Babushahi Special: ਸ਼੍ਰੋਮਣੀ ਅਕਾਲੀ ਦਲ ਤੋਲੇਗਾ ਮਾਘੀ ਰੈਲੀ ਦੀ ਤੱਕੜੀ ’ਚ ਸਿਆਸੀ ਦਾਣੇ
ਅਸ਼ੋਕ ਵਰਮਾ
ਬਠਿੰਡਾ, 12 ਜਨਵਰੀ 2025: ਆਉਣ ਵਾਲੀ 14 ਜਨਵਰੀ ਨੂੰ ਚਾਲੀ ਮੁਕਤਿਆਂ ਦੀ ਧਰਤੀ ਮੁਕਤਸਰ ਵਿਖੇ ਮਾਘੀ ਦੇ ਇਤਿਹਾਸਕ ਦਿਹਾੜੇ ’ਤੇ ਕਰਵਾਈ ਜਾਣ ਵਾਲੀ ਰੈਲੀ ਸ਼ੋਮਣੀ ਅਕਾਲੀ ਦਲ ਦੀ ਝੋਲੀ ’ਚ ਸਿਆਸੀ ਦਾਣਿਆਂ ਦੀ ਬਰਕਤ ਦੱਸੇਗੀ। ਇਕੱਲਾ ਇਹੀ ਨਹੀਂ ਇਸ ਮੌਕੇ ਹੋਣ ਵਾਲਾ ਇਕੱਠ ਪਾਰਟੀ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਕੱਦ ਮਾਪਣ ਦਾ ਪੈਮਾਨਾ ਵੀ ਬਣੇਗਾ ਕਿਉਂਕਿ ਅਸਤੀਫਾ ਦੇਣ ਦੇ ਬਾਵਜੂਦ ਲੀਡਰਸ਼ਿਪ ਅਜੇ ਵੀ ਬਾਦਲਾਂ ਨੂੰ ਹੀ ਪਾਰਟੀ ਚਿਹਰਾ ਮੰਨਦੀ ਹੈ।
ਉਹ ਵੀ ਉਸ ਵਕਤ ਜਦੋਂ ਕਈ ਦਹਾਕਿਆਂ ਤੋਂ ਪੰਜਾਬ ਦੇ ਸਮਾਜਿਕ ਖਾਸੇ ਦਾ ਹਿੱਸਾ ਬਣਦੇ ਆ ਰਹੇ ਅਕਾਲੀ ਦਲ ਨੂੰ ਸਿਆਸੀ ਅਤੇ ਧਾਰਮਿਕ ਮੁਹਾਜ਼ ਤੇ ਡੂੰਘੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਲੀਡਰਸ਼ਿਪ ਨੂੰ ਭਾਵੇਂ ਇਹ ਸਥਿਤੀ ਸਿਆਸੀ ਤੇ ਧਾਰਮਿਕ ਚੁਣੌਤੀ ਦਿਸਦੀ ਹੈ ਪਰ ਮੂਲ ਰੂਪ ਵਿੱਚ ਇਹ ਬੇਭਰੋਸਗੀ ਦਾ ਸੰਕਟ ਵੱਧ ਹੈ ਜੋ ਪਾਰਟੀ ਆਗੂਆਂ ਪ੍ਰਤੀ ਬਣਿਆ ਹੈ।
ਇਹੋ ਕਾਰਨ ਹੈ ਕਿ ਅਕਾਲੀ ਦਲ ਨੂੰ ਮੁੜ ਤੋਂ ਪੱਕੇ ਪੈਰੀਂ ਕਰਨ ਲਈ ਕੀਤੀ ਜਾ ਰਹੀ ਮਾਘੀ ਰੈਲੀ ਵੱਕਾਰ ਦਾ ਸਵਾਲ ਮੰਨੀ ਜਾ ਰਹੀ ਹੈ। ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਰਾਜਸੀ ਪਾਰਟੀਆਂ ਵਿੱਚੋਂ ਦੂਜੇ ਨੰਬਰ ’ਤੇ ਹੈ ਜਿਸ ਦਾ ਮੁੱਢ 1920 ਵਿੱਚ ਬੱਝਿਆ ਸੀ। ਮੌਜੂਦਾ ਪੰਜਾਬ (1966 ਤੋਂ ਬਾਅਦ) ਦੇ ਹੋਂਦ ਵਿੱਚ ਆਉਣ ਮਗਰੋਂ ਇਸ ਪਾਰਟੀ ਨੇ ਸਭ ਤੋਂ ਵੱਧ ਸਮਾਂ ਰਾਜ ਕੀਤਾ ਹੈ ਜਿਸ ਵਿੱਚੋਂ ਜਿਆਦਾ ਮਰਹੂਮ ਸਾਬਕਾ ਮੁੱਖ ਮੰਤਰੀ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਹਿੱਸੇ ਆਇਆ ਹੈ ਜੋ ਹੁਣ ਤੱਕ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪਿਤਾ ਹਨ। ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਸੁਖਬੀਰ ਸਿੰਘ ਬਾਦਲ ਦੇ ਹੱਥ ਆਉਣ ਤੋਂ ਬਾਅਦ ਪਾਰਟੀ ਨੇ ਨਵੀਂ ਕਰਵਟ ਲਈ ਅਤੇ ਸਾਲ 2007 ਤੇ 2012 ਦੀਆਂ ਚੋਣਾਂ ਜਿੱਤਕੇ ਭਾਜਪਾ ਨਾਲ ਗਠਜੋੜ ਤਹਿਤ ਸਰਕਾਰਾਂ ਬਣਾਈਆਂ ਅਤੇ ਦਸ ਸਾਲ ਸੱਤਾ ਦਾ ਆਨੰਦ ਮਾਣਿਆ।
ਟਕਸਾਲੀ ਆਗੂ, ਜੋ ਅੱਜ ਸੁਧਾਰ ਲਹਿਰ ਦੇ ਰੂਪ ਵਿੱਚ ਸਾਹਮਣੇ ਆਏੇ ਹਨ ਉਦੋਂ ਉਨ੍ਹਾਂ ਵੱਲੋਂ ਪਾਰਟੀ ਅੰਦਰ ਸੁਖਬੀਰ ਬਾਦਲ ਦੀ ਮੈਨੇਜਮੈਂਟ ਨੂੰ ਰੱਜਕੇ ਸਲਾਹਿਆ ਜਾਂਦਾ ਸੀ ਜਦੋਂਕਿ ਹੁਣ ਇੰਨ੍ਹਾਂ ਆਗੂਆਂ ਨੇ ਸੁਖਬੀਰ ਖਿਲਾਫ ਝੰਡਾ ਚੁੱਕਿਆ ਹੋਇਆ ਹੈ।
ਹਾਲਾਂਕਿ ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਇਲਾਵਾ ਇਸ ਨਾਲ ਜੁੜੇ ਗੋਲੀ ਕਾਂਡ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਦੀ ਮੁਆਫੀ ਆਦਿ ਦੇ ਮਾਮਲੇ ’ਚ ਸੁਖਬੀਰ ਬਾਦਲ ਅਤੇ ਲੀਡਰਸ਼ਿਪ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਮੁਤਾਬਕ ਤਨਖਾਹ ਭੁਗਤ ਲਈ ਹੈ ਪਰ ਜਨਤਾ ਦੀ ਕਚਹਿਰੀ ਦਾ ਫੈਸਲਾ ਆਉਣਾ ਅਜੇ ਬਾਕੀ ਹੈ। ਇਹੋ ਕਾਰਨ ਹੈ ਕਿ ਲੋਕਾਂ ਦੀ ਮੋਹਰ ਲੁਆਉਣ ਲਈ ਅਕਾਲੀ ਲੀਡਰਸ਼ਿਪ ਖਾਸ ਤੌਰ ਤੇ ਸੁਖਬੀਰ ਬਾਦਲ ਨੇ ਲੰਮੇਂ ਸਮੇਂ ਤੋਂ ਘਰਾਂ ਵਿੱਚ ਦੜੇ ਪਾਰਟੀ ਵਰਕਰਾਂ ਨੂੰ ਬਾਹਰ ਕੱਢਣ ਵਾਸਤੇ ‘ਮਿਸ਼ਨ ਮਨੋਬਲ’ ਤਹਿਤ ਮਾਘੀ ਰੈਲੀ ਕਰਨ ਦੀ ਯੋਜਨਾ ਉਲੀਕੀ ਹੈ।
