ਜਮਹੂਰੀ ਅਧਿਕਾਰ ਸਭਾ ਵੱਲੋਂ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 13 ਜੂਨ 2025 : ਸ੍ਰੀ ਮੁਕਤਸਰ ਜ਼ਿਲ੍ਹੇ ਦੇ ਲੰਬੀ ਹਲਕੇ ਦੇ ਪਿੰਡ ਸਿੰਘੇਵਾਲਾ/ਫਤੂਹੀ ਵਾਲਾ ਚ ਇੱਕ ਪਟਾਕਾ ਫੈਕਟਰੀ ਵਿੱਚ 29-30 ਮਈ (ਵੀਰਵਾਰ ਸ਼ੁਕਰਵਾਰ) ਰਾਤ ਨੂੰ ਹੋਏ ਧਮਾਕਾ ਦੀ ਜਮਹੂਰੀ ਅਧਿਕਾਰ ਸਭਾ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ l ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰ ਬੱਗਾ ਸਿੰਘ,ਸਕੱਤਰ ਅਵਤਾਰ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਇਸ ਧਮਾਕੇ ਨਾਲ ਫੈਕਟਰੀ ਦੀ ਦੋ ਮੰਜ਼ਿਲਾ ਇਮਾਰਤ ਮਲਬੇ ਵਿਚ ਬਦਲ ਗਈ ਅਤੇ ਮਲਬੇ ਹੇਠਾਂ ਆ ਕੇ ਪੰਜ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 34 ਤੋਂ ਵੱਧ ਹੋਰ ਜਖਮੀ ਹੋ ਗਏ ਸਨ ਜਿਨਾਂ ਵਿੱਚ ਇੱਕ ਛੇ ਸਾਲ ਦਾ ਬੱਚਾ ਵੀ ਸ਼ਾਮਿਲ ਹੈ।
ਉਹਨਾਂ ਕਿਹਾ ਕਿ ਜ਼ਖਮੀਆਂ ਵਿੱਚੋਂ ਕਿਸੇ ਨੂੰ ਵੀ ਅਜੇ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ ਅਤੇ ਨਾ ਹੀ ਇਲਾਜ ਦਾ ਤੇ ਉਹਨਾਂ ਦੀਆਂ ਦਿਹਾੜੀਆਂ ਨਾ ਲੱਗਣ ਕਾਰਨ ਖਰਚਾ ਦਿੱਤਾ ਗਿਆ ਹੈ l ਜਦੋਂ ਧਮਾਕਾ ਹੋਇਆ ਉਦੋਂ 40 ਲੋਕ ਅੰਦਰ ਸਨ ਜਿੰਨ੍ਹਾਂ ਵਿੱਚ ਜਿਆਦਾਤਰ ਸੁੱਤੇ ਹੋਏ ਸਨ ਤੇ ਕੁੱਝ ਕੰਮ ਕਰ ਰਹੇ ਸਨ l ਮਿਰਤਕ ਤੇ ਜਖਮੀ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਰਹਿਣ ਵਾਲੇ ਸਨ। ਇਹ ਫੈਕਟਰੀ ਆਮ ਆਦਮੀ ਪਾਰਟੀ ਦੇ ਵਰਕਰ ਤਰਸੇਮ ਸਿੰਘ ਵਾਸੀ ਫਤੂਹੀ ਵਾਲਾ ਦੀ ਹੈ l ਧਮਾਕਾ ਇੰਨਾ ਜ਼ਬਰਦਸਤੀ ਕਿ ਇਹ ਦੀ ਆਵਾਜ਼ 8 ਕਿਲੋਮੀਟਰ ਦੂਰ ਤੱਕ ਸੁਣੀ ਗਈ l ਇਮਾਰਤ ਦਾ ਮਤਲਬ 500 ਮੀਟਰ ਤੱਕ ਫੈਲ ਗਿਆ lਡਿਪਟੀ ਕਮਿਸ਼ਨਰ ਮੁਤਾਬਿਕ ਪ੍ਰਸ਼ਾਸਨ ਨੇ ਫੈਕਟਰੀ ਨੂੰ ਇਜਾਜ਼ਤ ਅਜੇ ਨਹੀਂ ਦਿੱਤੀ ਸੀ l ਇਹ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀ ਸੀ। ਵਿਸਫੋਟਕ ਨਿਯਮ 2008 ਤਹਿਤ ਅਜਿਹੇ ਕੰਮ ਦੀ ਇਜਾਜ਼ਤ ਜਰੂਰੀ ਹੋ ਜਾਂਦੀ ਹੈ। ਆਗੂਆਂ ਨੇ ਕਿਹਾ ਕਿ ਇਹਨਾਂ ਤੱਤ ਨੂੰ ਦੇਖਦਿਆਂ ਹੋਇਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਬਣਦੀ ਹੈ l