← ਪਿਛੇ ਪਰਤੋ
ਮਾਮਲਾ ਐਫਸੀਆਈ ਵਿੱਚ ਲੱਗੇ ਟੋਟਾ ਚੌਲਾਂ ਘੁਟਾਲੇ ਦਾ: ਐਸਡੀਐਮ ਵੱਲੋਂ ਮੰਗੀ ਗਈ ਰਿਪੋਰਟ ਵਿੱਚ ਦੇਰੀ
ਦੀਪਕ ਜੈਨ
ਜਗਰਾਉਂ, 22 ਜੂਨ 2025 - ਬੀਤੇ ਦਿਨੀ ਅਖਬਾਰਾਂ ਦੀਆਂ ਸੁਰਖੀਆਂ ਬਣੇ ਐਫਸੀਆਈ ਵਿੱਚ ਲੱਗੇ ਸ਼ੈਲਰ ਮਾਲਕਾਂ ਦੇ ਟੋਟਾ ਚਾਵਲ ਘੁਟਾਲੇ ਨਾਲ ਸੰਬੰਧਿਤ ਪ੍ਰਕਾਸ਼ਿਤ ਖਬਰਾਂ ਤੋਂ ਬਾਅਦ ਇਸ ਮਾਮਲੇ ਨੇ ਪੂਰੀ ਤਰ੍ਹਾਂ ਤੂਲ ਫੜਿਆ ਹੋਇਆ ਹੈ। ਇਸ ਮਾਮਲੇ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਐਫਸੀਆਈ ਜਗਰਾਉਂ ਦੇ ਅਧਿਕਾਰੀਆਂ ਦੇ ਨਾਲ ਨਾਲ ਲੁਧਿਆਣਾ ਤੱਕ ਦੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਪੱਤਰਕਾਰਾਂ ਨੂੰ ਖਰੀਦਣ ਤੱਕ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। । ਇਥੋਂ ਤੱਕ ਕੀ ਇਸ ਘਪਲੇ ਨਾਲ ਸੰਬੰਧਿਤ ਸੈਲਰ ਮਾਲਕ ਵੀ ਆਪਣਾ ਏਡੀ ਚੋਟੀ ਦਾ ਜ਼ੋਰ ਲਗਾਉਂਦੇ ਹੋਏ ਕਰੋੜਾਂ ਰੁਪਏ ਦੇ ਇਸ ਘਪਲੇ ਤੇ ਪੜਦਾ ਪਾਉਂਦੇ ਹੋਏ ਆਪਣੇ ਆਪ ਨੂੰ ਪਾਕ ਸਾਫ ਸਾਬਿਤ ਕਰਨ ਦੇ ਨਾਲ ਨਾਲ ਪ੍ਰਕਾਸ਼ਿਤ ਖਬਰਾਂ ਨੂੰ ਰੋਕਣ ਦੇ ਲਈ ਹਰ ਸੰਭਵ ਯਤਨ ਕਰਦੇ ਨਜ਼ਰ ਆਏ। ਦੱਸ ਦਈਏ ਕਿ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਉਸ ਸਮੇਂ ਸਾਹਮਣੇ ਆਇਆ ਜਦੋਂ ਐਸਡੀਐਮ ਜਗਰਾਉਂ ਵੱਲੋਂ ਡੀਐਫਸੀ ਨੂੰ ਲਿਖਤ ਜਾਰੀ ਕਰਦਿਆਂ ਹੋਇਆਂ ਇਸ ਪੂਰੇ ਮਾਮਲੇ ਦੀ ਰਿਪੋਰਟ ਇਕ ਹਫਤੇ ਵਿੱਚ ਦੇਣ ਬਾਰੇ ਫਰਮਾਨ ਜਾਰੀ ਕੀਤਾ ਤਾਂ ਡੀਐਫਸੀ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਅੱਗੇ ਡੀਐਫਐਸਓ ਨੂੰ ਲਿਖਤ ਚਿੱਠੀ ਜਾਰੀ ਕੀਤੀ ਗਈ। ਇਸ ਰਿਪੋਰਟ ਬਾਰੇ ਫੂਡ ਸਪਲਾਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਡੀਐਫਐਸਓ ਦੀਆਂ ਚੋਣਾਂ ਵਿੱਚ ਡਿਊਟੀਆਂ ਲੱਗੇ ਹੋਣ ਦੇ ਕਾਰਨ ਰਿਪੋਰਟ ਬਣਾ ਕੇ ਨਹੀਂ ਭੇਜੀ ਜਾ ਸਕੀ। ਹੁਣ ਚੋਣਾਂ ਦੇ ਰਝੇਵੇ ਤੋਂ ਫਾਰਗ ਹੋਣ ਤੋਂ ਬਾਅਦ ਡੀਐਫਐਸਓ ਵੱਲੋਂ ਅੱਜ ਸੋਮਵਾਰ ਨੂੰ ਇਸ ਮਾਮਲੇ ਨਾਲ ਸੰਬੰਧਿਤ ਰਿਪੋਰਟ ਐਸਡੀਐਮ ਜਗਰਾਉਂ ਭੇਜੀ ਜਾਵੇਗੀ। ਹੁਣ ਵੇਖਣਾ ਹੋਵੇਗਾ ਕੀ ਇਸ ਰਿਪੋਰਟ ਵਿੱਚ ਕੀ ਨਿੱਤਰ ਕੇ ਆਉਂਦਾ ਹੈ।
Total Responses : 2606