ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਲਈ ਲੋਕਾਂ ਨੂੰ ਕੀਤਾ ਜਾਵੇ ਜਾਗਰੂਕ: ਡਾ: ਧੀਰਾ ਗੁਪਤਾ
ਅਸ਼ੋਕ ਵਰਮਾ
ਗੋਨਿਆਣਾ, 13 ਜੂਨ 2025: ਪੰਜਾਬ ਸਰਕਾਰ ਅਤੇ ਕਾਰਜਕਾਰੀ ਸਿਵਲ ਸਰਜਨ ਡਾ: ਰਮਨਦੀਪ ਸਿੰਗਲਾ ਦੀਆਂ ਹਦਾਇਤਾਂ 'ਤੇ ਡੇਂਗੂ, ਮਲੇਰੀਆ ਅਤੇ ਵਧ ਰਹੀ ਗਰਮੀ ਤੋਂ ਬਚਾਅ ਸਬੰਧੀ ਇੱਕ ਜਰੂਰੀ ਮੀਟਿੰਗ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਦੀ ਅਗਵਾਈ ਹੇਠ ਹੋਈ। ਜਿਸ ਦੌਰਾਨ ਐਸ.ਐਮ.ਓ. ਨੇ ਕਿਹਾ ਕਿ ਦਿਨੋ—ਦਿਨ ਵਧ ਰਹੀ ਗਰਮੀ ਖਾਸਕਰ ਬੱਚਿਆਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਲਈ ਜ਼ਿਆਦਾ ਘਾਤਕ ਹੈ।ਉਨ੍ਹਾਂ ਕਿਹਾ ਕਿ ਗਰਮੀ ਲੱਗਣ ਦੇ ਲੱਛਣ ਦਿਖਾਈ ਦੇਣ *ਤੇ ਜਿਵੇਂ ਅੱਖਾਂ ਦਾ ਸਾਹਮਣੇ ਹਨੇਰਾ, ਚੱਕਰ ਖਾ ਕੇ ਡਿੱਗ ਪੈਣਾ, ਬੇਚੈਨੀ, ਘਬਰਾਹਟ, ਹਲਕਾ ਜਾਂ ਤੇਜ਼ ਬੁਖਾਰ, ਲੋੜ ਤੋਂ ਜ਼ਿਆਦਾ ਪਿਆਸ ਲੱਗਣਾ, ਸਿਰ ਵਿੱਚ ਦਰਦ, ਉਲਟੀਆ ਆਉਣਾ, ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ ਜਾਂ ਕਮਜ਼ੋਰੀ ਆਉਣ ਦੀ ਸਥਿਤੀ ਵਿੱਚ ਉਸ ਵਿਅਕਤੀ ਨੂੰ ਤੁਰੰਤ ਛਾਂ ਵਿੱਚ ਬਿਠਾ ਦਿੱਤਾ ਜਾਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਉਸ ਦੇ ਕੱਪੜੇ ਢਿੱਲੇ ਕਰਕੇ ਪਾਣ ਲਈ ਕੁੱਝ ਤਰਲ ਪਦਾਰਥ ਦਿੱਤਾ ਜਾਵੇ ਅਤੇ ਮੱਥੇ 'ਤੇ ਪਾਣੀ ਦੀਆਂ ਪੱਟੀਆਂ ਰੱਖੀਆਂ ਜਾਣ। ਇਸ ਤੋਂ ਇਲਾਵਾ ਓ.ਆਰ.ਐਸ. ਦਾ ਘੋਲ ਬਣਾ ਕੇ ਪਿਆਇਆ ਜਾਵੇ।
ਇਸ ਮੌਕੇ ਬੋਲਦਿਆਂ ਡਾ: ਕਮਲ ਗਰਗ ਨੇ ਕਿਹਾ ਕਿ ਜੇਕਰ ਬੁਖਾਰ ਹੋ ਜਾਵੇ ਜਾਂ ਪਸੀਨਾ ਆਉਣਾ ਬੰਦ ਹੋਣ ਕਾਰਨ ਚਮੜੀ ਖੁਸ਼ਕ ਹੋ ਜਾਵੇ, ਘਬਰਾਹਟ ਹੋਵੇ ਤਾਂ ਉਸਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਲੈ ਜਾਇਆ ਜਾਵੇ।
ਇਸ ਮੌਕੇ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਕਿਹਾ ਕਿ ਅੱਗੇ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਆਪਣੇ ਆਲੇ ਦੁਆਲੇ ਦੀ ਸਫ਼ਾਈ ਯਕੀਨੀ ਬਣਾਈ ਜਾਵੇ। ਕੂਲਰਾਂ ਅਤੇ ਫਰਿੱਜਾਂ ਦੀਆਂ ਟ੍ਰੇਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਵਾਰ ਪੂਰੀ ਤਰ੍ਹਾਂ ਸੁਕਾਅ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਛੱਤਾਂ ਆਦਿ *ਤੇ ਪਏ ਟਾਇਰਾਂ ਜਾਂ ਹੋਰ ਅਜਿਹੇ ਭਾਂਡੇ ਜਿੰਨ੍ਹਾਂ ਵਿੱਚ ਪਾਣੀ ਖੜ੍ਹ ਸਕਦਾ ਹੈ, ਨੂੰ ਜਾਂ ਤਾਂ ਮੂਧਾ ਮਾਰ ਦਿੱਤਾ ਜਾਵੇ ਜਾਂ ਫਿਰ ਘਰ ਤੋਂ ਬਾਹਰ ਸੁੱਟ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਡੇਂਗੂ ਦਾ ਲਾਰਵਾ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਸੁਪਰਵਾਇਜ਼ਰ ਪਵਨ ਕ੍ਰਿਸ਼ਨ ਕੁਮਾਰ, ਕੇਵਲ ਸਿੰਘ, ਰੂਪ ਸਿੰਘ, ਕਰਮਜੀਤ ਕੌਰ, ਸ਼ਵਿੰਦਰਪਾਲ ਕੌਰ, ਨਿਰਮਲਾ ਦੇਵੀ ਅਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।