ਡੇਂਗੂ ਰੋਕਥਾਮ: ਰੈਸਟੋਰੈਂਟਾਂ ਅਤੇ ਢਾਬਿਆਂ ਵਿੱਚ ਚਲਾਈ ਗਈ ਜਾਗਰੂਕਤਾ ਮੁਹਿੰਮ
ਅਸ਼ੋਕ ਵਰਮਾ
ਬਠਿੰਡਾ, 13 ਜੂਨ 2025: ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਚਲਾਈ ਗਈ "ਡੇਂਗੂ ਤੇ ਵਾਰ ਹਰ ਸ਼ੁਕਰਵਾਰ" ਮੁਹਿੰਮ ਤਹਿਤ, ਅੱਜ ਜ਼ਿਲ੍ਹਾ ਬਠਿੰਡਾ ਵਿੱਚ ਡੇਂਗੂ ਰੋਕਥਾਮ ਸੰਬੰਧੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਊਸ਼ਾ ਗੋਇਲ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਬਠਿੰਡਾ ਦੇ ਵੱਖ-ਵੱਖ ਰੈਸਟੋਰੈਂਟਾਂ, ਢਾਬਿਆਂ ਅਤੇ ਖਾਣ-ਪੀਣ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਗਿਆ।ਇਸ ਦੌਰਾਨ ਡਾ. ਊਸ਼ਾ ਗੋਇਲ ਨੇ ਢਾਬਾ ਮਾਲਕਾਂ ਅਤੇ ਕਰਮਚਾਰੀਆਂ ਨੂੰ ਇਕੱਠਾ ਕਰਕੇ ਡੇਂਗੂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡੇਂਗੂ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦੇ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਪਾਣੀ ਕਿਤੇ ਵੀ ਇਕੱਠਾ ਨਾ ਹੋਣ ਦਿੱਤਾ ਜਾਵੇ। ਢਾਬਿਆਂ, ਰੈਸਟੋਰੈਂਟਾਂ ਅਤੇ ਆਸ-ਪਾਸ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
ਇਸ ਮੌਕੇ ਐਪੀਡੀਮੋਲੋਜਿਸਟ ਡਾ. ਸੁਕ੍ਰਿਤੀ ਨੇ ਵੀ ਮੌਜੂਦ ਲੋਕਾਂ ਨੂੰ ਡੇਂਗੂ ਦੀ ਲੱਛਣ, ਪੈਦਾ ਹੋਣ ਦੇ ਕਾਰਨ ਅਤੇ ਬਚਾਅ ਉਪਾਅ ਬਾਰੇ ਸਮਝਾਇਆ। ਉਨ੍ਹਾਂ ਲੋਕਾਂ ਨੂੰ ਐਂਟੀ ਲਾਰਵਾ ਮਿਸ਼ਨ ਤੇ ਵਰਤੇ ਜਾਣ ਵਾਲੀਆਂ ਦਵਾਈਆਂ ਬਾਰੇ ਵੀ ਜਾਣੂ ਕਰਵਾਇਆ।ਇਸ ਮੁਹਿੰਮ ਵਿੱਚ ਹਰਜਿੰਦਰ ਕੌਰ (ਬੀ.ਈ.ਈ.), ਜਸਵਿੰਦਰ ਸਿੰਘ (ਐਸ.ਆਈ.), ਅਮਨਦੀਪ ਸਿੰਘ, ਜਗਦੀਪ ਸਿੰਘ, ਪਰਮਜੀਤ ਸਿੰਘ, ਜਤਿੰਦਰ ਸਿੰਘ ਗਗਨਦੀਪ ਸਿੰਘ ਕੁਲਦੀਪ ਸਿੰਘ ਬ੍ਰੀਡਿੰਗ ਚੈਕਰ ਸਮੇਤ ਐਂਟੀ ਲਾਰਵਾ ਟੀਮ ਦੇ ਮਲਟੀ ਪਰਪਜ਼ ਹੈਲਥ ਵਰਕਰ ਵੀ ਸ਼ਾਮਲ ਰਹੇ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰਾਂ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਸਾਫ ਸੁਥਰਾ ਰੱਖਣ ਅਤੇ ਖੜੇ ਪਾਣੀ ਨੂੰ ਰੋਕਣ ਲਈ ਯਤਨ ਕਰਨ ਤਾਂ ਜੋ ਡੇਂਗੂ ਦੀ ਰੋਕਥਾਮ ਕੀਤੀ ਜਾ ਸਕੇ।