ਭਾਜਪਾ ਬੁੱਧੀਜੀਵੀ ਸੈੱਲ ਵੱਲੋਂ ਫੋਸਟਰ ਕੇਅਰ ਯੋਜਨਾ ਤਹਿਤ ਬੱਚਿਆਂ ਨੂੰ ਫਾਇਦਾ ਨਾ ਮਿਲਣ ਬਾਰੇ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 25 ਜੂਨ 2025 :ਭਾਰਤੀ ਜਨਤਾ ਪਾਰਟੀ, ਬਠਿੰਡਾ ਦੇ ਬੁੱਧੀਜੀਵੀ ਸੈਲ ਵੱਲੋਂ ਏਡੀਸੀ ਜਨਰਲ ਪੂਨਮ ਸਿੰਘ ਨੂੰ ਮੰਗ ਪੱਤਰ ਦੇ ਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਫੋਸਟਰ ਕੇਅਰ ਸਪਾਂਸਰਸ਼ਿਪ ਯੋਜਨਾ ਦੇ ਢੰਗ ਨਾਲ ਲਾਗੂ ਨਾ ਹੋਣ ਵੱਲ ਦਿਵਾਇਆ ਗਿਆ। ਭਾਜਪਾ ਬੁੱਧੀਜੀਵੀ ਸੈੱਲ ਦੀ ਐਡੀਸ਼ਨਲ ਕਨਵੀਨਰ ਸੋਨੀਆ ਨਈਅਰ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਉਹਨਾਂ ਬੱਚਿਆਂ ਨੂੰ 4000 ਰੁਪਏ ਪ੍ਰਤੀ ਮਹੀਨਾ ਦੀ ਆਰਥਿਕ ਮਦਦ ਦਿੱਤੀ ਜਾਂਦੀ ਹੈ, ਜਿਨ੍ਹਾਂ ਨੇ ਆਪਣੇ ਮਾਤਾ-ਪਿਤਾ ਵਿੱਚੋਂ ਇੱਕ ਜਾਂ ਦੋਵਾਂ ਨੂੰ ਗਵਾ ਦਿੱਤਾ ਹੋਵੇ ਅਤੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੋਵੇ। ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਜ਼ਿਲ੍ਹੇ ਦੇ ਕਈ ਪਿੰਡਾਂ ਅਤੇ ਵਾਰਡਾਂ ਵਿੱਚ ਅਜਿਹੇ ਯੋਗ ਬੱਚੇ ਮੌਜੂਦ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਸ ਯੋਜਨਾ ਦਾ ਕੋਈ ਲਾਭ ਨਹੀਂ ਮਿਲ ਰਿਹਾ ਜਿਸ ਲਈ ਸੰਬੰਧਤ ਵਿਭਾਗ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।
ਬੁੱਧੀਜੀਵੀ ਸੈਲ ਨੇ ਮੰਗ ਪੱਤਰ ਵਿੱਚ ਦੱਸਿਆ ਕਿ ਸੀ.ਡੀ.ਪੀ.ਓ. ਦਫ਼ਤਰ ਅਤੇ ਬਾਲ ਸੁਰੱਖਿਆ ਇਕਾਈ ਵੱਲੋਂ ਕਈ ਅਰਜ਼ੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਕਈ ਪਰਿਵਾਰ ਪਿਛਲੇ 6 ਤੋਂ 12 ਮਹੀਨਿਆਂ ਤੋਂ ਸਰਕਾਰੀ ਦਫ਼ਤਰਾਂ ਦੇ ਚੱਕਰ ਲਾ ਰਹੇ ਹਨ। ਭਾਜਪਾ ਆਗੂ ਸੰਦੀਪ ਅਗਰਵਾਲ ਨੇ ਕਿਹਾ ਕਿ ਇਹ ਨਾ ਸਿਰਫ਼ ਪ੍ਰਸ਼ਾਸਕੀ ਲਾਪਰਵਾਹੀ ਹੈ, ਸਗੋਂ ਬੱਚਿਆਂ ਦੇ ਮੂਲ ਅਧਿਕਾਰਾਂ ਦੀ ਉਲੰਘਣਾ ਵੀ ਹੈ। ਅਜਿਹੀ ਪੱਖਪਾਤਪੂਰਨ ਅਤੇ ਗੈਰ-ਜਵਾਬਦੇਹ ਕਾਰਜਪ੍ਰਣਾਲੀ ਕਰਕੇ ਲੋਕਾਂ ਵਿੱਚ ਪ੍ਰਸ਼ਾਸਨ ਪ੍ਰਤੀ ਗੁੱਸਾ ਪੈਦਾ ਹੋ ਰਿਹਾ ਹੈ।
ਭਜਪਾ ਆਗੂਆਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਪੱਧਰ 'ਤੇ ਫੋਸਟਰ ਕੇਅਰ ਯੋਜਨਾ ਦੇ ਲਾਭਪਾਤਰੀਆਂ ਦੀ ਪੂਰੀ ਜਾਂਚ ਅਤੇ ਆਡਿਟ ਕਰਵਾਈ ਜਾਵੇ। ਸੀ.ਡੀ.ਪੀ.ਓ. ਅਤੇ ਡੀ.ਸੀ.ਪੀ.ਯੂ. ਦਫ਼ਤਰਾਂ ਵਿੱਚ ਲੰਬਿਤ ਅਰਜ਼ੀਆਂ ਦੀ ਤੁਰੰਤ ਸਮੀਖਿਆ ਕੀਤੀ ਜਾਵੇ ਅਤੇ ਯੋਗ ਪਰਿਵਾਰਾਂ ਦੀ ਸੁਣਵਾਈ ਲਈ ਖਾਸ ਕੈਂਪ ਜਾਂ ਸੁਣਵਾਈ ਦਿਵਸ ਨਿਰਧਾਰਤ ਕੀਤਾ ਜਾਵੇ। ਭਰਤ ਜਿੰਦਲ ਅਤੇ ਰਵੀ ਮਿੱਤਲ ਨੇ ਕਿਹਾ ਕਿ ਜੋ ਅਧਿਕਾਰੀ ਯੋਜਨਾ ਵਿੱਚ ਰੁਕਾਵਟ ਪੈਦਾ ਕਰ ਰਹੇ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਗੰਭੀਰ ਮਸਲੇ ਨੂੰ ਤਰਜੀਹ ਦੇ ਕੇ ਤੁਰੰਤ ਕਾਰਵਾਈ ਕੀਤੀ ਜਾਵੇ, ਤਾਂ ਜੋ ਬੇਸਹਾਰਾ ਬੱਚਿਆਂ ਨੂੰ ਉਨ੍ਹਾਂ ਦਾ ਹੱਕ ਮਿਲ ਸਕੇ।