1984 ਦੇ ਧਰਮੀ ਫੌਜੀਆਂ ਨੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਦਿੱਤਾ ਮੰਗ ਪੱਤਰ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ : ਜੂਨ 1984 ਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਕਾਰਨ ਫੌਜੀਆਂ ਵੱਲੋਂ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ ਗਈਆਂ ਸਨ। ਉਹਨਾਂ ਫੌਜੀਆਂ ਨੂੰ ਧਰਮੀ ਫੌਜੀ ਦਾ ਨਾਮ ਦਿੱਤਾ ਗਿਆ ਸੀ। ਲੇਕਿਨ ਲਗਾਤਾਰ ਇਹ ਧਰਮੀ ਫੌਜੀ ਆਪਣੀਆਂ ਮੰਗਾਂ ਨੂੰ ਲੈ ਕੇ ਐਸਜੀਪੀਸੀ ਦੇ ਦਫਤਰਾਂ ਦੇ ਚੱਕਰ ਕੱਟ ਰਹੇ ਹਨ ਅਤੇ ਆਪਣੀਆਂ ਮੰਗਾਂ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਅੱਜ ਧਰਮੀ ਫੌਜੀਆਂ ਦਾ ਇੱਕ ਵਫਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਿਲਿਆ ਤੇ ਆਪਣੀਆਂ ਮੰਗਾਂ ਸਬੰਧੀ ਉਹਨਾਂ ਨੂੰ ਜਾਣਕਾਰੀ ਦਿੱਤੀ ਅਤੇ ਇੱਕ ਮੰਗ ਪੱਤਰ ਦਿੱਤਾ। ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮੀ ਫੌਜੀ ਬਲਦੇਵ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਐਸਜੀਪੀਸੀ ਆ ਰਹੇ ਹਨ ਅਤੇ ਅੱਜ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐਸਜੀਪੀਸੀ ਨਾਲ ਮੁਲਾਕਾਤ ਹੋਈ ਹੈ। ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਅਸੀਂ ਮੰਗ ਕੀਤੀ ਹੈ ਕਿ ਧਰਮੀ ਫੌਜੀਆ ਨੂੰ ਮਾਨਤਾ ਦਿੱਤੀ ਜਾਵੇ ਅਤੇ ਜੋ ਕੁਝ ਸਮਾਂ ਪਹਿਲਾਂ ਧਰਮੀ ਫੌਜੀਆਂ ਨੂੰ ਮਾਨਤਾ ਨਾ ਦੇਣ ਦਾ ਮਤਾ ਪਾਸ ਹੋਇਆ ਸੀ ਉਸ ਮਤੇ ਨੂੰ ਵੀ ਖਾਰਜ ਕੀਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼ਹੀਦ ਧਰਮੀ ਫੌਜੀਆਂ ਦੀਆਂ ਤਸਵੀਰਾਂ ਵੀ ਅਜਾਇਬ ਘਰ ਵਿੱਚ ਲਗਵਾਈਆਂ ਜਾਣ ।
ਇਸ ਦੇ ਨਾਲ ਹੀ ਧਰਮੀ ਫੌਜੀ ਬਲਦੇਵ ਸਿੰਘ ਨੇ ਕਿਹਾ ਕਿ ਪ੍ਰਧਾਨ ਐਸਜੀਪੀਸੀ ਵੱਲੋਂ ਇਸ ਤੇ ਐਕਸ਼ਨ ਕਰਦੇ ਹੋਏ ਟਰਸਟ ਨੂੰ ਫੋਨ ਕਰਕੇ ਸਾਰੇ ਜਾਣਕਾਰੀ ਹਾਸਿਲ ਕੀਤੀ ਗਈ ਹੈ ਤੇ ਐਸਜੀਪੀਸੀ ਪ੍ਰਧਾਨ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਉਹਨਾਂ ਦੀਆਂ ਮੰਗਾਂ ਮੰਨ ਲਿੱਤੀਆਂ ਜਾਣਗੀਆਂ ਅਤੇ ਧਰਮੀ ਫੌਜੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨਿਤ ਵੀ ਕਰਵਾਇਆ ਜਾਵੇਗਾ।
ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਬਹੁਤ ਸਾਰੇ ਧਰਮੀ ਫੌਜੀ ਅਜਿਹੇ ਹਨ ਜਿਨਾਂ ਨੇ ਆਪਣੀਆਂ ਦਾੜੀਆਂ ਰੰਗੀਆਂ ਹਨ ਜਾਂ ਦਾੜੀ ਕਤਲ ਕਰਾਉਂਦੇ ਹਨ ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੱਟ ਕੇ ਕਿਸੇ ਹੋਰ ਜਗ੍ਹਾ ਦੇ ਉੱਪਰ ਧਾਰਮਿਕ ਪ੍ਰੋਗਰਾਮ ਕਰਕੇ ਗਰਮੀ ਫੌਜੀਆਂ ਦਾ ਸਨਮਾਨ ਕਰਵਾਇਆ ਜਾਵੇ। ਨਾਲ ਹੀ ਧਰਮੀ ਫੌਜੀਆਂ ਨੇ ਕਿਹਾ ਕਿ ਇਸ ਵਾਰ ਐਸਜੀਪੀਸੀ ਦੇ ਪ੍ਰਧਾਨ ਨਾਲ ਬੈਠ ਕੇ ਖੁੱਲੀਆਂ ਵਿਚਾਰਾਂ ਹੋਈਆਂ ਹਨ ਅਤੇ ਆਸ ਹੈ ਕਿ ਇਸ ਵਾਰ ਉਹਨਾਂ ਨੂੰ ਇਨਸਾਫ ਜਰੂਰ ਮਿਲੇਗਾ ਅਤੇ ਐਸਜੀਪੀਸੀ ਵੱਲੋਂ ਉਹਨਾਂ ਦੀਆਂ ਮੰਗਾਂ ਜਰੂਰ ਮੰਨੀਆਂ ਜਾਣਗੀਆਂ।