Babushahi Special: ਪੰਜਾਬ ਨੇ ਘੱਟ ਹੀ ਲਾਇਆ ਨਵੀਆਂ ਸਿਆਸੀ ਧਿਰਾਂ ਨੂੰ ਮੂੰਹ
- ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲ ਟਿਕੀਆਂ ਨਜ਼ਰਾਂ
ਅਸ਼ੋਕ ਵਰਮਾ
ਬਠਿੰਡਾ, 14 ਜਨਵਰੀ 2025 :ਪੰਜਾਬੀਆਂ ਨੇ ਸਾਲ 2022 ਨੂੰ ਛੱਡਕੇ ਕਿਸੇ ਨਵੀਂ ਸਿਆਸੀ ਧਿਰ ਨੂੰ ਸੱਤਾ ਦਾ ਸੁਆਦ ਚੱਖਣ ਦਾ ਮੌਕਾ ਨਹੀਂ ਦਿੱਤਾ ਹੈ। ਪੰਜਾਬੀਆਂ ਦੇ ਸਿਆਸੀ ਸੁਭਾਅ ਦੀ ਪੁਣਛਾਣ ਕਰਨ ਤੋਂ ਇਹ ਤੱਥ ਸਾਹਮਣੇ ਆਏ ਹਨ। ਅੱਜ ਜਦੋਂ ਇੱਕ ਹੋਰ ਸਿਆਸੀ ਪਾਰਟੀ ‘ਵਾਰਿਸ ਪੰਜਾਬ ਦੇ ਹੋਂਦ ’ਚ ਆਈ ਹੈ ਤਾਂ ਲੋਕਾਂ ਦੀਆਂ ਨਜ਼ਰਾਂ ਨਵੀਂ ਪਾਰਟੀ ਤੇ ਟਿਕ ਗਈਆਂ ਹਨ। ਇਸ ਤੋਂ ਪਹਿਲਾਂ ਜਦੋਂ ਵੀ ਚੋਣਾਂ ਆਉਂਦੀਆਂ ਰਹੀਆਂ ਹਨ ਤਾਂ ਸਿਆਸੀ ਨੇਤਾ ਪੰਜਾਬ ਨਾਲ ਜੁੜੇ ਮੁੱਦਿਆਂ ਦਾ ਹੇਜ ਦਿਖਾਕੇ ਨਵੀਂਆਂ ਪਾਰਟੀਆਂ ਬਣਾਉਂਦੇ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਮੁਕਤਸਰ ’ਚ ਅੱਜ ਬਿਨਾਂ ਬੱਦਲਾਂ ਤੋਂ ਸਿਆਸੀ ਮੀਂਹ ਪਿਆ ਹੈ। ਹੁਣ ਜਦੋਂ ਪੰਜਾਬ ਵਿੱਚ ਕੋਈ ਵੱਡਾ ਸਿਆਸੀ ਮਹੌਲ ਨਹੀਂ ਹੈ ਤਾਂ ਸਿਆਸੀ ਮਾਹਿਰਾਂ ਵੱਲੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਹਮਾਇਤੀਆਂ ਦੇ ਕਦਮ ਨੂੰ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਰਤਾ ਪਿਛੋਕੜ ’ਚ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬੀਆਂ ਵੱਲੋਂ ਵੀ ਸਿਆਸੀ ਲਾਲਸਾ ਪੂਰੀ ਕਰਨ ਲਈ ਬਣੀਆਂ ਇੰਨ੍ਹਾਂ ਸਿਆਸੀ ਪਾਰਟੀਆਂ ਨੂੰ ਬਹੁਤਾ ਮੂੰਹ ਲਾਉਣ ਤੋਂ ਗੁਰੇਜ਼ ਕੀਤਾ ਹੈ। ਇਸ ਕਰਕੇ ਤਕਰੀਬਨ ਹਰ ਅਜਿਹੀ ਪਾਰਟੀ ਇੱਕ ਅੱਧੀ ਚੋਣ ਲੜਨ ਉਪਰੰਤ ਵਕਤ ਦੀ ਗਰਦਿਸ਼ ਵਿੱਚ ਗੁੰਮ ਹੋ ਗਈ । ਇਸ ਮਾਮਲੇ ’ਚ ਪੀਪਲਜ਼ ਪਾਰਟੀ ਆਫ ਪੰਜਾਬ ਦਾ ਨਾਮ ਮੋਹਰੀ ਹੈ ਜੋ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਤਾਏ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਚਚੇਰੇ ਭਰਾ ਸੁਖਬੀਰ ਸਿੰਘ ਬਾਦਲ ਨਾਲ ਮੱਤਭੇਦਾਂ ਤੋਂ ਬਾਅਦ ਬਣਾਈ ਸੀ ਜਿਸ ਨੇ ਇੱਕ ਵਾਰ ਤਾਂ ਵੱਡੇ ਵੱਡੇ ਸਿਆਸੀ ਮਾਹਿਰਾਂ ਨੂੰ ਉੱਗਲਾਂ ਟੁੱਕਣ ਲਾ ਦਿੱਤਾ ਸੀ। ਨਿਜਾਮ ਬਦਲਣ ਦੇ ਦਾਅਵੇ ਅਤੇ ਦਿੱਤੇ ਲੱਛੇਦਾਰ ਭਾਸ਼ਣਾਂ ਦੇ ਬਾਵਜੂਦ 2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪਾਰਟੀ ਖਾਤਾ ਵੀ ਨਹੀਂ ਖੋਹਲ ਸਕੀ ਅਤੇ ਮਨਪ੍ਰੀਤ ਬਾਦਲ ਦੋਵਾਂ ਹਲਕਿਆਂ ਤੋਂ ਹਾਰ ਗਏ ਸਨ।
ਪੀਪਲਜ਼ ਪਾਰਟੀ ਦੀ ਅਸਫਲਤਾ ਮਗਰੋਂ ਮਨਪ੍ਰੀਤ ਬਾਦਲ ਨੇ ਆਪਣੀ ਪਾਰਟੀ ਦਾ ਪ੍ਰਧਾਨ ਹੋਣ ਦੇ ਬਾਵਜੂਦ 2014 ਦੀਆਂ ਸੰਸਦੀ ਚੋਣਾਂ ਮੌਕੇ ਕਾਂਗਰਸ ਦੇ ਚੋਣ ਨਿਸ਼ਾਨ ਤੇ ਚੋਣ ਲੜੀ ਸੀ। ਹਾਰਨ ਪਿੱਛੋਂ ਉਨ੍ਹਾਂ ਪੀਪਲਜ਼ ਪਾਰਟੀ ਦਾ ਕਾਂਗਰਸ ’ਚ ਰਲੇਵਾਂ ਕਰ ਦਿੱਤਾ ਅਤੇ 2017 ’ਚ ਵਿਧਾਨ ਸਭਾ ਚੋਣ ਜਿੱਤਕੇ ਪੰਜ ਸਾਲ ਵਿੱਤ ਮੰਤਰੀ ਵਜੋਂ ਸੱਤਾ ਹੰਢਾਈ। ਇਸ ਦਿਸ਼ਾ ’ਚ ਦੂਸਰਾ ਨਾਮ ਕਾਂਗਰਸੀ ਆਗੂ ਸੁਖਪਾਲ ਖਹਿਰਾ ਦਾ ਹੈ ਜਿਨ੍ਹਾਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਵੱਖ ਹੋਕੇ ‘ਪੰਜਾਬ ਏਕਤਾ ਪਾਰਟੀ ਬਣਾਈ । ਖਹਿਰਾ ਨੇ ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜੀ ਪਰ ਹਾਰ ਦਾ ਮੂੰਹ ਦੇਖਣਾ ਪਿਆ। ਇਸ ਮਗਰੋਂ ਕੋਈ ਵੀ ਸਿਆਸੀ ਚਮਤਕਾਰ ਕਰਨ ’ਚ ਅਸਫਲ ਰਹੀ ਪੰਜਾਬ ਏਕਤਾ ਪਾਰਟੀ ਦਾ ਉਦੋਂ ਭੋਗ ਪੈ ਗਿਆ ਜਦੋਂ ਖਹਿਰਾ ਨੇ ਕਾਂਗਰਸ ’ਚ ਸ਼ਮੂਲੀਅਤ ਕਰ ਲਈ।
ਆਪਣੀ ਭਾਸ਼ਣ ਕਲਾ ਅਤੇ ਟੋਟਕਾਬਾਜੀ ਨਾਲ ਲੋਕਾਂ ਨੂੰ ਕੀਲਣ ਵਾਲੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਬਣਾਈ ਲੋਕ ਭਲਾਈ ਪਾਰਟੀ ਦੀ ਵੀ ਇਹੋ ਹੋਣੀ ਰਹੀ ਹੈ। ਰਾਮੂਵਾਲੀਆਂ ਨੇ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ’ਚ ਸਿਆਸੀ ਕਿਸਮਤ ਅਜ਼ਮਾਈ ਪਰ ਸਿਆਸੀ ਭਲਾ ਨਾਂ ਹੋਇਆ। ਰਾਮੂਵਾਲੀਆ ਨੇ ਲੋਕ ਭਲਾਈ ਪਾਰਟੀ ਦਾ ਅਕਾਲੀ ਦਲ ’ਚ ਰਲੇਵਾਂ ਕਰ ਲਿਆ ਜੋ ਬਹੁਤਾ ਚਿਰ ਨਾਂ ਚੱਲਿਆ । ਰਾਮੂਵਾਲੀਆਂ ਯੂਪੀ ’ਚ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਤਰਫੋਂ ਮੰਤਰੀ ਵੀ ਬਣੇ। ਪਿੱਛੇ ਜਿਹੇ ਲੋਕ ਭਲਾਈ ਪਾਰਟੀ ਮੁੜ ਸੁਰਜੀਤ ਕਰਨ ਦੀ ਗੱਲ ਉੱਠੀ ਪਰ ਰਾਮੂਵਾਲੀਆਇੰਨ੍ਹਾਂ ਦਿਨੀਂ ਸਿਆਸੀ ਬਣਵਾਸ ਕੱਟ ਰਹੇ ਹਨ। ਲੁਧਿਆਣਾ ਤੋਂ ਅਜ਼ਾਦ ਵਿਧਾਇਕ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਵੱਲੋਂ ਬਣਾਈ ਗਈ ਲੋਕ ਇਨਸਾਫ ਪਾਰਟੀ ਨੇ ਵੀ ਬੈਂਸ ਭਰਾਵਾਂ ਨਾਲ ਇਨਸਾਫ ਨਹੀਂ ਕੀਤਾ ਹੈ।
ਮੌਜੂਦਾ ਸੰਸਦ ਮੈਂਬਰ ਧਰਮਵੀਰ ਗਾਂਧੀ ਵੱਲੋਂ 2017 ’ਚ ਬਣਾਏ ‘ਪੰਜਾਬ ਮੰਚ’ ਨਾਲ ਵੀ ਇਹੋ ਭਾਣਾ ਵਰਤਿਆ ਜੋ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤਣ ਦੇ ਬਾਵਜੂਦ ਸਿਆਸੀ ਵਿਗਾੜ ਪੈਣ ਕਾਰਨ ਬਣਾਇਆ ਸੀ। ਆਮ ਆਦਮੀ ਪਾਰਟੀ ’ਚੋਂ ਕੱਢੇ ਸੁੱਚਾ ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ ਦਾ ਵੀ ਰੰਗ ਨਾਂ ਬੱਝਿਆ। ਸਾਲ 2018 ’ਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੀ ਬਣਿਆ ਸੀ ਜੋ ਸਫਲ ਨਾ ਹੋਇਆ। ਨਵਜੋਤ ਸਿੱਧੂ ਅਤੇ ਪ੍ਰਗਟ ਸਿੰਘ ਨੇ ‘ਆਵਾਜ਼ ਏ ਪੰਜਾਬ’ ਫਰੰਟ ਬਣਾਇਆ ਸੀ ਕੁੱਝ ਦੇਰ ਬਾਅਦ ਫਰੰਟ ਹੋ ਗਿਆ ਅਤੇ ਦੋਨੋਂ ਕਾਂਗਰਸ ’ਚ ਸ਼ਾਮਲ ਹੋ ਗਏ। ਇਸ ਮਾਮਲੇ ’ਚ ਆਮ ਆਦਮੀ ਪਾਰਟੀ ਕਿਸਮਤ ਵਾਲੀ ਰਹੀ ਜਿਸ ਨੇ 2017 ਦੇ ਵਧੀਆਂ ਪ੍ਰਦਰਸ਼ਨ ਪਿੱਛੋਂ ਡਿੱਕਡੋਲੇ ਖਾਣ ਅਤੇ ਕਈ ਆਗੂਆਂ ਵੱਲੋਂ ਝਾੜੂ ਛੱਡਣ ਦੇ ਬਾਵਜੂਦ 2022 ’ਚ 92 ਹਲਕਿਆਂ ’ਚ ਜਿੱਤਣ ਮਗਰੋਂ ਸੱਤਾ ਤੇ ਕਬਜਾ ਕਰ ਲਿਆ।
ਸੱਤਾ ਦੀ ਅੱਥਰੀਆਂ ਲਾਲਸਾਵਾਂ ਦਾ ਸਿੱਟਾ
ਜਮਹੂਰੀ ਅਧਿਕਾਰ ਸਭਾ ਦੇ ਪ੍ਰਚਾਰ ਸਕੱਤਰ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਲੀਡਰਾਂ ਦੀਆਂ ਅੱਥਰੀਆਂ ਸਿਆਸੀ ਲਾਲਸਾਵਾਂ ਦਾ ਸਿੱਟਾ ਹੈ ਕਿ ਉਹ ਆਪਣੀਆਂ ਮੂਲ ਪਾਰਟੀਆਂ ਨੂੰ ਛੱਡਕੇ ਅਜਿਹਾ ਕਰਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਕਾਰਨ ਹੋਰ ਵੀ ਹੋ ਸਕਦੇ ਹਨ ਪਰ ਜਿਆਦਾਤਰ ਲੋਕਾਂ ਨੂੰ ਸੱਤਾ ਦਾ ਮੋਹ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਸਿਆਸੀ ਨੇਤਾਵਾਂ ਦੀਆਂ ਕਲਾਬਾਜੀਆਂ ਨੂੰ ਦੇਖਦਿਆਂ ਪੰਜਾਬੀਆਂ ਨੂੰ ਆਪਣਾ ਭਲਾ ਬੁਰਾ ਸੋਚਣ ਵੱਲ ਵਧਣਾ ਪਵੇਗਾ।