ਲੁਧਿਆਣਾ: ਨਜਾਇਜ਼ 'ਲੌਲੀਪੌਪ' ਬੋਰਡਾਂ ਨੇ ਰੋਕਿਆ ਸ਼ਹਿਰ ਦਾ ਸਾਹ; ਨਗਰ ਨਿਗਮ ਨੂੰ ਲੱਖਾਂ ਦਾ ਚੂਨਾ
ਰਾਸ਼ਟਰੀ ਸੜਕ ਸੁਰੱਖਿਆ ਹਫ਼ਤੇ ਦੌਰਾਨ ਵੀ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ
ਸੁਖਮਿੰਦਰ ਭੰਗੂ
ਲੁਧਿਆਣਾ: 8 ਫਰਵਰੀ 2026- ਲੁਧਿਆਣਾ ਸ਼ਹਿਰ ਵਿੱਚ ਨਜਾਇਜ਼ ਕਬਜ਼ਿਆਂ ਅਤੇ ਨਿਯਮਾਂ ਦੀ ਉਲੰਘਣਾ ਨੇ ਆਮ ਜਨਤਾ ਦੀ ਜੇਬ ਅਤੇ ਜਾਨ ਦੋਵਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਇੱਕ ਪਾਸੇ ਜਿੱਥੇ ਪ੍ਰਸ਼ਾਸਨ 'ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ' ਮਨਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਦੁਕਾਨਦਾਰਾਂ ਵੱਲੋਂ ਸੜਕਾਂ ਦੇ ਵਿਚਕਾਰ ਲਗਾਏ ਗਏ 'ਲੌਲੀਪੌਪ' ਬੋਰਡਾਂ ਅਤੇ ਨਜਾਇਜ਼ ਪੁਤਲਿਆਂ ਨੇ ਟ੍ਰੈਫਿਕ ਵਿਵਸਥਾ ਦੀ ਫੂਕ ਕੱਢ ਦਿੱਤੀ ਹੈ।
ਮੁੱਖ ਬਾਜ਼ਾਰਾਂ ਦਾ ਬੁਰਾ ਹਾਲ
ਸ਼ਹਿਰ ਦੇ ਸਭ ਤੋਂ ਰੁਝੇਵੇਂ ਵਾਲੇ ਇਲਾਕਿਆਂ ਜਿਵੇਂ ਘੁਮਾਰ ਮੰਡੀ, ਇਸ਼ਮੀਤ ਚੌਂਕ, ਮਾਡਲ ਟਾਊਨ ਐਕਸਟੈਂਸ਼ਨ, ਚੌੜਾ ਬਾਜ਼ਾਰ, ਪੱਖੋਵਾਲ ਰੋਡ ਅਤੇ ਮਲਹਾਰ ਰੋਡ ਵਿੱਚ ਦੁਕਾਨਦਾਰਾਂ ਨੇ ਆਪਣੀਆਂ ਹੱਦਾਂ ਤੋਂ 5 ਤੋਂ 10 ਫੁੱਟ ਬਾਹਰ ਤੱਕ ਸੜਕਾਂ ਮੱਲ ਲਈਆਂ ਹਨ। ਸੜਕਾਂ ਦੇ ਵਿਚਕਾਰ ਲਗਾਏ ਗਏ 'ਲੌਲੀਪੌਪ' ਸਾਈਨ ਬੋਰਡਾਂ ਕਾਰਨ ਪੈਦਲ ਚੱਲਣ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਬਚੀ, ਜਿਸ ਕਾਰਨ ਬਾਜ਼ਾਰਾਂ ਵਿੱਚ ਰੋਜ਼ਾਨਾ ਭਾਰੀ ਜਾਮ ਲੱਗ ਰਿਹਾ ਹੈ।
ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ
ਇਹ ਨਜਾਇਜ਼ ਬੋਰਡ ਨਾ ਸਿਰਫ਼ ਟ੍ਰੈਫਿਕ ਲਈ ਖ਼ਤਰਾ ਹਨ, ਬਲਕਿ ਨਗਰ ਨਿਗਮ (MCL) ਦੇ ਮਾਲੀਏ ਨੂੰ ਵੀ ਲੱਖਾਂ ਦਾ ਰਗੜਾ ਲਗਾ ਰਹੇ ਹਨ। ਦੁਕਾਨਦਾਰਾਂ ਨੇ ਨਿਰਧਾਰਿਤ ਸਾਈਜ਼ ਤੋਂ ਕਿਤੇ ਵੱਡੇ ਬੋਰਡ ਲਗਾਏ ਹੋਏ ਹਨ। ਸੜਕਾਂ 'ਤੇ ਨਜਾਇਜ਼ ਡੰਮੀਆਂ (Dummies) ਅਤੇ ਸਟੈਂਡੀ ਬੋਰਡ ਖੜ੍ਹੇ ਕੀਤੇ ਗਏ ਹਨ। ਇਨ੍ਹਾਂ ਨਜਾਇਜ਼ ਬੋਰਡਾਂ ਦਾ ਕੋਈ ਵਿਗਿਆਪਨ ਟੈਕਸ ਨਿਗਮ ਕੋਲ ਜਮ੍ਹਾਂ ਨਹੀਂ ਹੋ ਰਿਹਾ।
ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਖੋਲ੍ਹਿਆ ਮੋਰਚਾ
ਉੱਘੇ ਸਮਾਜ ਸੇਵਕ ਅਤੇ ਆਰ.ਟੀ.ਆਈ. ਸਕੱਤਰ ਅਰਵਿੰਦ ਸ਼ਰਮਾ ਨੇ ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਬੀਤੇ ਮਹੀਨੇ 11 ਤਰੀਕ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਸ਼ਿਕਾਇਤ ਦੇ ਬਾਵਜੂਦ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਸੜਕ ਸੁਰੱਖਿਆ ਹਫ਼ਤੇ ਦੇ ਮੱਦੇਨਜ਼ਰ ਇਨ੍ਹਾਂ ਨਜਾਇਜ਼ ਕਬਜ਼ਿਆਂ ਵਿਰੁੱਧ ਤੁਰੰਤ ਮੁਹਿੰਮ ਚਲਾਈ ਜਾਵੇ ਅਤੇ ਦੋਸ਼ੀ ਦੁਕਾਨਦਾਰਾਂ ਦੇ ਚਲਾਨ ਕੱਟੇ ਜਾਣ।
ਕੀ ਕਹਿਣਾ ਹੈ ਅਧਿਕਾਰੀਆਂ ਦਾ?
ਜਦੋਂ ਇਸ ਮਾਮਲੇ ਬਾਰੇ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਨਜਾਇਜ਼ ਕਬਜ਼ਿਆਂ ਅਤੇ ਬੋਰਡਾਂ ਵਿਰੁੱਧ ਜਲਦ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ।