Babushahi Special: ਲੁਧਿਆਣਾ ਪੱਛਮੀ: ਵੋਟਰਾਂ ਨੇ ਧਾਰੀ ਚੁੱਪ - ਸਿਆਸੀ ਲੀਡਰਾਂ ਨੂੰ ਨਾ ਲੱਗੇ ਛਾਂ ਚੰਗੀ ਨਾ ਹੀ ਧੁੱਪ
ਅਸ਼ੋਕ ਵਰਮਾ
ਬਠਿੰਡਾ, 22 ਜੂਨ 2025 : ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ , ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਜਿੱਤ ਹਾਸਲ ਕਰਨ ਲਈ ਪੂਰੀ ਤਾਕਤ ਝੋਕਣ ਦੇ ਬਾਵਜੂਦ ਪੰਜਾਬ ਦੀਆਂ ਇਨ੍ਹਾਂ ਚੌਹਾਂ ਸਿਆਸੀ ਧਿਰਾਂ ਦੇ ਉਮੀਦਵਾਰਾਂ ਅਤੇ ਆਗੂਆਂ ਵਿੱਚ ਬੇਚੈਨੀ ਦਾ ਆਲਮ ਬਣਿਆ ਹੋਇਆ ਹੈ। ਇਸ ਹਲਕੇ ਲਈ 19 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ 23 ਜੂਨ ਨੂੰ ਸੁਰੱਖਿਆ ਦਸਤਿਆਂ ਦੇ ਚਾਕ ਚੌਬੰਦ ਪ੍ਰਬੰਧਾਂ ਦਰਮਿਆਨ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ ਤੱਕ ਨਤੀਜਾ ਐਲਾਨੇ ਜਾਣ ਦੀ ਸੰਭਾਵਨਾ ਹੈ। ਉਂਝ ਇਸ ਹਲਕੇ ਵਿੱਚ ਜਿੱਤ ਦਾ ਤਾਜ ਕਿਸ ਸਿਰ ਸਜਣ ਜਾ ਰਿਹਾ ਹੈ ਇਹ ਬਾਅਦ ਦੁਪਹਿਰ ਹੀ ਸਪਸ਼ਟ ਹੋਣਾ ਸ਼ੁਰੂ ਹੋ ਜਾਵੇਗਾ। ਲੁਧਿਆਣਾ ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਕਰਨ ਲਈ ਹਰ ਤਰਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ।
ਹਲਕਾ ਪੱਛਮੀੇ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਹੋਈ ਹੈ ਜੋ ਆਪਣੀ ਰਿਹਾਇਸ਼ ਤੇ ਅਚਾਨਕ ਗੋਲੀ ਚੱਲਣ ਕਾਰਨ ਮੌਤ ਦੇ ਮੂੰਹ ਜਾ ਪਏ ਸਨ। ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਹਨ ਜੋ ਆਪਣੇ ਇਲਾਕੇ ਵਿੱਚ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਹਨ ਜਿੰਨ੍ਹਾਂ ਨੇ ਕਈ ਮਹੀਨੇ ਪਹਿਲਾਂ ਚੋਣ ਮੁਹਿੰਮ ਵਿੱਢ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਗੁਰਉਪਕਾਰ ਸਿੰਘ ਘੁੰਮਣ ਹਨ ਜਦੋਂਕਿ ਭਾਜਪਾ ਨੇ ਸੀਨੀਅਰ ਆਗੂ ਜੀਵਨ ਗੁਪਤਾ ਰਾਹੀਂ ਸਿਆਸੀ ਸ਼ਤਰੰਜ ਦੀ ਬਾਜੀ ਖੇਡ੍ਹੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੌਰਾਨ ਜੋ ਮਹੌਲ ਬਣਿਆ ਹੈ ਉਸ ਮੁਤਾਬਕ ਚੋਣ ਮੈਦਾਨ ਵਿਚ ਨਿੱਤਰੇ ਦਿੱਗਜਾਂ ਚੋਂ ਕਿਸੇ ਦੀ ਵੀ ਬੁਲੰਦੀ ਢਹਿ-ਢੇਰੀ ਹੋ ਸਕਦੀ ਹੈ ।
ਇਹੋ ਕਾਰਨ ਹੈ ਕਿ ਗਿਣਤੀ ਤੋਂ ਕੁੱਝ ਘੰਟੇ ਪਹਿਲਾਂ ਤੱਕ ਸਮੂਹ ਉਮੀਦਵਾਰ ਗਿਣਤੀਆਂ ਮਿਣਤੀਆਂ ਵਿੱਚ ਰੁੱਝੇ ਹੋਏ ਹਨ। ਇਸ ਹਲਕੇ ਵਿੱਚ 51.33 ਫੀਸਦੀ ਪੋਲਿੰਗ ਹੋਈ ਹੈ ਜਦੋਂਕਿ ਸਾਲ 2022 ਦੀਆਂ ਚੋਣਾਂ ਦੌਰਾਨ ਇਹ ਅੰਕੜਾ 64.73 ਰਿਹਾ ਸੀ। ਇਸ ਹਿਸਾਬ ਨਾਲ 13.4 ਫੀਸਦੀ ਪੋਲਿੰਗ ਘਟਣ ਨੇ ਲੀਡਰਾਂ ਨੂੰ ਗਰਮੀ ਦੌਰਾਨ ਠੰਢੀਆਂ ਤਰੇਲੀਆਂ ਆ ਰਹੀਆਂ ਹਨ। ਵੱਡੀ ਗੱਲ ਇਹ ਵੀ ਹੈ ਕਿ ਹਲਕੇ ਦਾ ਵੋਟਰ ਕਿਸੇ ਕੋਲ ਆਪਣਾ ਭੇਦ ਨਹੀਂ ਖੋਹਲ ਰਿਹਾ ਹੈ। ਪੱਛਮੀ ਹਲਕੇ ਵਿੱਚ 16 ਵਾਰਡ ਪੈਂਦੇ ਹਨ ਜਿੰਨ੍ਹਾਂ ਚੋਂ ਵਾਰਡ ਨੰਬਰ 63 ਵਿੱਚ ਸਭ ਤੋਂ ਵੱਧ 77.40 ਫੀਸਦੀ ਪੋਲਿੰਗ ਹੋਈ ਹੈ। ਪੋਲਿੰਗ ਘਟਣ ਦੇ ਮਾਮਲੇ ’ਚ ਵਾਰਡ ਨੰਬਰ 53 ਹੈ ਜਿੱਥੇ ਇਹ ਦਰ 44.14 ਫੀਸਦੀ ਰਹੀ ਹੈ। ਹਲਕੇ ਦੇ 4 ਵਾਰਡ ਅਜਿਹੇ ਹਨ ਜਿੱਥੇ ਇਹ ਅੰਕੜਾ 44.67 ਤੋਂ 46.96 ਵਿਚਕਾਰ ਰਿਹਾ ਹੈ।
ਇਸ ਹਿਸਾਬ ਨਾਲ ਇੰਨ੍ਹਾਂ ਵਾਰਡਾਂ ’ਚ ਲੋਕਾਂ ਦੀ ਵੋਟਾਂ ਪਾਉਣ ’ਚ ਕੋਈ ਬਹੁਤੀ ਰੁਚੀ ਨਹੀਂ ਰਹੀ। ਏਦਾਂ ਹੀ 4 ਵਾਰਡਾਂ ਵਿੱਚ ਪੋਲਿੰਗ ਦੀ ਦਰ ਸਰਕਾਰੀ ਅੰਕੜੇ 51.33 ਦੇ ਨਜ਼ਦੀਕ 51.34 ਤੋਂ 51.95 ਫੀਸਦੀ ਵਿਚਕਾਰ ਰਹੀ ਜਦੋਂਕਿ ਬਾਕੀ ਛੇ ਵਾਰਡਾਂ ਵਿੱਚ ਇਹ ਦਰ ਕੁੱਲ ਅੰਕੜੇ ਤੋਂ ਕੁੱਝ ਜਿਆਦਾ 53.31 ਫੀਸਦੀ ਤੋਂ 57.57 ਫੀਸਦੀ ਤੱਕ ਰਹੀ ਹੈ। ਹਾਲਾਂਕਿ ਸਮੂਹ ਸਿਆਸੀ ਧਿਰਾਂ ਦੀ ਸੀਨੀਅਰ ਲੀਡਰਸ਼ਿਪ ਅਤੇ ਉਮੀਦਵਾਰ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ ਪਰ ਗਰਮੀ ਦੇ ਪਾਰੇ ਕਾਰਨ ਘਟੀ ਪੋਲਿੰਗ ਦਰ ਅਤੇ ਵੋਟਰਾਂ ਦੇ ਖ਼ਾਮੋਸ਼ੀ ਕਾਰਨ ਚੋਣ ਨਤੀਜੇ ਹੈਰਾਨਕੁੰਨ ਆਉਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਸਿਆਸੀ ਤੌਰ ਤੇ ਮਹੱਤਵਪੂਰਨ ਮੰਨੀ ਜਾ ਰਹੀ ਇਸ ਜਿਮਨੀ ਚੋਣ ਦੌਰਾਨ ਹਲਕੇ ਦੀ ‘ਖ਼ਾਕ ਛਾਣਨ’ ਮਗਰੋਂ ਵੀ ਨੇਤਾ ਲੋਕਾਂ ਦੇ ਦਿਲ ਦੀ ਗੱਲ ਬੁੱਝ ਨਹੀਂ ਸਕੇ ਹਨ।
ਭਾਵੇਂ ਵੋਟਰਾਂ ਨੇ ਵੋਟਾਂ ਪਾ ਕੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ ਪਰ ਨਤੀਜਾ ਆਉਣ ਤੱਕ ਲੀਡਰਾਂ ਦੇ ਦਿਲ ਦੀ ਧੜਕਨਾਂ ਤੇਜ ਬਣੀਆਂ ਹੋਈਆਂ ਹਨ। ਜ਼ਿਮਨੀ ਚੋਣ ਦੀ ਖਾਸ ਗੱਲ ਇਹ ਹੈ ਕਿ ਹਰ ਪਾਰਟੀ ਦੇ ਆਗੂਆਂ ਨੇ ਮੰਨਿਆ ਹੈ ਕਿ ਐਤਕੀਂ ਟੱਕਰ ਕਾਫੀ ਸਖ਼ਤ ਰਹੀ ਹੈ। ਰੌਚਕ ਪਹਿਲੂ ਹੈ ਕਿ ਪੱਕੇ ਸਮਰਥਕਾਂ ਤੋਂ ਸਿਵਾਏ ਵੋਟਰ ਆਪਣੇ ਦਿਲ ਦੀ ਗੱਲ ਦੱਸਣ ਲਈ ਤਿਆਰ ਨਹੀਂ ਹਨ। ਬੇਸ਼ੱਕ ਸਮੂਹ ਨੇਤਾ ਜਿੱਤ ਦੇ ਦਾਅਵੇ ਕਰ ਰਹੇ ਹਨ ਪਰ ਚਿੰਤਾ ਦੀਆਂ ਲਕੀਰਾਂ ਹਰੇਕ ਉਮੀਦਵਾਰ ਦੇ ਚਿਹਰੇ ਤੇ ਦੇਖੀਆਂ ਜਾ ਸਕਦੀਆਂ ਹਨ ਜਿਸ ਤੋਂ ਜਾਹਰ ਹੈ ਕਿ ਜਿੱਤ ਐਨੀ ਸੁਖਾਲੀ ਨਹੀਂ ਹੈ। ਉੱਪਰੋਂ ਘਟੀ ਪੋਲਿੰਗ ਨੇ ਲੀਡਰਾਂ ਨੂੰ ਧੁੜਕੂ ਲਾਇਆ ਹੋਇਆ ਹੈ। ਕੁੱਝ ਲੋਕ ਇਸ ਦਾ ਕਾਰਨ ਗਰਮੀ ਦੱਸਦੇ ਹਨ ਜਦੋਂਕਿ ਕਈਆਂ ਅਨੁਸਾਰ ਇਹ ਸਿਆਸੀ ਧਿਰਾਂ ਪ੍ਰਤੀ ਬੇਭਰੋਸਗੀ ਹੈ।
ਵੋਟਰਾਂ ’ਚ ਲਗਾਤਾਰ ਘਟਿਆ ਰੁਝਾਨ
ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਹੋਈਆਂ ਪੰਜ ਜਿਮਨੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਵਿੱਚ ਵੋਟਰਾਂ ਵਿੱਚ ਸਭ ਤੋਂ ਘੱਟ 51.33 ਫੀਸਦੀ ਪੋÇਲੰਗ ਹੋਈ ਹੈ। ਹਲਕਾ ਗਿੱਦੜਬਾਹਾ ਵਿੱਚ ਸਭ ਤੋਂ ਵੱਧ 81 ਫੀਸਦੀ ਪੋਲਿੰਗ ਹੋਈ ਸੀ ਜਦੋਂਕਿ ਡੇਰਾ ਬਾਬਾ ਨਾਨਕ ’ਚ 63 ਫੀਸਦੀ, ਬਰਨਾਲਾ ਵਿੱਚ 54 ਫੀਸਦੀ ਅਤੇ ਚੱਬੇਵਾਲ ਵਿੱਚ 53 ਫੀਸਦੀ ਪੋਲਿੰਗ ਹੋਈ ਸੀ। ਪੱਛਮੀ ਹਲਕੇ ’ਚ 2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ 69.66 ਫੀਸਦੀ ਪੋਲਿੰਗ ਹੋਈ ਸੀ ਜੋ 2017 ਵਿੱਚ ਘਟਕੇ 69.25 ਫੀਸਦੀ, 2022 ’ਚ ਹੋਰ ਵੀ ਘਟਕੇ 64.73 ਪ੍ਰਤੀਸ਼ਤ ਸੀ ਜੋ ਹੁਣ 51.33 ਫੀਸਦੀ ਰਹਿ ਗਈ ਹੈ।