ ਕਰਨ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਤੁਸੀਂ ਵੱਡੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ । ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਨੌਜਵਾਨ ਕੋਲੋਂ 13 ਲੱਖ ਰੁਪਏ ਠੱਗ ਲਏ ਗਏ।
ਹਨੀ ਕੁਮਾਰ ਪੁੱਤਰ ਸ਼੍ਰੀ ਮੋਹਨ ਲਾਲ ਵਾਸੀ ਮਕਾਨ ਨੰਬਰ 502/8, ਗੀਤਾ ਭਵਨ ਰੋਡ, ਬੈਕ ਸਾਈਡ ਮਾਈ ਦਾ ਤਲਾਬ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਉਪ ਕਪਤਾਨ ਪੁਲਿਸ ਸਾਈਬਰ ਕ੍ਰਾਇਮ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਗਈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਨੌਜਵਾਨ ਹਨੀ ਕੁਮਾਰ ਨੇ ਦੱਸਿਆ ਹੈ ਕਿ ਵਟਸਅੱਪ ਰਾਹੀ ਪਾਰਟ ਟਾਇਮ ਨੌਕਰੀ ਵਰਕ ਫਰੋਮ ਹੋਮ ਦੇ ਸਬੰਧ ਵਿੱਚ ਮੈਸਜ ਉਸ ਦੇ ਫੋਨ ਤੇ ਆਇਆ ਸੀ ਕਿ ਜਿਸ ਕਰਕੇ ਉਸ ਦੀ ਪਤਨੀ ਨੇ ਇਹ ਨੌਕਰੀ ਕਰਨ ਲਈ ਹਾਂ ਕਰ ਦਿੱਤੀ। ਪਿਛਲੇ ਸਾਲ ਦੇ ਦਸੰਬਰ ਮਹੀਨੇ ਵਿੱਚ ਹਨੀ ਦੀ ਪਤਨੀ ਪ੍ਰਤੀਭਾ ਵਲੋਂ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਵਿੱਚੋ ਗੂਗਲ ਪੇਅ ਨੰਬਰ ਦੇ ਦਿੱਤਾ ਗਿਆ ਤੇ ਟੈਲੀਗ੍ਰਾਮ ਲਿੰਕ ਨੂੰ ਚਲਾਉਣ ਵਾਲੇ ਵਿਅਕਤੀਆਂ ਵੱਲੋ ਹੋਟਲਾਂ ਦੀ ਰੇਟਿੰਗ ਕਰਨ ਦੇ ਨਾਮ ਪਰ ਪਾਰਟ ਟਾਇਮ ਨੌਕਰੀ ਦਾ ਝਾਂਸਾ ਦੇ ਕੇ ਅਤੇ ਖਾਤੇ ਵਿੱਚ ਪੈਸੇ ਡਬਲ ਸ਼ੋਅ ਕਰਕੇ ਵੱਖ-ਵੱਖ ਖਾਤਿਆ ਵਿੱਚ 12,63,010/-ਰੁਪਏ ਟ੍ਰਾਂਸਫਰ ਕਰਵਾਕੇ ਠੱਗੀ ਮਾਰ ਲਈ ਗਈ ।