ਅਸਤੀਫੇ ਦੀ ਪ੍ਰਵਾਨਗੀ ਤੱਕ ਸੁਖਬੀਰ ਬਾਦਲ ਨੇ ਇਸ ਰੈਲੀ ’ਚ ਵੱਡਾ ਇਕੱਠ ਕਰਨ ਲਈ ਖੁਦ ਕਮਾਂਡ ਸੰਭਾਲ ਰੱਖੀ ਸੀ ਤੇ ਹੁਣ ਵੀ ਹਰ ਗਤੀਵਿਧੀ ਤੇ ਨਜ਼ਰਾਂ ਟਿਕਾਈਆਂ ਹੋਈਆਂ ਹਨ । ਇਕੱਠਾਂ ਦੌਰਾਨ ਉਨ੍ਹਾਂ ਪਾਰਟੀ ਆਗੂਆਂ ਨੂੰ ਕਿਹਾ ਹੈ ਕਿ ਉਹ ਰੈਲੀ ’ਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਵਾਉਣ ਕਿਉਂਕਿ ਇਹ ਡੈਮੇਜ ਕੰਟਰੋਲ ਦੀ ਸ਼ੁਰੂਆਤ ਹੈ। ਪਾਰਟੀ ਪ੍ਰਧਾਨ ਨੇ ਇਹ ਵੀ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਇਹ ਰੈਲੀ ਕਰੋ ਜਾਂ ਮਰੋ ਦਾ ਸੁਆਲ ਹੈ ਇਸ ਲਈ ਹਰ ਪਿੰਡ ਵਿੱਚੋਂ ਕੱਲੇ ਕੱਲੇ ਵਰਕਰ ਨੂੰ ਲਿਆਉਣ ਲਈ ਪੂਰਾ ਜੋਰ ਲਾਇਆ ਜਾਏ। ਉਨ੍ਹਾਂ ਆਖਿਆ ਕਿ ਰੈਲੀ ਬਹਾਨੇ ਅਕਾਲੀ ਦਲ ਨੂੰ ਆਪਣੀ ਸਿਆਸੀ ਤਾਕਤ ਦਿਖਾਉਣ ਦਾ ਮੌਕਾ ਮਿਲਿਆ ਹੈ ਜੋ ਅਜਾਈਂ ਨਹੀਂ ਜਾਣਾ ਚਾਹੀਦਾ। ਮਹੱਤਵਪੂਰਨ ਇਹ ਵੀ ਹੈ ਕਿ ਮੀਟਿੰਗਾਂ ਦੌਰਾਨ ਵਰਕਰਾਂ ਦੇ ਭਾਰੀ ਇਕੱਠ ਨੇ ਸੁਖਬੀਰ ਬਾਦਲ ਅਤੇ ਅਕਾਲੀ ਲੀਡਰਸ਼ਿਪ ਨੂੰ ਹੌਂਸਲਾ ਦਿੱਤਾ ।
ਸੁਖਬੀਰ ਬਾਦਲ ਦੀ ਸੁਰ ਬਦਲੀ
ਸੁਖਬੀਰ ਬਾਦਲ ਵੱਲੋਂ ਆਪਣੀ ਪੁਰਾਣੀ ਸ਼ੈਲੀ ਉਲਟ ਇੰਨ੍ਹੀਂ ਦਿਨੀ ਆਪਣੀ ਬੋਲ ਬਾਣੀ ਤੇ ਕਾਰ ਵਿਹਾਰ ਵਿੱਚ ਅਣਕਿਆਸਿਆ ਠਰੰਮਾ ਦਿਖਾਇਆ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਇਹ ਤਬਦੀਲੀ ਪਾਰਟੀ ਨੂੰ ਗੰਭੀਰ ਚੁਣੌਤੀਆਂ ਚੋਂ ਬਾਹਰ ਕੱਢਣ ਲਈ ਕੀਤੀ ਯੋਜਨਾਬੰਦੀ ਦਾ ਨਤੀਜਾ ਹੈ ਜਿਸ ਨੇ ਸੁਖਬੀਰ ਨੂੰ ਪੁਰਾਣਾ ਲਹਿਜਾ ਤਿਆਗ ਕੇ ’ਪ੍ਰਧਾਨ’ ਵਾਲੀ ਦਿੱਖ ਮੁਤਾਬਕ ਜ਼ਿੰਮੇਵਾਰੀ ਨਾਲ ਪੇਸ਼ ਆਉਣ ਦੇ ਰਾਹ ਪਾਇਆ ਹੈ। ਵੱਡੀ ਗੱਲ ਇਹ ਵੀ ਹੈ ਕਿ ਤਨਖਾਹ ਭੁਗਤਣ ਮਗਰੋਂ ਸੁਖਬੀਰ ਬਾਦਲ ਇੱਕ ਤਰਾਂ ਨਾਲ ਸੁਰਖਰੂ ਜਿਹੇ ਜਾਪ ਰਹੇ ਹਨ ਅਤੇ ਉਨ੍ਹਾਂ ਦੇ ਚਿਹਰੇ ਤੋਂ ਬੋਝ ਲੱਥਿਆ ਨਜ਼ਰ ਆ ਰਿਹਾ ਹੈ।
ਰੈਲੀ ਨੂੰ ਨੌਜਵਾਨਾਂ ਦੀ ਚੁਣੌਤੀ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਕਾਲੀ ਰੈਲੀ ਦੌਰਾਨ ਉਮੀਦ ਮੁਤਾਬਕ ਇਕੱਠ ਹੋ ਸਕਦਾ ਹੈ ਪਰ ਨਵੇਂ ਪੋਚ ਦੀ ਸ਼ਮੂਲੀਅਤ ਸਬੰਧੀ ਸ਼ੰਕੇ ਬਰਕਰਾਰ ਹਨ ਜੋ ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਅਗਵਾਈ ਹੇਠ ਵੱਲੋਂ ਕੀਤੀ ਜਾਣ ਵਾਲੀ ਰੈਲੀ ਦਾ ਰੁੱਖ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ਨਵੀਂ ਪਾਰਟੀ ਬਨਾਈ ਜਾਣੀ ਹੈ ਅਤੇ ਇਨ੍ਹਾਂ ਕਾਰਨ ਅਕਾਲੀ ਰੈਲੀ ਵਿਚਲਾ ਇਕੱਠ ਪ੍ਰਭਾਵਿਤ ਹੋ ਸਕਦਾ ਹੈ।
ਪਾਰਟੀ ਦਾ ਚਿਹਰਾ ਰਹਿਣਗੇ ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾਂ ਦਾ ਕਹਿਣਾ ਸੀ ਕਿ ਮਾਘੀ ਰੈਲੀ ਦੌਰਾਨ ਸੁਖਬੀਰ ਬਾਦਲ ਪਾਰਟੀ ਦਾ ਚਿਹਰਾ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਸਤੀਫਾ ਦਿੱਤਾ ਹੈ ਪਾਰਟੀ ਥੋਹੜੇ ਛੱਡੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਕੱਠ ਦੇ ਪੱਖੋਂ ਮਾਘੀ ਰੈਲੀ ਇਤਿਹਾਸਕ ਹੋਵੇਗੀ ਜਿਸ ਵਿੱਚ ਯੂਥ ਭਰਵੀਂ ਸ਼ਮੂਲੀਅਤ ਕਰੇਗਾ।