ਪੰਜਾਬੀ ਦੇ ਸਿਰਮੋਰ ਕਵੀ ਮਰਹੂਮ ਪ੍ਰਦਮ ਸ਼੍ਰੀ ਡਾ. ਸੁਰਜੀਤ ਪਾਤਰ ਦੇ ਜਨਮ ਦਿਨ ਤੇ ਵਿਚਾਰ ਚਰਚਾ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ
- ਡਾ. ਸੁਰਜੀਤ ਪਾਤਰ ਪੰਜਾਬੀ ਸਾਹਿਤ ਦਾ ਸਭ ਤੋਂ ਮਕਬੂਲ ਸ਼ਾਇਰ- ਡਾ.ਰਵਿੰਦਰ
ਰੋਹਿਤ ਗੁਪਤਾ
ਬਟਾਲਾ, 14 ਜਨਵਰੀ 2025 - ਅੱਜ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰ ਸੁਸਾਇਟੀ ਬਟਾਲਾ ਵੱਲੋਂ ਪੰਜਾਬੀ ਦੇ ਸਿਰਮੋਰ ਕਵੀ ਮਰਹੂਮ ਪ੍ਰਦਮ ਸ਼੍ਰੀ ਡਾ. ਸੁਰਜੀਤ ਪਾਤਰ ਦੇ ਜਨਮ ਦਿਨ ਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਵਿਚਾਰ ਚਰਚਾ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ।
ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੁਸਾਇਟੀ ਦੇ ਪ੍ਰਧਾਨ ਡਾ. ਰਵਿੰਦਰ, ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇਵਿੰਦਰ ਦੀਦਾਰ, ਡਾ. ਅਨੂਪ ਸਿੰਘ, ਰਘਬੀਰ ਸਿੰਘ ਸੋਹਲ, ਮਾਸਟਰ ਜੁਗਿੰਦਰ ਸਿੰਘ ਅੱਚਲੀ ਗੇਟ ਅਤੇ ਡੀ.ਪੀ.ਆਰ.ਓ. ਹਰਜਿੰਦਰ ਸਿੰਘ ਕਲਸੀ ਸ਼ਾਮਲ ਸਨ।
ਸਮਾਗਮ ਦੇ ਆਰੰਭ ਵਿੱਚ ਸੁਸਾਇਟੀ ਦੇ ਪ੍ਰਧਾਨ ਡਾ. ਰਵਿੰਦਰ ਨੇ ਸ਼ਿਰਕਤ ਕਰਨ ਵਾਲਿਆ ਆਦੀਬਾਂ ਦਾ ਸਵਾਗਤ ਕਰਨ ਪਿੱਛੋਂ ਡਾ. ਸੁਰਜੀਤ ਪਾਤਰ ਦੀ ਕਾਵਿਕ ਦੇਣ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਡਾ. ਸੁਰਜੀਤ ਪਾਤਰ ਦੀਆਂ ਗਜਲਾਂ ਅਤੇ ਕਵਿਤਾਵਾਂ ਵਿੱਚੋਂ ਸਤਰਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਡਾ. ਸੁਰਜੀਤ ਪਾਤਰ ਨੂੰ ਪੰਜਾਬੀ ਸਾਹਿਤ ਦਾ ਸਭ ਤੋਂ ਮਕਬੂਲ ਅਤੇ ਲੋਕ ਮਨਾਂ ਵਿੱਚ ਵੱਸਦਾ ਸ਼ਾਇਰ ਕਹਿੰਦਿਆਂ ਦੱਸਿਆ ਕਿ ਪਾਤਰ ਦੀ ਕਵਿਤਾ ਵਿਸ਼ਵ ਪੱਧਰ ਦੀ ਕਵਿਤਾ ਨਾਲ ਮੇਚਦੀ ਹੈ।
ਇਸ ਮੌਕੇ ਉੱਘੇ ਵਿਦਵਾਨ ਡਾ. ਅਨੂਪ ਸਿੰਘ ਨੇ ਵੀ ਸੁਰਜੀਤ ਪਾਤਰ ਨਾਲ ਆਪਣੇ ਬਿਤਾਏ ਪਲਾਂ ਨੂੰ ਸਾਂਝਾ ਕੀਤਾ ਅਤੇ ਪਾਤਰ ਦੀ ਸ਼ਾਇਰੀ ਨੂੰ ਲੋਕ ਮਨਾਂ ਵਿੱਚ ਅਮਿੱਟ ਥਾਂ ਬਣਾਉਣ ਵਾਲੀ ਸ਼ਾਇਰੀ ਦੱਸਿਆਂ।
ਵਿਚਾਰ ਚਰਚਾ ਵਿੱਚ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ, ਦੇਵਿੰਦਰ ਦੀਦਾਰ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਸੂਬਾ ਸਿੰਘ, ਗੁਰਵੰਤ ਸਿੰਘ ਖਹਿਰਾ, ਲੈਕਚਰਾਰ ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ ਨਿਮਾਣਾ, ਦਲਬੀਰ ਨੱਠਵਾਲ ਅਤੇ ਹਰਜਿੰਦਰ ਸਿੰਘ ਕਲਸੀ ਨੇ ਹਿੱਸਾ ਲਿਆ।
ਸਮਾਗਮ ਵਿੱਚ ਅਜੀਤ ਕਮਲ, ਸੁਲਤਾਨ ਭਾਰਤੀ, ਡਾ. ਜੈਸਮੀਨ, ਬਲਵਿੰਦਰ ਗੰਭੀਰ, ਵਿਜੈ ਅਗਨੀ ਹੋਤਰੀ, ਰਘਬੀਰ ਸਿੰਘ ਸੋਹਲ, ਵਿਨੋਦ ਸ਼ਾਇਰ, ਰਾਮੇਸ਼ ਜਾਨੂੰ, ਉਦੋਕੇ ਨਿਮਾਣਾ, ਨਰਿੰਦਰ ਸੰਘਾ ਅਤੇ ਦਿਨੇਸ਼ ਸਿੰਘ ਨੇ ਕਵਿਤਾਵਾ ਪੜ੍ਹੀਆਂ।
ਇਸ ਮੌਕੇ ਪਰਮਜੀਤ ਕੌਰ ਪਾਇਲ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਸੁਰਜੀਤ ਪਾਤਰ ਦੀਆਂ ਗਜਲਾਂ ਸੁਣਾ ਕੇ ਹਰ ਕਿਸੇ ਦਾ ਮਨ ਮੋਹ ਲਿਆ। ਸਮੁੱਚੇ ਸਮਾਗਮ ਦਾ ਸੰਚਾਲਨ ਡਾ. ਰਵਿੰਦਰ ਨੇ ਕੀਤਾ।