ਟਕਸਾਲੀ ਅਤੇ ਮਿਹਨਤੀ ਵਰਕਰਾਂ ਨੂੰ ਮਿਲੇਗਾ ਪੂਰਾ ਮਾਣ ਸਨਮਾਨ - ਬਡਲਾ
ਚੰਡੀਗੜ 22 ਜੂਨ 2025 - ਕਾਂਗਰਸ ਪਾਰਟੀ ਨੂੰ ਹਲਕਾ ਮਹਿਲ ਕਲਾਂ ਅੰਦਰ ਬੂਥ ਲੈਵਲ ਤੱਕ ਮਜ਼ਬੂਤ ਕੀਤਾ ਜਾਵੇਗਾ ਅਤੇ 2027 ਦੀ ਵਿਧਾਨ ਸਭਾ ਚੋਣ ਜਿੱਤਣ ਲਈ ਹੁਣ ਤੋ ਹੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਦੇ ਕੋਆਰਡੀਨੇਟਰ ਬੀਬੀ ਪ੍ਰਿਤਪਾਲ ਕੌਰ ਬਡਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਬੀਬੀ ਬਡਲਾ ਨੇ ਕਿਹਾ ਕਿ ਉਹਨਾਂ ਵੱਲੋਂ ਹਲਕੇ ਦੇ ਹਰ ਬੂਥ ਤੱਕ ਪਹੁੰਚ ਕੀਤੀ ਜਾ ਰਹੀ ਹੈ । ਟਕਸਾਲੀ ਅਤੇ ਮਿਹਨਤੀ ਵਰਕਰਾਂ ਨੂੰ ਪਾਰਟੀ ਅੰਦਰ ਪੂਰਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ । ਬਡਲਾ ਨੇ ਕਿਹਾ ਕਿ ਜੋ ਪਿਛਲੇ ਸਮੇਂ ਦੌਰਾਨ ਵਰਕਰਾਂ ਨੂੰ ਅਣਗੋਲਿਆ ਕੀਤਾ ਗਿਆ ਅਤੇ ਵਰਕਰ ਨਿਰਾਸ਼ ਹੋ ਕੇ ਘਰ ਬੈਠੇ ਸਨ ਉਨ੍ਹਾਂ ਨੂੰ ਉਹ ਇਕੱਲੇ ਇਕੱਲੇ ਨਾਲ ਸੰਪਰਕ ਕਰ ਰਹੇ ਹਨ ਅਤੇ ਜਲਦ ਹੀ ਹਲਕਾ ਮਹਿਲ ਕਲਾਂ ਦੀ ਮਿਹਨਤੀ ਅਤੇ ਜੁਝਾਰੂ ਟੀਮ ਤਿਆਰ ਕੀਤੀ ਜਾਵੇਗੀ ਜਿਸ ਵਿੱਚ ਜਿੱਥੇ ਸੀਨੀਅਰ ਆਗੂ ਮਾਰਗਦਰਸ਼ਨ ਕਰਨਗੇ ਉੱਥੇ ਹੀ ਨੌਜਵਾਨ ਆਗੂ ਅੱਗੇ ਹੋ ਕੇ ਮਿਹਨਤ ਕਰਨਗੇ ।
ਬੀਬੀ ਬਡਲਾ ਨੇ ਕਿਹਾ ਕਿ ਦੋਵੇਂ ਬਲਾਕਾਂ ਦੀਆਂ ਟੀਮਾਂ ਤਿਆਰ ਕਰਨ ਦੇ ਨਾਲ ਨਾਲ ਸਾਰੇ ਮੰਡਲ ਅਤੇ ਬੂਥ ਕਮੇਟੀਆਂ ਨੂੰ ਵੀ ਪੰਜਾਬ ਕਾਂਗਰਸ ਪ੍ਰਧਾਨ ਸ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ । ਮੰਗਲਵਾਰ ਤੋ ਪਿੰਡ ਵਾਰ ਮੀਟਿੰਗਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਵਰਕਰਾਂ ਦੇ ਜਿੱਥੇ ਗਿਲੇ ਸ਼ਿਕਵੇ ਸੁਣੇ ਜਾਣਗੇ ਉੱਥੇ ਹੀ ਉਹ ਹਰ ਵਰਕਰ ਅਤੇ ਆਗੂ ਨੂੰ ਨਿੱਜੀ ਤੌਰ ਤੇ ਮਿਲਕੇ ਪਾਰਟੀ ਵਿੱਚ ਉਨ੍ਹਾਂ ਦੀ ਡਿਊਟੀ ਲਗਾਉਣਗੇ।
ਬੀਬੀ ਬਡਲਾ ਨੇ ਕਿਹਾ ਕਿ ਹਲਕਾ ਮਹਿਲ ਕਲਾਂ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਉਹਨਾਂ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ ਜਿਸ ਨਾਲ ਹਲਕਾ ਮਹਿਲ ਕਲਾਂ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਹਲਕੇ ਅੰਦਰ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਜਾਵੇਗਾ।