....ਤੇ ਹੁਣ ਪਤੰਗਬਾਜ਼ੀ ਦੀ ਤਕਰਾਰ ਨੂੰ ਲੈ ਕੇ ਪਿਉ ਪੁੱਤ ਦੇ ਮਾਰ ਦਿੱਤੀਆਂ ਗੋਲੀਆਂ
ਰੋਹਿਤ ਗੁਪਤਾ
ਗੁਰਦਾਸਪੁਰ, 14 ਜਨਵਰੀ 2025 - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਨਜ਼ਦੀਕ ਪਿੰਡ ਕੋਟ ਟੋਡਰ ਮੱਲ ਵਿਖੇ ਪਤੰਗਬਾਜ਼ੀ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਦੇਰ ਰਾਤ ਇੱਕ ਘਰ ਵਿੱਚ ਆ ਕੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਆਂ ਨਾਲ ਪਿਓ ਪੁੱਤ ਦੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਰਵਿੰਦਰ ਸਿੰਘ ਨਾਮਕ ਨੌਜਵਾਨ ਦੇ ਦੇ ਦੋ ਗੋਲੀਆਂ ਲੱਗੀਆਂ ਹਨ ਅਤੇ ਉਸ ਦੇ ਪਿਤਾ ਮੁਖਤਿਆਰ ਸਿੰਘ ਦੇ ਪੱਟ ਵਿੱਚ ਗੋਲੀ ਲੱਗੀ ਹੈ ਜਿਨਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਅੰਮ੍ਰਿਤਸਰ ਵਿਖੇ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਪਰਿਵਾਰ ਅਨੁਸਾਰ ਪਹਿਲਾਂ ਵੀ ਗੋਲੀਆਂ ਚਲਾਉਣ ਵਾਲੇ ਵੱਲੋਂ ਜਖਮੀ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕੀਤੀ ਗਈ ਸੀ ਜਿਸ ਦਾ ਪੁਲਿਸ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਸੀ।
ਜਖਮੀ ਨੌਜਵਾਨ ਰਵਿੰਦਰ ਸਿੰਘ ਦੀ ਮਾਤਾ ਸਰਬਜੀਤ ਕੌਰ ਅਤੇ ਪਤਨੀ ਅਮਨਦੀਪ ਕੌਰ ਨੇ ਦੱਸਿਆ ਕਿ ਦੋਵੇਂ ਆਪਣੇ ਆਪਣੇ ਚੁਬਾਰੇ ਤੇ ਪਤੰਗਾ ਉਡਾ ਰਹੇ ਸਨ ਕਿ ਆਪਸ ਵਿੱਚ ਉਹਨਾਂ ਦੀ ਤਕਰਾਰ ਹੋਈ ਜੋ ਉਸ ਵੇਲੇ ਤਾਂ ਖਤਮ ਹੋ ਗਈ ਪਰ ਦੇਰ ਸ਼ਾਮ 8 ਵਜੇ ਦੇ ਕਰੀਬ ਗੋਲੀਆਂ ਚਲਾਉਣ ਵਾਲੇ ਵੱਲੋਂ ਪਹਿਲਾਂ ਉਨਾਂ ਦੇ ਘਰ ਜਾ ਕੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਗਏ ਜਿਸ ਤੇ ਰਵਿੰਦਰ ਸਿੰਘ ਅਤੇ ਉਸ ਦੇ ਪਿਤਾ ਮੁਖਤਿਆਰ ਸਿੰਘ ਛੱਤ ਤੇ ਚਲੇ ਗਏ ਅਤੇ ਉਹਨਾਂ ਨੇ ਵੀ ਇੱਟਾਂ ਰੋੜੇ ਮਾਰੇ ਪਰ ਦੂਜੇ ਧਿਰ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਰਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਹੋ ਗਿਆ ਹੈ ਅਤੇ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਜਿਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ।
ਦੂਜੇ ਪਾਸੇ ਕਾਦੀਆਂ ਥਾਨਾ ਦੀ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਵਿੱਚ ਬਿਜ਼ੀ ਹੋਣ ਦਾ ਹਵਾਲਾ ਦੇ ਕੇ ਫਿਲਹਾਲ ਮੀਡੀਆ ਦੇ ਸਾਹਮਣੇ ਕੋਈ ਬਿਆਨ ਨਹੀਂ ਦਿੱਤਾ ਹੈ ਜਦਕਿ ਪਿੰਡ ਕੋਟ ਟੋਡਰ ਮਲ ਦੇ ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਪਹਿਲਾਂ ਇੱਟਾਂ ਰੋੜੇ ਚਲਾਏ ਗਏ ਅਤੇ ਫਿਰ ਇੱਕ ਧਿਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਰਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਤੇ ਉਸ ਨੂੰ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ ਹੈ।